Monday, 29 September 2025

ਹਸਪਤਾਲ ਢਾਹਾਂ ਕਲੇਰਾਂ ਵਿਖੇ 15 ਦਿਨਾਂ ਪੇਟ ਦੇ ਰੋਗਾਂ ਦੇ ਅਪਰੇਸ਼ਨਾਂ ਦਾ ਕੈਂਪ ਅਤੇ ਬੱਚਿਆਂ ਦੀਆਂ ਬਿਮਾਰੀਆਂ ਦਾ ਟੀਕਾਕਰਨ ਕੈਂਪ ਮਿਤੀ 1 ਅਕਤੂਬਰ ਤੋ ਆਰੰਭ

ਹਸਪਤਾਲ ਢਾਹਾਂ ਕਲੇਰਾਂ ਵਿਖੇ 15 ਦਿਨਾਂ ਪੇਟ ਦੇ ਰੋਗਾਂ ਦੇ ਅਪਰੇਸ਼ਨ ਕੈਂਪ ਅਤੇ ਬੱਚਿਆਂ ਦੀਆਂ ਬਿਮਾਰੀਆਂ ਦਾ ਟੀਕਾਕਰਨ ਕੈਂਪ ਮਿਤੀ 1 ਅਕਤੂਬਰ ਤੋ ਆਰੰਭ
ਬੰਗਾ 29 ਸਤੰਬਰ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਪੁਰਬ ਨੂੰ ਸਮਰਪਿਤ 15 ਦਿਨਾਂ ਪੇਟ ਦੇ ਰੋਗਾਂ ਦੇ ਅਪਰੇਸ਼ਨਾਂ ਦਾ ਕੈਂਪ ਅਤੇ ਬੱਚਿਆਂ ਦੀ ਜਾਂਚ ਤੇ ਬਿਮਾਰੀਆਂ ਦਾ ਟੀਕਾਕਰਨ ਕੈਂਪ ਮਿਤੀ 01 ਅਕਤੂਬਰ ਤੋ 15 ਅਕਤੂਬਰ ਤੱਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲਗਾਇਆ ਜਾ ਰਿਹਾ ਹੈ । ਇਹ ਜਾਣਕਾਰੀ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਮੀਡੀਆ ਨੂੰ ਦਿੱਤੀ । ਉਹਨਾਂ ਦੱਸਿਆ ਕਿ ਇਸ ਮੌਕੇ ਪੇਟ ਦੇ ਰੋਗਾਂ ਅਤੇ ਅਪਰੇਸ਼ਨਾਂ ਦੇ ਮਾਹਿਰ ਡਾ. ਮਾਨਵਦੀਪ ਸਿੰਘ ਬੈਂਸ ਐਮ. ਐਸ. (ਲੈਪਰੋਸਕੋਪਿਕ ਸਰਜਨ) ਅਤੇ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਹਰਤੇਸ਼ ਸਿੰਘ ਪਾਹਵਾ ਐਮ.ਡੀ. ਰੋਜ਼ਾਨਾ ਮਰੀਜ਼ਾਂ ਦਾ ਚੈੱਕਅੱਪ ਕਰਕੇ ਵਧੀਆ ਇਲਾਜ ਕਰਨਗੇ । 15 ਦਿਨਾਂ ਕੈਂਪ ਦੌਰਾਨ ਮਰੀਜ਼ ਦਾ ਚੈੱਕਅੱਪ ਕਾਰਡ ਮੁਫ਼ਤ ਬਣੇਗਾ । ਬੱਚਿਆਂ ਦੇ ਟੀਕਾਕਰਨ ਵਿਚ ਟਾਈਫਾਈਡ ਅਤੇ ਸਵਾਈਨ ਫਲੂ ਦੇ ਟੀਕੇ 50 ਫੀਸਦੀ ਛੋਟ ਅਤੇ ਖਸਰਾ, ਨਿਮੋਨੀਆ, ਰੋਟਾਵਾਇਰਸ, ਚਿਕਨਪੌਕਸ, ਹੈਪੇਟਾਈਟਸ, ਬੂਸਟਰਿਕਸ ਵੈਕਸੀਨ 20 ਫੀਸਦੀ ਛੋਟ 'ਤੇ ਲਗਾਈ ਜਾਵੇਗੀ। ਜਦ ਕਿ ਜਨਰਲ ਸਰਜਰੀ ਵਿਭਾਗ ਵਿਚ ਮਰੀਜ਼ਾਂ ਦੀ ਫਰੀ ਰਜਿਸਟਰੇਸ਼ਨ ਹੋਵੇਗੀ ਅਤੇ ਕੈਂਪ ਮਰੀਜ਼ਾਂ ਲਈ ਅਲਟਰਾ ਸਾਊਂਡ ਸਕੈਨ 300/- ਰੁਪਏ ਵਿਚ ਕੀਤੀ ਜਾਵੇਗੀ । ਇਸ ਤੋਂ ਇਲਾਵਾ ਸਰਜਰੀ ਵਿਭਾਗ ਦੇ ਮਰੀਜ਼ਾਂ ਨੂੰ ਲੈਬ ਟੈਸਟਾਂ ਸੀ.ਬੀ.ਸੀ. (CBC), ਐਲ.ਐਫ. ਟੀ. (LFT) ਅਤੇ ਲਿਪਡ ਪ੍ਰੋਫਾਈਲ ਟੈਸਟ (Lipid Profile) ਵਿਚ 50 ਫੀਸਦੀ ਛੋਟ ਪ੍ਰਦਾਨ ਕੀਤੀ ਜਾਵੇਗੀ। ਜਦ ਕਿ ਦੂਰਬੀਨ ਰਾਹੀਂ ਪਿੱਤੇ ਦੀ ਪੱਥਰੀ ਦਾ ਆਪਰੇਸ਼ਨ, ਹਰਨੀਆਂ ਦਾ ਆਪਰੇਸ਼ਨ, ਫਿਸ਼ਰ ਦਾ ਆਪਰੇਸ਼ਨ, ਅਪੈਂਡਿਕਸ ਦਾ ਆਪਰੇਸ਼ਨ, ਹਾਈਡਰੋਸੀਲ ਦਾ ਆਪਰੇਸ਼ਨ, ਲੱਤਾਂ ਦੀਆਂ ਫ਼ੁੱਲੀਆਂ ਨਸਾਂ ਦਾ ਆਪਰੇਸ਼ਨ, ਬਵਾਸੀਰ ਦਾ ਆਪਰੇਸ਼ਨ ਅਤੇ ਭਗੰਦਰ ਦਾ ਆਪਰੇਸ਼ਨ ਰਿਆਇਤੀ ਪੈਕਜ ਦਰਾਂ ਵਿਚ ਕੀਤੇ ਜਾਣਗੇ । ਡਾ. ਢਾਹਾਂ ਵੱਲੋਂ ਲੋੜਵੰਦ ਮਰੀਜ਼ਾਂ ਨੂੰ  01 ਅਕਤੂਬਰ ਤੋਂ ਆਰੰਭ ਹੋਣ ਵਾਲੇ 15 ਦਿਨਾਂ ਕੈਂਪ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਦੀ ਅਪੀਲ ਕੀਤੀ ਗਈ ਹੈ । ਇਸ ਮੌਕੇ ਡਾ ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਡਾ. ਮਾਨਵਦੀਪ ਸਿੰਘ ਬੈਂਸ ਐਮ. ਐਸ. (ਲੈਪਰੋਸਕੋਪਿਕ ਸਰਜਨ), ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਹਰਤੇਸ਼ ਸਿੰਘ ਪਾਹਵਾ ਐਮ ਡੀ ਅਤੇ ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਵੀ  ਹਾਜ਼ਰ ਸਨ।
ਤਸਵੀਰ :- ਹਸਪਤਾਲ ਢਾਹਾਂ ਕਲੇਰਾਂ ਵਿਖੇ ਲੱਗ ਰਹੇ 15 ਦਿਨਾਂ ਪੇਟ ਦੇ ਰੋਗਾਂ ਦੇ ਅਪਰੇਸ਼ਨਾਂ ਦਾ ਕੈਂਪ ਤੇ ਬੱਚਿਆਂ ਦੀਆਂ ਬਿਮਾਰੀਆਂ ਦਾ ਟੀਕਾਕਰਨ ਕੈਂਪ ਦੀ ਜਾਣਕਾਰੀ ਦਿੰਦੇ ਡਾ. ਕੁਲਵਿੰਦਰ ਸਿੰਘ ਢਾਹਾਂ

