Friday, 26 November 2021

ਢਾਹਾਂ ਕਲੇਰਾਂ ਵਿਖੇ 03 ਦਸੰਬਰ ਨੂੰ ਹੋ ਰਹੇ ਮਹਾਨ ਗੁਰਮਤਿ ਸਮਾਗਮ ਦਾ ਬੈਨਰ ਜਾਰੀ

ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ
ਢਾਹਾਂ ਕਲੇਰਾਂ ਵਿਖੇ 03 ਦਸੰਬਰ ਨੂੰ ਹੋ ਰਹੇ ਮਹਾਨ ਗੁਰਮਤਿ ਸਮਾਗਮ ਦਾ ਬੈਨਰ ਜਾਰੀ
ਗਿਆਨੀ ਮਾਨ ਸਿੰਘ ਜੀ ਕਥਾ ਵਾਚਕ ਅਤੇ ਭਾਈ ਮਨਿੰਦਰ ਸਿੰਘ ਹਜ਼ੂਰੀ ਰਾਗੀ ਸਮਾਗਮ ਵਿਚ ਭਰਨਗੇ ਹਾਜ਼ਰੀਆਂ
ਬੰਗਾ : 26 ਨਵੰਬਰ : (  ) ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ  ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਜੁੱਗੋ ਜੁੱਗ ਅਟੱਲ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ 03 ਦਸੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 9.00 ਵਜੇ ਤੋਂ ਦੁਪਹਿਰ 1.00 ਵਜੇ ਤੱਕ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਕੰਪਲੈਕਸ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਟਰੱਸਟ ਦੇ ਮੁੱਖ ਸੇਵਾਦਾਰ ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਪ੍ਰਬੰਧਕਾਂ ਨੇ ਮਹਾਨ ਗੁਰਮਤਿ ਸਮਾਗਮ ਦਾ ਬੈਨਰ ਜਾਰੀ ਕਰਨ ਮੌਕੇ ਪ੍ਰਦਾਨ ਕੀਤੀ।
ਸ. ਕਾਹਮਾ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ 03 ਦਸੰਬਰ ਦਿਨ ਬੁੱਧਵਾਰ ਨੂੰ ਮਹਾਨ ਗੁਰਮਤਿ ਸਮਾਗਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਜੀ ਦੇ ਭੋਗ 09.00 ਵਜੇ ਸਵੇਰੇ ਪੈਣਗੇ ਅਤੇ ਇਸ ਉਪਰੰਤ ਸਜੇ ਦੀਵਾਨ ਵਿਚ ਭਾਈ ਮਨਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਜੋਗਾ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਅਤੇ ਨਰਸਿੰਗ ਕਾਲਜ ਢਾਹਾਂ ਕਲੇਰਾਂ ਦੇ ਵਿਦਿਆਰਥੀ ਕੀਰਤਨੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਜਾਵੇਗਾ। ਸਾਲਾਨਾ ਮਹਾਨ ਗੁਰਮਤਿ ਸਮਾਗਮ ਵਿਚ ਪੰਥ ਦੇ ਮਹਾਨ ਕਥਾ ਵਾਚਕ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ (ਸਾਬਕਾ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ)  ਵੀ ਵਿਸ਼ੇਸ਼ ਤੌਰ ਪੁੱਜਣਗੇ ਜੋ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ।
ਇਹ ਜਾਣਕਾਰੀ ਦੇਣ ਮੌਕੇ ਟਰੱਸਟ ਦੇ ਮੁੱਖ ਸੇਵਾਦਾਰ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਖਜ਼ਾਨਚੀ ਤੇ ਚੇਅਰਮੈਨ ਫਾਈਨਾਂਸ ਕਮੇਟੀ, ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਭਾਈ ਜੋਗਾ ਸਿੰਘ, ਵਰਿੰਦਰ ਸਿੰਘ ਬਰਾੜ ਵੀ ਹਾਜ਼ਰ ਸਨ।  ਇਸ ਸਾਲਾਨਾ ਮਹਾਨ ਗੁਰਮਤਿ ਸਮਾਗਮ ਵਿਚ ਦੇਸ ਵਿਦੇਸ ਦੀਆਂ ਸਮੂਹ ਦਾਨੀ ਸੰਗਤਾਂ, ਇਲਾਕੇ ਦੀਆਂ ਧਾਰਮਿਕ ਜਥੇਬੰਦੀਆਂ, ਟਰੱਸਟ ਅਧੀਨ ਚੱਲਦੇ ਅਦਾਰਿਆਂ ਦੇ ਸਟਾਫ਼, ਵਿਦਿਆਰਥੀਆਂ ਅਤੇ ਇਲਾਕਾ ਨਿਵਾਸੀ ਸੰਗਤਾਂ ਹਾਜ਼ਰੀਆਂ ਭਰਨਗੀਆਂ। ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ।
ਫੋਟੋ ਕੈਪਸ਼ਨ :   ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਮਹਾਨ ਗੁਰਮਤਿ ਸਮਾਗਮ  ਬੈਨਰ ਜਾਰੀ ਕਰਨ ਮੌਕੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ  ਢਾਹਾਂ ਕਲੇਰਾਂ ਦੇ ਪ੍ਰਬੰਧਕ ਅਤੇ ਪਤਵੰਤੇ ਸੱਜਣ