Saturday, 27 September 2025

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਲਈ ਦੋ ਦਿਨਾਂ ਵਿਦਿਆਰਥੀ ਸ਼ਖਸ਼ੀਅਤ ਉਸਾਰੀ ਕੈਂਪ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਲਈ ਦੋ ਦਿਨਾਂ ਵਿਦਿਆਰਥੀ ਸ਼ਖਸ਼ੀਅਤ ਉਸਾਰੀ ਕੈਂਪ
ਬੰਗਾ 27 ਸਤੰਬਰ () ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਲਈ ਸਿੱਖੀ ਦੇ ਪ੍ਰਚਾਰ-ਪਸਾਰ ਲਈ ਯਤਨਸ਼ੀਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਰੋਪੜ-ਨਵਾਂਸ਼ਹਿਰ ਜ਼ੋਨ ਵੱਲੋਂ ਨੌਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਦੋ ਦਿਨਾਂ ਵਿਦਿਆਰਥੀ ਸ਼ਖਸ਼ੀਅਤ ਉਸਾਰੀ  ਕੈਂਪ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਢਾਹਾਂ ਕਲੇਰਾਂ  ਲਗਾਇਆ ।  ਇਸ ਕੈਂਪ ਵਿਚ 160 ਤੋਂ ਵਧੇਰੇ ਨਰਸਿੰਗ ਵਿਦਿਆਰਥੀਆਂ ਨੇ ਹਿੱਸਾ ਲਿਆ ।
    ਵਿਦਿਆਰਥੀ ਸ਼ਖਸੀਅਤ ਉਸਾਰੀ ਕੈਂਪ ਦੀ ਆਰੰਭਤਾ ਦੀ ਆਰੰਭਤਾ ਮੂਲ ਮੰਤਰ, ਵਾਹਿਗੁਰੂ ਜਾਪ ਅਤੇ ਗੁਰਬਾਣੀ ਕੀਰਤਨ ਨਾਲ ਹੋਈ । ਇਸ ਮੌਕੇ  ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਨੇ ਨਾਲ-ਨਾਲ ਆਪਣੀ  ਸ਼ਖਸੀਅਤ ਨੂੰ ਉਸਾਰੂ ਬਣਾਉਣਾ ਵੀ ਬਹੁਤ ਜ਼ਰੂਰੀ ਹੈ । ਉਹਨਾਂ ਕਿਹਾ ਕਿ ਇਹ ਕੈਂਪ ਗੁਰਮਤਿ ਦੀ ਸੋਝੀ ਹਾਸਲ ਕਰਨ ਅਤੇ ਵਿਦਿਆਰਥੀਆਂ ਦੀ ਸ਼ਖਸ਼ੀਅਤ ਉਸਾਰੀ ਵਿਚ ਅਹਿਮ ਯੋਗਦਾਨ ਪਾਵੇਗਾ । ਡਾ. ਢਾਹਾਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਢਾਹਾਂ ਕਲੇਰਾਂ ਵਿਖੇ ਵਿਦਿਆਰਥੀ ਸ਼ਖਸੀਅਤ ਉਸਾਰੀ ਕੈਂਪ ਲਗਾਉਣ ਦੇ ਕਾਰਜ ਦੀ ਪ੍ਰਸੰਸਾ ਕਰਦੇ ਹੋਏ, ਇਹਨਾਂ ਕੈਂਪਾਂ ਨੂੰ ਵੱਧ ਤੋਂ ਵੱਧ ਲਗਾਉਣ ਲਈ ਪ੍ਰੇਰਿਤ ਕੀਤਾ ।
       ਕੈਂਪ ਦੇ ਪਹਿਲੇ ਦਿਨ ਸ. ਹਰਜੀਤ ਸਿੰਘ ਸਟੇਟ ਪ੍ਰਧਾਨ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਸਿੱਖਿਆਵਾਂ ਵਿਸ਼ੇ ਉੱਤੇ ਅਤੇ ਡਾਕਟਰ ਮਿਹਰਪ੍ਰੀਤ ਸਿੰਘ ਫਗਵਾੜਾ ਦੁਆਰਾ ਪਰਸਨੈਲਿਟੀ ਮੈਥ ਵਿਸ਼ੇ ਉੱਤੇ ਬੇਸ਼ਕੀਮਤੀ ਵਿਚਾਰਾਂ ਦੀ ਸਾਂਝ ਪਾਈ ਗਈ ।  ਦੂਜੇ ਦਿਨ ਸ. ਬਿਕਰਮਜੀਤ ਸਿੰਘ ਪ੍ਰਧਾਨ ਰੂਪ ਨਗਰ-ਸ਼ਹੀਦ ਭਗਤ ਸਿੰਘ ਨਗਰ ਜੋਨ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਵਿਦਿਆਰਥੀਆਂ ਨੂੰ ਸਦਾ ਵਿਗਾਸ ਵਿਸ਼ੇ 'ਤੇ ਅਤੇ ਸ. ਤੇਜਿੰਦਰ ਸਿੰਘ ਖਿਜਰਾਬਾਦੀ ਡਾਇਰੈਕਟਰ ਸਿੱਖ ਬੁੱਕ ਟਰੱਸਟ ਇੰਟਰਨੈਸ਼ਨਲ ਨੇ ਸਿੱਖ ਧਰਮ ਵਿੱਚ ਔਰਤ ਦਾ ਸਥਾਨ ਅਤੇ ਕਰਤੱਵ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕੀਤੇ । ਇਸ ਮੌਕੇ  ਸ. ਹਰਮੋਹਿੰਦਰ ਸਿੰਘ ਨੰਗਲ ਦੁਆਰਾ ਨੈਤਿਕ ਕਦਰਾਂ ਕੀਮਤਾਂ ਵਿਸ਼ੇ ਤੇ ਸੰਬੋਧਨ ਕਰਦੇ ਹੋਏ ਵਿਦਿਆਰਥੀ ਸ਼ਖਸ਼ੀਅਤ ਉਸਾਰੀ ਕੈਂਪਾਂ ਦੇ ਮਨੋਰਥ ਬਾਰੇ ਜਾਣਕਾਰੀ ਦਿੱਤੀ । ਵਿਦਿਆਰਥੀ ਸ਼ਖਸ਼ੀਅਤ ਉਸਾਰੀ ਕੈਂਪ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਵੀ ਵੱਖ ਵੱਖ ਵਿਸ਼ਿਆਂ 'ਤੇ ਵਿਚਾਰ ਪੇਸ਼ ਕੀਤੇ ਅਤੇ ਦੋ ਦਿਨਾਂ ਕੈਂਪ ਵਿਚ ਮਿਲੀ ਸਿੱਖਿਆ ਬਾਰੇ ਗੱਲਬਾਤ ਕਰਦੇ ਆਪਣੇ  ਸੁਝਾਅ ਵੀ ਦਿੱਤੇ । ਦੋਵੇਂ ਦਿਨ ਬੱਚਿਆਂ ਨਾਲ ਸਵਾਲ-ਜਵਾਬ ਸੈਸ਼ਨ ਕੀਤਾ ਗਿਆ ਅਤੇ ਜੀਵਨ ਨੂੰ ਸੇਧ ਅਤੇ ਮਨੋਰਥ ਦੇਣ ਵਾਲੀ ਫਿਲਮ ਵੀ ਵਿਖਾਈ ਗਈ । ਇਸ ਮੌਕੇ ਮੈਡਮ ਰਮਨਦੀਪ ਕੌਰ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਨੇ ਸਮੂਹ ਕੈਂਪ ਪ੍ਰਬੰਧਕਾਂ ਅਤੇ ਟਰੱਸਟ ਪ੍ਰਬੰਧਕ ਕਮੇਟੀ ਦਾ ਵਿਦਿਆਰਥੀ ਸ਼ਖਸ਼ੀਅਤ ਉਸਾਰੀ ਕੈਂਪ ਲਗਾਉਣ ਲਈ ਹਾਰਦਿਕ ਧੰਨਵਾਦ ਕੀਤਾ ।  ਕੈਂਪ ਦੀ ਸਮਾਪਤੀ ਮੌਕੇ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਟਰੱਸਟ ਵੱਲੋਂ ਵਿਚ ਵੱਖ-ਵੱਖ ਸ਼ੈਸ਼ਨਾਂ ਵਿਚ ਉੱਤਮ ਪੇਸ਼ਕਾਰੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਯਾਦ ਚਿੰਨ੍ਹ  ਦੇ ਕੇ ਸਨਮਾਨਿਤ ਵੀ ਕੀਤਾ ਗਿਆ ਅਤੇ ਸਟੇਜ ਤੇ ਉਹਨਾਂ ਦਾ ਸਹਿਯੋਗ  ਸ. ਤੇਜਿੰਦਰ ਸਿੰਘ ਖਿਜਰਾਬਾਦੀ ਨੇ ਦਿੱਤਾ । ਸ. ਹਰਮੋਹਿੰਦਰ ਸਿੰਘ ਨੰਗਲ ਨੇ ਦੋਵੇਂ ਦਿਨ ਬਾਖੂਬੀ ਸਟੇਜ ਦੀ ਸੰਚਾਲਨ ਕੀਤਾ ।  ਦੋ ਦਿਨਾਂ ਵਿਦਿਆਰਥੀ ਸ਼ਖਸ਼ੀਅਤ ਉਸਾਰੀ ਕੈਂਪ ਨੂੰ ਸਫਲ ਕਰਨ ਲਈ ਭਾਈ ਜੋਗਾ ਸਿੰਘ ਹਜ਼ੂਰੀ ਰਾਗੀ, .ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਭਾਈ ਮਨਜੀਤ ਸਿੰਘ, ਬੀਬੀ ਜਸਵੀਰ ਕੌਰ ਰੋਪੜ, ਬੀਬੀ ਸਤਿੰਦਰਪਾਲ ਕੌਰ ਨੰਗਲ, ਮੈਡਮ ਗੁਰਦੀਪ ਕੌਰ ਅਤੇ ਮੈਡਮ ਰੀਤੂ ਦਾ ਵਿਸ਼ੇਸ਼ ਯੋਗਦਾਨ ਰਿਹਾ ।
ਫੋਟੋ ਕੈਪਸ਼ਨ :-  ਢਾਹਾਂ ਕਲੇਰਾਂ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਦੋ ਰੋਜ਼ਾ ਵਿਦਿਆਰਥੀ ਸ਼ਖਸੀਅਤ ਉਸਾਰੀ ਕੈਂਪ ਦੀਆਂ ਝਲਕੀਆਂ

Monday, 22 September 2025

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਹਾਨ ਗੁਰਮਤਿ ਸਮਾਗਮ ਅੱਜ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਹਾਨ ਗੁਰਮਤਿ ਸਮਾਗਮ ਅੱਜ
ਬੰਗਾ 22 ਸਤੰਬਰ () ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ  ਦੀ 350 ਸਾਲਾ ਸ਼ਤਾਬਦੀ ਸ਼ਹੀਦੀ ਪੁਰਬ (ਸਾਕਾ-ਏ-ਚਾਂਦਨੀ ਚੌਂਕ) ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਮਹਾਨ ਕੀਰਤਨ ਦਰਬਾਰ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਅੱਜ 23 ਸਤੰਬਰ ਦਿਨ ਮੰਗਲਵਾਰ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ । ਇਹ ਜਾਣਕਾਰੀ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦਿੰਦੇ ਦੱਸਿਆ ਕਿ ਅੱਜ 23 ਸਤੰਬਰ ਦਿਨ ਮੰਗਲਵਾਰ ਸ਼ਾਮ 5.30 ਤੋਂ ਰਾਤ 9 ਵਜੇ ਤੱਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਹਾਨ ਗੁਰਮਤਿ ਸਮਾਗਮ ਦਾ ਆਯੋਜਨ ਹੋਵੇਗਾ । ਜਿਸ ਵਿੱਚ ਪੰਥ ਦੇ ਪ੍ਰਸਿੱਧ ਕੀਰਤੀਨੇ ਭਾਈ ਸ਼ੁੱਭਦੀਪ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ  ਪ੍ਰਸਿੱਧ ਕਥਾਵਾਚਕ ਡਾ. ਸਰਬਜੀਤ ਸਿੰਘ ਰੇਣਕਾ ਲੁਧਿਆਣੇ ਵਾਲਿਆਂ ਵੱਲੋਂ ਕਥਾ - ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਜਾਵੇਗਾ। ਸਮਾਗਮ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ । ਇਸ ਮੌਕੇ ਭਾਈ ਜੋਗਾ ਸਿੰਘ ਹਜ਼ੂਰੀ ਰਾਗੀ, ਸ. ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ ਵੀ ਹਾਜ਼ਰ ਸਨ ।
ਕੈਪਸ਼ਨ - ਮਹਾਨ ਗੁਰਮਤਿ ਸਮਾਗਮ ਦੀ ਜਾਣਕਾਰੀ ਦਿੰਦੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ  

Wednesday, 17 September 2025

ਜਿਗਰ ਖਰਾਬ ਕਾਰਨ ਕੋਮਾ 'ਚ ਗਈ 17 ਸਾਲਾਂ ਲੜਕੀ ਦਾ ਢਾਹਾਂ ਕਲੇਰਾਂ ਹਸਪਤਾਲ ਵਿੱਚ ਹੋਇਆ ਸਫ਼ਲ ਇਲਾਜ

ਜਿਗਰ ਖਰਾਬ ਕਾਰਨ ਕੋਮਾ 'ਚ ਗਈ 17 ਸਾਲਾਂ ਲੜਕੀ ਦਾ ਢਾਹਾਂ ਕਲੇਰਾਂ ਹਸਪਤਾਲ ਵਿੱਚ ਹੋਇਆ ਸਫ਼ਲ ਇਲਾਜ
ਬੰਗਾ 17 ਸਤੰਬਰ () ਪਿਛਲੇ ਚਾਰ ਦਹਾਕਿਆਂ ਤੋਂ ਮਿਆਰੀ ਸਿਹਤ ਸਹੂਲਤਾਂ ਲਈ ਜਾਣੀ ਜਾਂਦੀ ਪੰਜਾਬ ਦੀ ਮੋਹਰੀ ਸਿਹਤ ਸੰਸਥਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੈਡੀਕਲ ਵਿਭਾਗ ਦੇ ਮੁਖੀ ਡਾ. ਵਿਵੇਕ ਗੁੰਬਰ ਅਤੇ ਉਨ੍ਹਾਂ ਦੀ ਟੀਮ ਜਿਗਰ ਦੀ ਬਿਮਾਰੀ ਕਾਰਨ ਕੋਮਾ ਵਿੱਚ ਗਈ ਸਤਾਰਾਂ ਸਾਲ ਉਮਰ ਦੀ ਮਰੀਜ਼ ਲੜਕੀ ਦਾ ਸਫਲ ਇਲਾਜ ਕਰਕੇ ਉਸ ਨੂੰ ਮੌਤ ਦੇ ਮੂੰਹ 'ਚੋਂ ਬਾਹਰ ਕੱਢਣ ਵਿੱਚ ਕਾਮਯਾਬ ਰਹੀ ਹੈ । ਡਾ. ਵਿਵੇਕ ਗੁੰਬਰ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਕਤ ਮਰੀਜ਼ ਨੂੰ ਕੋਮਾ ਦੀ ਹਾਲਤ ਵਿੱਚ ਬੇਹੱਦ ਮਾੜੀ ਸਥਿਤੀ ਵਿੱਚ ਹਸਪਤਾਲ ਵਿਖੇ ਲਿਆਂਦਾ ਗਿਆ ਸੀ । ਜਿਗਰ ਦੀ ਸੋਜਿਸ਼ ਕਾਰਨ ਉਸ ਨੂੰ ਪੀਲੀਆ ਹੋ ਚੁੱਕਾ ਸੀ ਤੇ ਜਿਸ ਦਾ ਅਸਰ ਇਹ ਹੋਇਆ ਕਿ ਉਹ ਗਰੇਡ ਚਾਰ ਹੈਪਾਟਿਕ ਐਨਸੈਫਲੋਪੈਥੀ ਦੇ ਅਸਰ ਕਾਰਨ ਦਿਮਾਗ 'ਤੇ ਪਏ ਬਹੁਤ ਬੁਰੇ ਪ੍ਰਭਾਵਾਂ ਕਾਰਨ ਉਹ ਕੋਮਾ ਵਿੱਚ ਪਹੁੰਚ ਗਈ ਸੀ । ਮਰੀਜ਼ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਆਈ.ਸੀ.ਯੂ. ਵਿਭਾਗ ਵਿੱਚ ਭਰਤੀ ਕਰਕੇ ਇਲਾਜ ਸ਼ੁਰੂ ਕੀਤਾ ਗਿਆ । ਡਾਕਟਰੀ ਟੀਮ ਦੀ ਦਿਨ-ਰਾਤ ਦੀ ਮਿਹਨਤ ਰੰਗ ਲਿਆਈ ਛੇ ਦਿਨ ਆਈ.ਸੀ.ਯੂ. ਅਤੇ ਤਿੰਨ ਦਿਨ ਪ੍ਰਾਈਵੇਟ ਵਾਰਡ ਵਿੱਚ ਇਲਾਜ ਤੋਂ ਬਾਅਦ ਇਹ ਨੌਜਵਾਨ ਲੜਕੀ ਹੁਣ ਤੰਦਰੁਸਤ ਹੈ । ਇਸ ਮੌਕੇ ਮਰੀਜ਼ ਦੇ ਪਰਿਵਾਰਜਨਾਂ ਨੇ ਹਸਪਤਾਲ ਢਾਹਾਂ ਕਲੇਰਾਂ ਦੇ ਮੈਡੀਕਲ ਸਪੈਸ਼ਲਿਸਟ ਡਾ. ਵਿਵੇਕ ਗੁੰਬਰ, ਸਮੂਹ ਮੈਡੀਕਲ ਅਫਸਰਾਂ, ਨਰਸਿੰਗ ਸਟਾਫ ਅਤੇ  ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਵੀ ਡਾਕਟਰੀ ਟੀਮਾਂ ਦੀ ਯੋਗ ਰਹਿਨੁਮਾਈ ਲਈ ਧੰਨਵਾਦ ਕੀਤਾ । ਜ਼ਿਕਰਯੋਗ ਹੈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇੱਕ ਛੱਤ ਹੇਠਾਂ 14 ਤੋਂ ਵਧੇਰੇ ਡਾਕਟਰੀ ਵਿਭਾਗ 24 ਘੰਟੇ ਕਾਰਜਸ਼ੀਲ਼ ਹਨ ਜਿੱਥੇ ਦੇ ਮਾਹਿਰ ਡਾਕਟਰ ਸਾਹਿਬਾਨਾਂ ਵੱਲੋਂ ਮਰੀਜ਼ਾਂ ਦਾ ਮਿਆਰੀ ਇਲਾਜ ਕੀਤਾ ਰਿਹਾ ਹੈ।
ਫੋਟੋ ਕੈਪਸ਼ਨ : ਤੰਦਰੁਸਤ ਹੋਏ ਮਰੀਜ਼ ਨਾਲ ਡਾ. ਵਿਵੇਕ ਗੁੰਬਰ ਤੇ ਹਸਪਤਾਲ ਸਟਾਫ