Virus-free. www.avast.com

Monday, 15 November 2021

* ਢਾਹਾਂ ਸਾਹਿਤ ਪੁਰਸਕਾਰ ਨੂੰ ਸਮਰਪਿਤ ਹੋਵੇਗਾ ਬ੍ਰਿਟਿਸ਼ ਕੋਲੰਬੀਆ ਕੈਨੇਡਾ ਵਿਚ ਪੰਜਾਬੀ ਸਾਹਿਤ ਹਫਤਾ, * ਅੰਤਰਰਾਸ਼ਟਰੀ ਪੰਜਾਬੀ ਸਾਹਿਤ ਇਨਾਮ ਢਾਹਾਂ ਪੁਰਸਕਾਰ 2021 ਦੇ ਜੇਤੂਆਂ ਦਾ ਆਨਲਾਈਨ ਸਮਾਗਮ ਵਿਚ ਸਨਮਾਨ

ਢਾਹਾਂ ਸਾਹਿਤ ਪੁਰਸਕਾਰ ਨੂੰ ਸਮਰਪਿਤ ਹੋਵੇਗਾ ਬ੍ਰਿਟਿਸ਼ ਕੋਲੰਬੀਆ ਕੈਨੇਡਾ ਵਿਚ ਪੰਜਾਬੀ ਸਾਹਿਤ ਹਫਤਾ

ਅੰਤਰਰਾਸ਼ਟਰੀ ਪੰਜਾਬੀ ਸਾਹਿਤ ਇਨਾਮ ਢਾਹਾਂ ਪੁਰਸਕਾਰ 2021 ਦੇ ਜੇਤੂਆਂ ਦਾ ਆਨਲਾਈਨ ਸਮਾਗਮ ਵਿਚ  ਸਨਮਾਨ