ਜ਼ਿਲ੍ਹਾ ਪੱਧਰੀ ਮਹਾਨ ਕੀਰਤਨ ਦਰਬਾਰ ਨੂੰ ਸਮਰਪਿਤ ਗੁਰਮਤਿ ਸਮਾਗਮ 23 ਸਤੰਬਰ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ

ਜ਼ਿਲ੍ਹਾ ਪੱਧਰੀ ਮਹਾਨ ਕੀਰਤਨ ਦਰਬਾਰ ਨੂੰ ਸਮਰਪਿਤ ਗੁਰਮਤਿ ਸਮਾਗਮ 23 ਸਤੰਬਰ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ
ਬੰਗਾ 17 ਸਤੰਬਰ () ਗੁਰੂ ਨਾਨਕ ਦੇਵ ਜੀ ਦੇ 556 ਸਾਲਾ ਪ੍ਰਕਾਸ਼ ਪੁਰਬ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ  ਦੀ 350 ਸਾਲਾ ਸ਼ਤਾਬਦੀ ਸ਼ਹੀਦੀ ਪੁਰਬ (ਸਾਕਾ-ਏ-ਚਾਂਦਨੀ ਚੌਂਕ) ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਮਹਾਨ ਕੀਰਤਨ ਦਰਬਾਰ ਨੂੰ ਸਮਰਪਿਤ 23 ਸਤੰਬਰ ਦਿਨ ਮੰਗਲਵਾਰ ਨੂੰ  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਹੋਣ ਵਾਲੇ ਮਹਾਨ ਗੁਰਮਤਿ ਸਮਾਗਮ ਦਾ ਬੈਨਰ ਜਾਰੀ ਕੀਤਾ ਗਿਆ ਅਤੇ ਸਮਾਗਮ ਦੀ ਤਿਆਰੀ ਸਬੰਧੀ ਵਿਸ਼ੇਸ਼ ਇਕੱਤਰਤਾ ਹੋਈ । ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਮਹਾਨ ਕੀਰਤਨ ਦਰਬਾਰ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ 23 ਸਤੰਬਰ ਦਿਨ ਮੰਗਲਵਾਰ ਸ਼ਾਮ 5.30 ਤੋਂ ਰਾਤ 9 ਵਜੇ ਤੱਕ  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਹੋਵੇਗਾ । ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਭਾਈ ਸ਼ੁੱਭਦੀਪ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਪੰਥ ਪ੍ਰਸਿੱਧ ਕਥਾਵਾਚਕ ਡਾ. ਸਰਬਜੀਤ ਸਿੰਘ ਰੇਣਕਾ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰਬਾਣੀ ਕਥਾ ਦੁਆਰਾ ਨਿਹਾਲ ਕਰਨਗੇ।  ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ । ਸ. ਢਾਹਾਂ ਨੇ ਦੱਸਿਆ ਕਿ ਇਹ ਗੁਰਮਤਿ ਸਮਾਗਮ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ । ਉਹਨਾਂ ਨੇ ਮਹਾਨ ਗੁਰਮਤਿ ਸਮਾਗਮ ਵਿਚ ਇਲਾਕਾ ਨਿਵਾਸੀ ਸੰਗਤਾਂ ਨੂੰ ਪੁੱਜਣ ਦੀ ਅਪੀਲ ਕੀਤੀ । ਸਮਾਗਮ ਦਾ ਬੈਨਰ ਜਾਰੀ ਕਰਨ ਮੌਕੇ ਭਾਈ ਜੋਗਾ ਸਿੰਘ ਹਜ਼ੂਰੀ ਰਾਗੀ, ਸ. ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ,  ਪ੍ਰਿੰਸੀਪਲ ਰਮਨਦੀਪ ਕੌਰ  ਗੁਰੂ ਨਾਨਕ ਕਾਲਜ ਆਫ ਨਰਸਿੰਗ, ਜਸਵੀਰ ਸਿੰਘ, ਸੁਰਜੀਤ ਸਿੰਘ, ਭੁਪਿੰਦਰ ਸਿੰਘ ਵੀ ਹਾਜ਼ਰ ਸਨ ।
ਕੈਪਸ਼ਨ- ਮੀਟਿੰਗ ਉਪਰੰਤ  ਗੁਰਮਤਿ ਸਮਾਗਮ ਦਾ ਬੈਨਰ ਜਾਰੀ ਕਰਨ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ 

Saturday, 13 September 2025

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਕਨਵ ਸ਼ਰਮਾ ਸੀਨੀਅਰ ਡਾਈਟੀਸ਼ੀਅਨ ਨਿਯੁਕਤ

*ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਕਨਵ ਸ਼ਰਮਾ ਸੀਨੀਅਰ ਡਾਈਟੀਸ਼ੀਅਨ ਨਿਯੁਕਤ*
ਬੰਗਾ 13 ਸਤੰਬਰ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾਈਟੀਸ਼ੀਅਨ ਵਿਭਾਗ ਵਿਚ ਡਾ. ਕਨਵ ਸ਼ਰਮਾ ਨੂੰ ਸੀਨੀਅਰ ਡਾਈਟੀਸ਼ੀਅਨ ਨਿਯੁਕਤ ਕੀਤਾ ਗਿਆ ਹੈ ਅਤੇ ਉਹਨਾਂ ਨੇ ਆਪਣਾ ਕਾਰਜ ਭਾਰ ਸੰਭਾਲ ਕੇ ਕੰਮ ਕਰਨਾ ਆਰੰਭ ਕਰ ਦਿੱਤਾ ਹੈ । ਇਹ ਜਾਣਕਾਰੀ ਹਸਪਤਾਲ ਪ੍ਰਬੰਧਕ ਡਾ. ਕੁਲਵਿੰਦਰ ਸਿੰਘ ਢਾਹਾਂ ਕਲੇਰਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦਿੱਤੀ । ਉਹਨਾਂ ਦੱਸਿਆ ਕਿ ਸਿਹਤ ਸੇਵਾਵਾਂ ਦੇ ਖੇਤਰ ਵਿਚ ਡਾ. ਕਨਵ ਸ਼ਰਮਾ ਮਾਹਿਰ ਡਾਈਟੀਸ਼ੀਅਨ ਹਨ ਅਤੇ ਉਹਨਾਂ ਫੂਡ ਐਂਡ ਨਿਊਟ੍ਰੀਸ਼ਨ ਵਿਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੋਈ ਹੈ । ਇਸ ਤੋਂ ਇਲਾਵਾ ਉਹਨਾਂ ਨੇ ਟੈਸਮਾਨ ਇੰਟਰਨੈਸ਼ਨਲ ਆਕਲੈਂਡ, ਨਿਊਜ਼ੀਲੈਂਡ ਅਤੇ ਸੀ.ਪੀ.ਡੀ. ਯੂ.ਕੇ ਤੋਂ ਮਾਨਤਾ ਪ੍ਰਾਪਤ ਵਿਸ਼ੇਸ਼ ਕੋਰਸ ਕੀਤੇ ਹਨ । ਡਾ. ਢਾਹਾਂ ਨੇ ਅੱਗੇ ਦੱਸਿਆ ਕਿ ਚੰਗੀ ਸਿਹਤ ਤੇ ਪੌਸ਼ਟਿਕ ਖ਼ੁਰਾਕ ਦਾ ਤਾਲਮੇਲ, ਲੋਕਾਂ ਦੀ ਜ਼ਿੰਦਗੀ 'ਚ ਭੱਜ-ਦੌੜ ਤੇ ਤਣਾਅ ਵੱਧ ਰਿਹਾ ਹੈ, ਤਾਂ ਤੰਦਰੁਸਤ ਰਹਿਣ ਲਈ ਸਹੀ ਖੁਰਾਕ ਸਬੰਧੀ ਸਲਾਹ ਪ੍ਰਾਪਤ ਕਰਨ ਲਈ ਡਾਇਟੀਸ਼ੀਅਨ ਦੀ ਬਹੁਤ ਜ਼ਰੂਰਤ ਹੁੰਦੀ ਹੈ । ਡਾ. ਕਨਵ ਸ਼ਰਮਾ ਸੀਨੀਅਰ ਡਾਈਟੀਸ਼ੀਅਨ ਹਰ ਸੋਮਵਾਰ ਨੂੰ 09 ਤੋਂ 03 ਵਜੇ ਤੱਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੇ ਰੋਗ, ਗਰਭਵਤੀ ਮਹਿਲਾਵਾਂ, ਨਵਜਾਤ ਬੱਚਿਆਂ ਲਈ ਅਤੇ ਵਡੇਰੀ ਉਮਰ ਦੇ ਬਜ਼ੁਰਗਾਂ ਲਈ ਉਹਨਾਂ ਦੀ ਬਿਮਾਰੀ ਅਨੁਸਾਰ ਸਹੀ ਖਾਣ-ਪੀਣ, ਮਾਨਸਿਕ ਤਣਾਅ ਦੇ ਮਰੀਜ਼ਾਂ, ਅਪਰੇਸ਼ਨ ਬਾਅਦ ਸੁਤੰਲਿਤ ਖੁਰਾਕ, ਖਿਡਾਰੀਆਂ, ਮੋਟਾਪੇ ਦੇ ਸ਼ਿਕਾਰ ਤੇ ਹੋਰ ਸਰੀਰਕ ਬਿਮਾਰੀਆਂ ਦੇ ਮਰੀਜ਼ਾਂ ਨੂੰ‍ ਮਿਲਿਆ ਕਰਨਗੇ ।
ਤਸਵੀਰ : ਡਾ. ਕਨਵ ਸ਼ਰਮਾ ਹਸਪਤਾਲ ਢਾਹਾਂ ਕਲੇਰਾਂ ਵਿਖੇ ਉ. ਪੀ. ਡੀ. ਵਿੱਚ

Monday, 8 September 2025

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਿਸ਼ਵ ਫਿਜ਼ੀਉਥੈਰਾਪੀ ਦਿਵਸ ਮਨਾਇਆ ਗਿਆ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਿਸ਼ਵ  ਫਿਜ਼ੀਉਥੈਰਾਪੀ ਦਿਵਸ ਮਨਾਇਆ ਗਿਆ
ਬੰਗਾ 8 ਸਤੰਬਰ  () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਥਾਪਿਤ ਫਿਜ਼ੀਉਥੈਰਾਪੀ ਵਿਭਾਗ ਵਿਚ ਅੱਜ ਵਿਸ਼ਵ ਫਿਜ਼ੀਉਥੈਰਾਪੀ ਦਿਵਸ ਮਨਾਇਆ ਗਿਆ । ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਕੁਲਵਿੰਦਰ ਸਿੰਘ ਢਾਹਾਂ  ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਸਨ ਅਤੇ ਪ੍ਰਧਾਨਗੀ ਮੰਡਲ ਵਿਚ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਡਾ. ਬਲਵਿੰਦਰ ਸਿੰਘ ਡੀ ਐਮ ਐਸ, ਸ.ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ,  ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ ਅਤੇ ਮੈਡਮ ਸਰਬਜੀਤ ਕੌਰ ਡੀ ਐਨ ਐਸ ਸ਼ਾਮਿਲ ਸਨ।  ਇਸ ਮੌਕੇ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਜੀ ਨੇ ਵਿਸ਼ਵ ਫਿਜ਼ੀਉਥੈਰਾਪੀ ਦਿਵਸ ਦੀਆਂ ਵਧਾਈਆਂ ਦਿੰਦੇ ਕਿਹਾ ਫਿਜ਼ੀਉਥੈਰਾਪੀ ਇਲਾਜ ਪ੍ਰਣਾਲੀ ਸਰੀਰ ਨੂੰ ਤੰਦਰੁਸਤ ਕਰਨ ਵਿਚ ਅਹਿਮ ਰੋਲ ਅਦਾ ਕਰਦੀ ਹੈ । ਫਿਜ਼ੀਉਥੈਰਾਪੀ ਐਕਸਰਸਾਈਜ਼ਾਂ ਸਰੀਰ ਦੇ ਕਈ ਪ੍ਰਕਾਰ ਦੇ ਗੁੰਝਲਦਾਰ ਰੋਗਾਂ ਅਤੇ ਅਪਰੇਸ਼ਨਾਂ ਤੋਂ ਬਾਅਦ ਮਰੀਜ਼ਾਂ ਨੂੰ ਚੱਲਣ ਫਿਰਨ ਦੇ ਕਾਬਲ ਬਣਾਉਣ ਅਤੇ ਸਿਹਤਯਾਬ ਕਰਨ ਲਈ ਬਹੁਤ ਕਾਮਯਾਬ ਹਨ । ਇਸ ਮੌਕੇ ਹਸਪਤਾਲ ਦੇ ਫਿਜ਼ੀਉਥੈਰਾਪੀ ਮਾਹਿਰਾਂ ਡਾ. ਰਵੀਨਾ, ਡਾ ਤਨਪ੍ਰੀਤ ਕੌਰ ਅਤੇ ਡਾ. ਜ਼ੁਬੈਰ ਅਹਿਮਦ ਭੱਟ ਨੇ ਵਿਸ਼ਵ ਫਿਜ਼ੀਉਥੈਰਾਪੀ ਦਿਵਸ ਬਾਰੇ ਚਾਨਣਾ ਪਾਉਂਦੇ ਇਸ ਦੀ ਮਹੱਤਤਾ ਅਤੇ ਮੈਡੀਕਲ ਖੇਤਰ ਵਿਚ ਇਸ ਦੀ ਵੱਧ ਰਹੀ ਜ਼ਰੂਰਤ ਬਾਰੇ ਵਿਸਥਾਰ ਸਹਿਤ ਜਾਣਕਾਰੀ ਹਾਜ਼ਰੀਨ ਨਾਲ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਸਾਲ 2025 ਦੇ ਵਿਸ਼ਵ ਫਿਜ਼ੀਓਥੈਰੇਪੀ ਦਿਵਸ ਦਾ ਥੀਮ "ਸਿਹਤਮੰਦ ਬਜ਼ੁਰਗ " ਹੈ, ਜਿਸ ਵਿੱਚ ਬਜ਼ੁਰਗਾਂ ਵਿੱਚ ਕਮਜ਼ੋਰੀ ਅਤੇ ਡਿੱਗਣ ਨੂੰ ਰੋਕਣ 'ਤੇ ਖਾਸ ਧਿਆਨ ਦਿੱਤਾ ਗਿਆ ਹੈ । ਇਹ ਥੀਮ ਲੋਕਾਂ ਦੀ ਉਮਰ ਵਧਣ ਦੇ ਨਾਲ-ਨਾਲ ਉਹਨਾਂ ਦੀ ਤਾਕਤ, ਸੰਤੁਲਨ ਅਤੇ ਗਤੀਸ਼ੀਲਤਾ ਨੂੰ ਬਣਾਈ ਰੱਖਣ ਵਿੱਚ ਫਿਜ਼ੀਓਥੈਰੇਪੀ ਦੀ ਮਹੱਤਵਪੂਰਨ ਭੂਮਿਕਾ ਨੂੰ ਪੇਸ਼ ਕਰਦਾ ਹੈ, ਜਿਸ ਨਾਲ ਉਨ੍ਹਾਂ ਦੇ ਰੋਜ਼ਾਨਾ ਜੀਵਨ ਦੀ ਸਮੁੱਚੀ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੈ । ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਫਿਜ਼ੀਓਥੈਰੇਪੀ ਇਲਾਜ ਪ੍ਰਣਾਲੀ ਵੱਖ ਵੱਖ ਤਰ੍ਹਾਂ ਦੀਆਂ ਸਰੀਰਿਕ ਬਿਮਾਰੀਆਂ ਦੇ ਮਰੀਜ਼ਾਂ ਨੂੰ ਤੰਦਰੁਸਤ ਕਰਨ ਵਿਚ ਬਹੁਤ ਸਹਾਈ ਹੈ । ਇਸ ਲਈ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ਾਂ ਦੀ ਸਹੂਲਤ ਲਈ ਫਿਜ਼ੀਉਥੈਰਾਪੀ ਵਿਭਾਗ ਰੋਜ਼ਾਨਾ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਆਪਣੀਆਂ ਸੇਵਾਵਾਂ ਮੁਹੱਈਆਂ ਕਰਵਾ ਰਿਹਾ ਹੈ। ਸਮਾਗਮ ਦੇ ਅੰਤ ਵਿਚ ਡਾ. ਬਲਵਿੰਦਰ ਸਿੰਘ ਡੀ ਐਮ ਐਸ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਹਸਪਤਾਲ ਦੇ ਵੱਖ ਵੱਖ ਵਿਭਾਗਾਂ ਦੇ ਇੰਚਾਰਜ ਅਤੇ ਮੈਡੀਕਲ ਸਟਾਫ ਮੈਂਬਰ ਹਾਜ਼ਰ ਸਨ।
ਤਸਵੀਰ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਨਾਏ ਫਿਜ਼ੀਉਥੈਰਾਪੀ ਦਿਵਸ ਦੀਆਂ ਝਲਕੀਆਂ

Friday, 5 September 2025

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਜ਼ਹਿਰੀਲੇ ਸੱਪ ਦੇ ਡੰਗੇ ਹੋਏ ਮਰੀਜ਼ਾਂ ਦਾ ਇਲਾਜ ਕਰਨ ਵਾਲਾ ਇਲਾਕੇ ਦਾ ਪ੍ਰਮੁੱਖ ਹਸਪਤਾਲ ਬਣਿਆ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਜ਼ਹਿਰੀਲੇ ਸੱਪ ਦੇ ਡੰਗੇ ਹੋਏ ਮਰੀਜ਼ਾਂ ਦਾ ਇਲਾਜ ਕਰਨ ਵਾਲਾ ਇਲਾਕੇ ਦਾ ਪ੍ਰਮੁੱਖ ਹਸਪਤਾਲ ਬਣਿਆ

ਜ਼ਹਿਰੀਲੇ ਸੱਪ ਦੇ ਡੰਗੇ ਮਰੀਜ਼ ਦਾ ਢਾਹਾਂ ਕਲੇਰਾਂ ਹਸਪਤਾਲ ਵਿਖੇ ਡਾ. ਵਿਵੇਕ ਗੁੰਬਰ ਵੱਲੋਂ ਕੀਤਾ ਗਿਆ ਸਫ਼ਲ ਇਲਾਜ

ਬੰਗਾ 5 ਸਤੰਬਰ () ਦੁਆਬੇ ਵਿਚ ਪਿਛਲੇ 41 ਸਾਲਾਂ ਤੋਂ ਮੈਡੀਕਲ ਸੇਵਾਵਾਂ ਪ੍ਰਦਾਨ ਕਰ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਹੁਣ ਜ਼ਹਿਰੀਲੇ ਸੱਪ ਦੇ ਡੰਗੇ ਹੋਏ ਮਰੀਜ਼ਾਂ ਦਾ ਇਲਾਜ ਕਰਨ ਵਾਲਾ ਇਲਾਕੇ ਦਾ ਪ੍ਰਮੁੱਖ ਹਸਪਤਾਲ ਬਣ ਚੁੱਕਾ ਹੈ। ਪਿਛਲੇ ਇੱਕ ਮਹੀਨੇ ਵਿਚ ਜ਼ਹਿਰੀਲੇ ਸੱਪਾਂ ਦੇ ਡੱਸੇ ਦਰਜਨ ਦੇ ਕਰੀਬ ਮਰੀਜ਼ਾਂ ਨੂੰ ਵੇਲੇ ਸਿਰ ਐਂਟੀ ਸਨੇਕ ਵੇਨਮ  ਅਤੇ ਵੈਂਟੀਲੇਟਰ ਦੀ ਮਦਦ ਨਾਲ ਬਚਾਇਆ ਜਾ ਚੁੱਕਾ ਹੈ । ਇਸ ਸਬੰਧੀ ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹਸਪਤਾਲ ਦੇ ਮੈਡੀਕਲ ਮਾਹਿਰ ਡਾ ਵਿਵੇਕ ਗੁੰਬਰ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸੱਪ ਦੇ ਡੰਗੇ ਮਰੀਜ਼ਾਂ ਦਾ ਇਲਾਜ ਅਤਿ ਆਧੁਨਿਕ ਤਰੀਕਿਆਂ ਨਾਲ ਕੀਤਾ ਜਾ ਰਿਹਾ ਹੈ । ਜਿਸ ਦੀ ਤਾਜ਼ਾ ਮਿਸਾਲ ਪਿੰਡ ਪੰਜੋਰਾ ਵਾਸੀ 70 ਸਾਲ ਦੇ ਮਰੀਜ਼ ਹਰਬੰਸ ਸਿੰਘ ਹੈ ਜਿਸ ਦਾ ਸਫ਼ਲਤਾਪੂਰਵਕ ਇਲਾਜ ਕੀਤਾ ਗਿਆ ਹੈ । ਮਰੀਜ਼ ਨੂੰ ਇੱਕ ਜ਼ਹਿਰੀਲੇ ਸੱਪ ਨੇ ਡੱਸ ਲਿਆ ਸੀ, ਜਦੋਂ ਉਸ ਨੂੰ ਪੇਟ ਦਰਦ, ਉਲਟੀ, ਅੱਖਾਂ ਦਾ ਆਪਮੁਹਾਰੇ ਬੰਦ ਹੋਣਾ, ਸਾਹ ਲੈਣ ਵਿਚ ਆ ਰਹੀ ਭਾਰੀ ਸਮੱਸਿਆ ਆਦਿ ਲੱਛਣ ਸਾਹਮਣੇ ਆਏ ਤਾਂ  ਉਪਰੰਤ ਪਰਿਵਾਰ ਵੱਲੋਂ ਉਸ ਨੂੰ ਛੇਤੀ ਨਾਲ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਲਾਜ ਲਈ ਲਿਆਂਦਾ ਗਿਆ।  ਮੁੱਢਲੀ ਜਾਂਚ ਦੌਰਾਨ ਹੀ ਮਰੀਜ਼ ਦੇ ਦਿਲ ਦੀ ਧੜਕਣ ਅਚਾਨਕ ਬੰਦ ਹੋ ਗਈ ਤਾਂ ਮੈਡੀਕਲ ਮਾਹਿਰ ਡਾ. ਵਿਵੇਕ ਗੁੰਬਰ ਐਮ.ਡੀ. ਮੈਡੀਸਨ ਦੀ ਅਗਵਾਈ ਵਿਚ ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਜਸਰਾਜ ਸਿੰਘ ਨੇ ਨਰਸਿੰਗ ਸਟਾਫ ਨੂੰ ਨਾਲ ਲੈ ਕੇ ਸੀ.ਪੀ.ਆਰ. ਕੀਤਾ, ਜਿਸ ਨਾਲ ਮਰੀਜ਼ ਦੇ ਦਿਲ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਮਰੀਜ਼ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਆਈ.ਸੀ.ਯੂ. ਵਿਭਾਗ ਵਿਚ ਭਰਤੀ ਕੀਤਾ ਗਿਆ । ਜਿੱਥੇ ਚਾਰ ਦਿਨ ਵੈਂਟੀਲੇਟਰ ਦੀ ਮਦਦ ਦੇ ਨਾਲ-ਨਾਲ ਸੱਪ ਦੇ ਡੰਗੇ ਜਾਣ 'ਤੇ ਮਰੀਜ਼ ਦਾ ਇਲਾਜ ਕਰਨ ਵਾਲੀਆਂ ਖਾਸ ਦਵਾਈਆਂ (ਸੱਪ ਦੀ ਜ਼ਹਿਰ ਦਾ ਐਂਟੀਡਾਟ) ਨਾਲ ਇਲਾਜ ਕੀਤਾ ਗਿਆ । ਡਾਕਟਰ ਸਾਹਿਬ ਦੀ ਸਾਰੀ ਟੀਮ ਦੇ ਅਣਥੱਕ ਯਤਨਾਂ ਸਦਕਾ ਮਰੀਜ਼ ਨੂੰ ਨਵਾਂ ਜੀਵਨ ਮਿਲਿਆ । ਹੁਣ ਮਰੀਜ਼ ਹਰਬੰਸ ਸਿੰਘ ਪੂਰੀ ਤਰ੍ਹਾਂ ਤੰਦਰੁਸਤ ਹੈ । ਇਸ ਮੌਕੇ ਹਸਪਤਾਲ ਦੇ ਮੁੱਖ ਪ੍ਰਬੰਧਕ ਡਾ. ਕੁਲਵਿੰਦਰ ਸਿੰਘ ਢਾਹਾਂ, ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਢਾਹਾਂ ਕਲੇਰਾਂ ਨੇ ਮਰੀਜ਼ ਦਾ ਵਧੀਆ  ਇਲਾਜ ਕਰਨ ਲਈ ਡਾ. ਵਿਵੇਕ ਗੁੰਬਰ ਅਤੇ ਸਮੂਹ ਟੀਮ ਨੂੰ ਵਧਾਈ ਦਿੱਤੀ । ਡਾ. ਵਿਵੇਕ ਗੁੰਬਰ ਨੇ  ਲੋਕਾਂ ਨੂੰ ਜਾਗਰੂਕ ਕਰਦੇ ਦੱਸਿਆ ਕਿ ਭਾਰਤ ਵਿੱਚ ਸੱਪ ਦੇ ਡੰਗਣ ਨਾਲ ਹੋਣ ਵਾਲੀਆਂ ਮੌਤਾਂ ਸੱਪਾਂ ਦੀਆਂ ਪ੍ਰਮੁੱਖ ਚਾਰ ਪ੍ਰਜਾਤੀਆਂ ਦੇ ਕਾਰਨ ਹੁੰਦੀਆਂ ਹਨ ਜਿਹਨਾਂ ਵਿਚ ਕਾਮਨ ਕਰੇਟ, ਇੰਡੀਅਨ ਕੋਬਰਾ, ਰਸਲਜ਼ ਵਾਈਪਰ ਅਤੇ ਸਾਅ ਸਕੇਲਡ ਵਾਈਪਰ ਆਦਿ ਸ਼ਾਮਿਲ ਹਨ, ਪਰ ਬਹੁਤ ਸਾਰੇ ਲੋਕ ਅਗਿਆਨਤਾ ਜਾਂ ਹੋਰ ਕਾਰਨਾਂ ਕਰਕੇ ਵੇਲੇ ਸਿਰ ਉਸ ਸਿਹਤ ਕੇਂਦਰ ਤੱਕ ਪਹੁੰਚ ਹੀ ਨਹੀਂ ਪੁੱਜਦੇ ਜਿੱਥੇ ਐਂਟੀਵੇਨਮ (ਸੱਪ ਦੀ ਜ਼ਹਿਰ ਤੋਂ ਬਚਾਉਣ ਵਾਲਾ ਟੀਕਾ) ਉਪਲਬਧ ਹੋਵੇ ਅਤੇ ਕਿਉਂਕਿ ਇਹ ਟੀਕਾ ਮਰੀਜ਼ ਦੀ ਜਾਨ ਬਚਾਉਣ ਵਿੱਚ ਸਹਾਈ ਸਿੱਧ ਹੁੰਦਾ ਹੈ । ਕਈ ਵਾਰ ਲੋਕਾਂ ਵੱਲੋਂ ਵਹਿਮਾਂ ਭਰਮਾਂ ਵਿੱਚ ਉਲਝ ਕੇ "ਮਣਕਾ, ਜਾਦੂ ਟੂਣਾ" ਆਦਿ ਕਰਵਾਉਣ ਵਿੱਚ ਕੀਮਤੀ ਸਮਾਂ ਖਰਾਬ ਕਰ ਦਿੱਤਾ ਤਾਂ ਉਸ ਮਰੀਜ਼ ਮੌਤ ਵੀ ਹੋ ਸਕਦੀ ਹੈ । ਇਸ ਮੌਕੇ ਮਰੀਜ਼ ਦੇ ਪਰਿਵਾਰ ਨੇ ਹਰਬੰਸ ਸਿੰਘ ਦਾ ਵਧੀਆ ਇਲਾਜ ਕਰਨ ਲਈ ਡਾਕਟਰ ਵਿਵੇਕ ਗੁੰਬਰ, ਸਮੂਹ ਮੈਡੀਕਲ ਅਫਸਰ ਸਾਹਿਬਾਨ, ਨਰਸਿੰਗ ਸਟਾਫ ਅਤੇ ਹਸਪਤਾਲ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ । ਵਰਣਨਯੋਗ ਹੈ ਕਿ ਹਸਪਤਾਲ ਢਾਹਾਂ ਕਲੇਰਾਂ ਵਿਖੇ ਜ਼ਹਿਰੀਲੇ ਸੱਪ ਦੇ ਡੰਗੇ ਮਰੀਜ਼ਾਂ ਦੇ ਇਲਾਜ ਲਈ ਆਧੁਨਿਕ ਯੰਤਰਾਂ ਨਾਲ ਲੈਸ ਵਿਸ਼ੇਸ਼ ਵਾਰਡ ਹਨ ਜਿੱਥੇ 24 ਘੰਟੇ ਮਾਹਿਰ ਡਾਕਟਰ ਸਾਹਿਬਾਨ ਤਾਇਨਾਤ ਰਹਿੰਦੇ ਹਨ ।
ਫੋਟੋ ਕੈਪਸ਼ਨ : ਆਈ ਸੀ ਯੂ ਵਿਚ ਖੁਸ਼ੀ ਭਰੇ ਮਾਹੌਲ ਵਿਚ ਮਰੀਜ਼ ਹਰਬੰਸ ਸਿੰਘ ਨਾਲ ਡਾਕਟਰ ਵਿਵੇਕ ਗੁੰਬਰ, ਡਾ. ਕੁਲਦੀਪ ਸਿੰਘ ਤੇ ਹਸਪਤਾਲ ਸਟਾਫ਼ ਨਾਲ 

ਬਾਕਸ ਲਈ  : ਸੱਪ ਡੰਗਣ ਦੇ ਪ੍ਰਮੁੱਖ ਲੱਛਣ :- ਅੱਖਾਂ ਦਾ ਆਪ ਮੁਹਾਰੇ ਬੰਦ ਹੋਣਾ , ਪੇਟ ਦਰਦ, ਉਲਟੀ ਆਦਿ ਲੱਛਣਾਂ ਹੋਣ ਤਾਂ ਮਰੀਜ਼ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ , ਹੋ ਸਕਦਾ ਹੈ ਸੱਪ ਨੇ ਡੰਗਿਆ ਹੋਵੇ ।  ਇਹਨਾਂ ਹਾਲਤਾਂ ਵਿਚ ਮਰੀਜ਼ ਦੀ ਜਾਨ ਬਚਾਉਣ ਲਈ ਨੇੜਲੇ ਹਸਪਤਾਲ ਵਿਚ ਲਿਜਾ ਕੇ ਮਾਹਿਰ ਡਾਕਟਰ ਸਾਹਿਬਾਨ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ । 

Thursday, 4 September 2025

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦਾ ਵਿੱਦਿਅਕ ਸੈਸ਼ਨ 2025-26 ਆਰੰਭ

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦਾ ਵਿੱਦਿਅਕ ਸੈਸ਼ਨ 2025-26 ਆਰੰਭ
ਬੰਗਾ 04 ਸਤੰਬਰ () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧ ਹੇਠਾਂ ਚੱਲ ਰਹੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ਼ਜ ਤੋਂ ਮਾਨਤਾ ਪ੍ਰਾਪਤ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦਾ ਸਾਲ 2025 ਦਾ ਵਿਦਿਅਕ ਸ਼ੈਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਆਰੰਭ ਹੋਇਆ । ਇਸ ਮੌਕੇ  ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਸਰਬੱਤ ਦੇ ਭਲੇ ਅਤੇ ਚੜ੍ਹਦੀਕਲਾ ਲਈ ਅਰਦਾਸ ਬੇਨਤੀ ਕੀਤੀ ਗਈ । ਸਜੇ ਦੀਵਾਨ ਵਿਚ ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਅਤੇ ਨਰਸਿੰਗ ਕਾਲਜ ਦੇ ਵਿਦਿਆਰਥੀ ਕੀਰਤਨੀ ਜਥੇ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ । ਕਾਲਜ ਦੇ ਪ੍ਰਿੰਸੀਪਲ ਰਮਨਦੀਪ ਕੌਰ ਨੇ ਕਾਲਜ ਦੇ ਨਵੇਂ ਸ਼ੈਸ਼ਨ  ਦੀ ਆਰੰਭਤਾ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਕਾਲਜ ਵਿਚ ਆਧੁਨਿਕ ਤਰੀਕਿਆਂ ਨਾਲ ਪੜ੍ਹਾਈ ਕਰਵਾਈ ਜਾਂਦੀ ਹੈ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ । ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਆਪਣੇ ਭੇਜੇ ਸੰਦੇਸ਼ ਵਿਚ ਨਵੇਂ ਵਿਦਿਆਰਥੀਆਂ ਨੂੰ ਜੀ ਆਇਆ ਕਹਿੰਦੇ ਹੋਏ ਉਹਨਾਂ ਨੂੰ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਪੜ੍ਹਾਈ ਕਰਕੇ  ਕਰਕੇ ਆਪਣਾ, ਆਪਣੇ ਮਾਪਿਆਂ ਦਾ ਅਤੇ ਕਾਲਜ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਆ । ਨਵੇਂ ਸ਼ੈਸ਼ਨ ਦੀ ਆਰੰਭਤਾ ਮੌਕੇ  ਹੋਏ ਗੁਰਮਤਿ ਸਮਾਗਮ ਵਿਚ  ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਭਾਈ ਜੋਗਾ ਸਿੰਘ, ਮੈਡਮ ਸੁਖਮਿੰਦਰ ਕੌਰ ਊਬੀ, ਮੈਡਮ ਰਾਬੀਆ ਹਾਟਾ, ਮੈਡਮ ਵੰਦਨਾ ਬਸਰਾ, ਸਮੂਹ ਸਟਾਫ਼ ਅਤੇ ਕਾਲਜ ਵਿਦਿਆਰਥੀ ਹਾਜ਼ਰ ਸਨ ।
ਫੋਟੋ ਕੈਪਸ਼ਨ :-  ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੇ ਵਿੱਦਿਅਕ ਸੈਸ਼ਨ 2025-26 ਆਰੰਭਤਾ ਮੌਕੇ ਹੋਏ ਸਮਾਗਮ ਦੀਆਂ ਝਲਕੀਆਂ 

Wednesday, 3 September 2025

ਪਿੱਤੇ ਦੀ ਪੱਥਰੀਆਂ ਦੇ ਅਪਰੇਸ਼ਨਾਂ ਦਾ ਕੇਂਦਰ ਬਣਿਆ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ

ਪਿੱਤੇ ਦੀ ਪੱਥਰੀਆਂ ਦੇ ਅਪਰੇਸ਼ਨਾਂ ਦਾ ਕੇਂਦਰ ਬਣਿਆ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ

 

ਢਾਹਾਂ ਕਲੇਰਾਂ ਹਸਪਤਾਲ ਦੇ ਡਾ. ਮਾਨਵਦੀਪ ਸਿੰਘ ਬੈਂਸ ਵੱਲੋਂ ਕੀਤੇ ਅਪਰੇਸ਼ਨ ਨਾਲ 116 ਕਿਲੋ ਭਾਰੇ ਰੋਗੀ ਨੂੰ ਮਿਲੀ ਨਵੀਂ ਜ਼ਿੰਦਗੀ

ਬੰਗਾ, 03 ਸਤੰਬਰ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਲੈਪਰੋਸਕੋਪਿਕ ਅਤੇ ਜਰਨਲ ਸਰਜਨ ਡਾ. ਮਾਨਵਦੀਪ ਸਿੰਘ ਬੈਂਸ ਨੇ 116ਕਿਲੋਗ੍ਰਾਮ ਭਾਰ ਵਾਲੇ ਮੋਟਾਪੇ ਕਾਰਨ ਅੰਕਸ਼ ਦਿਲ ਦੇ ਰੋਗੀ ਮਰੀਜ਼ ਦੇ ਖਰਾਬ ਪਿੱਤੇ ਦਾ ਸਫਲ ਅਪਰੇਸ਼ਨ ਕਰਨ ਦਾ ਸਮਾਚਾਰ ਹੈ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਡਾ. ਬੈਂਸ ਨੇ ਦੱਸਿਆ ਕਿ ਸਰਜਰੀ ਵਿਭਾਗ ਦੀ ਉ ਪੀ ਡੀ ਵਿਚ 56 ਸਾਲ ਦੀ ਮਰੀਜ਼ ਬੀਬੀ ਸਵਿਤਾ ਰਾਣੀ ਆਏ ਉਹਨਾਂ ਦੀ ਜਾਂਚ ਕਰਨ ਉਪਰੰਤ ਪਤਾ ਲੱਗਾ ਕਿ ਉਹਨਾਂ ਦਾ ਪਿੱਤਾ, ਪੱਥਰੀਆਂ ਕਰਕੇ ਖਰਾਬ ਹੋ ਰਿਹਾ ਹੈ ਅਤੇ ਸੋਜਿਜ਼ ਵੀ ਵੱਧ ਰਹੀ ਹੈ ਉਹਨਾਂ ਦਾ ਭਾਰ ਜ਼ਿਆਦਾ ਹੋਣ ਕਰਕੇ ਪੈਦਾ ਹੋਈਆਂ ਕੁਝ ਅਲਾਮਤਾਂ ਕਰਕੇ ਵੱਡੇ ਸ਼ਹਿਰਾਂ ਦੇ ਹਸਪਤਾਲਾਂ ਵੱਲੋਂ ਜਵਾਬ ਮਿਲ ਚੁੱਕਾ ਸੀ ਉਹਨਾਂ ਦੇ ਪਰਿਵਾਰ ਵੱਲੋਂ ਇਲਾਜ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਰਜਰੀ ਵਿਭਾਗ ਵਿਚ ਡਾ. ਮਾਨਵਦੀਪ ਸਿੰਘ ਬੈਂਸ ਕੋਲ ਲਿਆਂਦਾ ਗਿਆ ਸੀ ਪਰਿਵਾਰ ਨਾਲ ਮਸ਼ਵਰੇ ਉਪਰੰਤ ਮਰੀਜ਼ ਬੀਬੀ ਸਵਿਤਾ ਰਾਣੀ ਦਾ ਲੈਪਰੋਸਕੋਪਿਕ ਸਰਜਰੀ ਨਾਲ ਅਪਰੇਸ਼ਨ ਕਰਕੇ ਖਰਾਬ ਪਿੱਤਾ ਬਾਹਰ ਕੱਢਿਆ ਗਿਆ ਗੁਰੂ ਨਾਨਕ‍ ਮਿਸ਼ਨ ਹਸਪਤਾਲ ਦੇ ਮੈਡੀਕਲ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਵਿਵੇਕ ਗੁੰਬਰ ਅਤੇ ਐਨਸਥੀਸੀਆ ਮਾਹਿਰ ਡਾ. ਦੀਪਕ ਦੁੱਗਲ ਐਮ ਡੀ ਵੱਲੋਂ ਹਾਈਰਿਸਕ ਮਰੀਜ਼ ਦੀ ਦਿਲ ਦੀ ਬਿਮਾਰੀ ਦਾ ਧਿਆਨ ਰੱਖਣ ਵਿਚ ਵਿਸ਼ੇਸ਼ ਸਹਿਯੋਗ ਦਿੱਤਾ  ਹੁਣ ਅਪਰੇਸ਼ਨ ਉਪਰੰਤ ਮਰੀਜ਼ ਬੀਬੀ ਸਵਿਤਾ ਰਾਣੀ ਤੰਦਰੁਸਤ ਹੈ ਅਤੇ ਖੁਸ਼ ਹਨ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਬੀਬੀ ਸਵਿਤਾ ਰਾਣੀ ਦਾ ਵਧੀਆ ਅਪਰੇਸ਼ਨ ਕਰਕੇ ਤੰਦਰੁਸਤ ਕਰਨ ਲਈ ਡਾਕਟਰ ਮਾਨਵਦੀਪ ਸਿੰਘ ਬੈਂਸ ਅਤੇ ਸਮੂਹ ਹਸਪਤਾਲ ਸਟਾਫ ਦਾ ਹਾਰਦਿਕ ਧੰਨਵਾਦ ਕੀਤਾ ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਵੀ ਮਰੀਜ਼ ਦੇ ਸਫਲ ਅਪਰੇਸ਼ਨ ਲਈ ਡਾਕਟਰ ਮਾਨਵਦੀਪ ਸਿੰਘ ਬੈਂਸ ਅਤੇ ਟੀਮ ਨੂੰ ਵਧਾਈ ਦਿੱਤੀ ਵਰਨਣਯੋਗ ਹੈ ਕਿ  ਸਰਜਰੀ ਵਿਭਾਗ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪਿੱਤੇ ਦੀਆਂ ਪੱਥਰੀਆਂ, ਹਰਨੀਆਂ ਅਤੇ ਪੇਟ ਦੀਆਂ ਬਿਮਾਰੀਆਂ ਦੇ ਇਲਾਜ ਅਤੇ ਅਪਰੇਸ਼ਨਾਂ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਐਮਰੀਜੈਂਸੀ, ਆਈ,ਸੀ,ਯੂ,, ਐਚ,ਡੀ,ਯੂ, ਵਾਰਡ, ਅਪਰੇਸ਼ਨ ਥੀਏਟਰ ਆਦਿ ਮੌਜੂਦ ਹਨ, ਜਿੱਥੇ ਤਾਇਨਾਤ ਮਾਹਿਰ ਡਾਕਟਰ ਸਾਹਿਬਾਨ ਅਤੇ ਮੈਡੀਕਲ ਸਟਾਫ 24 ਘੰਟੇ ਮਰੀਜ਼ਾਂ ਦੀ ਵਧੀਆ ਸਾਂਭ ਸੰਭਾਲ ਕਰਦਾ ਹੈ ।

 ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ ਬੀਬੀ ਸਵਿਤਾ ਰਾਣੀ  ਸਫਲ ਅਪਰੇਸ਼ਨ ਉਪਰੰਤ ਡਾ. ਮਾਨਵਦੀਪ ਸਿੰਘ ਬੈਂਸ, ਡਾ. ਵਿਵੇਕ ਗੁੰਬਰ, ਹਸਪਤਾਲ ਸਟਾਫ਼ ਅਤੇ ਪਰਿਵਾਰਿਕ ਮੈਂਬਰਾਂ ਨਾਲ ਖੁਸ਼ੀ ਭਰੇ ਮਾਹੌਲ ਵਿਚ