ਬੰਗਾ/ਵੈਨਕੂਵਰ : 15 ਨਵੰਬਰ :- ( ) ਪੰਜਾਬੀ ਸਾਹਿਤਕ ਖੇਤਰ ਲਈ  ਇਹ ਬੜੇ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਦੇ ਸੂਬੇ ਬੀ.ਸੀ. (ਬ੍ਰਿਟਿਸ਼ ਕੋਲੰਬੀਆ) ਵਿਚ 13 ਨਵੰਬਰ ਤੋਂ 19 ਨਵੰਬਰ ਤੱਕ  ਪੰਜਾਬੀ ਸਾਹਿਤ ਹਫਤਾ ਮਨਾਇਆ ਜਾ ਰਿਹਾ ਹੈ ਜੋ ਕਿ ਮਾਂ ਬੋਲੀ ਪੰਜਾਬੀ ਦੇ ਨਾਮਵਰ ਢਾਹਾਂ ਸਾਹਿਤ ਪੁਰਸਕਾਰ ਨੂੰ ਸਮਰਪਿਤ ਹੋਵੇਗਾ ਇਹ ਐਲਾਨ ਅੱਠਵੇਂ ਢਾਹਾਂ ਸਾਹਿਤ ਪੁਰਸਕਾਰ ਦੇ ਵੈਨਕੂਵਰ ਕੈਨੇਡਾ ਤੋਂ ਹੋਏ ਆਨਲਾਈਨ ਜ਼ੂਮ ਵਰਚੂਅਲ ਸਨਮਾਨ ਸਮਾਗਮ ਵਿਚ ਬੀਬੀ ਰਚਨਾ ਸਿੰਘ ਐੱਮ ਐੱਲ ਏ/ਨਸਲਵਾਦ ਵਿਰੋਧੀ ਸੰਸਦੀ ਸਕੱਤਰ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਨੇ ਕੀਤਾ ਇਸ ਮੌਕੇ ਉਹਨਾਂ ਨੇ ਸਾਲ 2021 ਦੇ ਢਾਹਾਂ ਸਾਹਿਤ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ ਉਹਨਾਂ ਨੇ ਪ੍ਰਸਿੱਧ ਸਮਾਜ ਸੇਵਕ ਬਾਬਾ ਬੁੱਧ ਸਿੰਘ ਢਾਹਾਂ ਦੇ ਫਰੰਜਦ ਅਤੇ ਢਾਹਾਂ ਸਾਹਿਤ ਪੁਰਸਕਾਰ ਦੇ ਬਾਨੀ ਬਰਜਿੰਦਰ ਸਿੰਘ ਢਾਹਾਂ ਅਤੇ  ਉਨ੍ਹਾਂ ਦੀ ਪੂਰੀ ਟੀਮ ਨੂੰ ਆਪਣੀ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪਸਾਰ ਅਤੇ ਇਸ ਵਿੱਚ ਰਚੇ ਜਾ ਰਹੇ ਗਲਪ ਸਾਹਿਤ ਨੂੰ ਉੱਚਾ ਚੁੱਕਣ ਲਈ ਕੀਤੇ ਕਾਰਜਾਂ ਲਈ ਮੁਬਾਰਕਾਂ ਦਿੱਤੀਆਂ ਅਤੇ ਭਾਰੀ ਸ਼ਾਲਾਘਾ ਵੀ ਕੀਤੀ

             ਕਰੋਨਾ ਮਹਾਂਮਾਰੀ ਕਰਕੇ ਹੋਏ ਵਰਚੂਅਲ ਸਨਮਾਨ ਸਮਾਗਮ ਵਿਚ ਮੁੱਖ ਪ੍ਰਬੰਧਕ ਸ੍ਰੀ ਬਰਜਿੰਦਰ ਸਿੰਘ ਢਾਹਾਂ ਨੇ ਢਾਹਾਂ ਸਾਹਿਤ ਪੁਰਸਕਾਰ ਬਾਰੇ ਤੇ ਜਿਊਰੀ ਮੈਂਬਰਾਂ ਬਾਰੇ ਜਾਣਕਾਰੀ ਦਿੱਤੀਸ੍ਰੀ ਢਾਹਾਂ ਨੇ ਕਿਹਾ ਕਿ ਢਾਹਾਂ ਪੁਰਸਕਾਰ ਦਾ ਉਦੇਸ਼ ਸਰਹੱਦਾਂ ਤੋਂ ਪਾਰ ਵਿਸ਼ਵ ਭਰ ਦੇ ਪੰਜਾਬੀ ਭਾਈਚਾਰਿਆਂ ਨੂੰ ਜੋੜਨਾ ਅਤੇ ਵਿਸ਼ਵ ਪੱਧਰ 'ਤੇ ਪੰਜਾਬੀ ਸਾਹਿਤਕਾਰਾਂ ਨੂੰ ਪੰਜਾਬੀ ਸਾਹਿਤ ਦੀ ਸਿਰਜਣਾ ਲਈ ਉਤਸ਼ਾਹਿਤ ਕਰਨਾ ਹੈ ਸਾਲ 2021 ਵਿਚ 25 ਹਜ਼ਾਰ ਡਾਲਰ ਦਾ ਪੁਰਸਕਾਰ ਸ੍ਰੀ ਨੈਨ ਸੁੱਖ (ਲਾਹੌਰ, ਲਹਿੰਦਾ ਪੰਜਾਬ, ਪਾਕਿਸਤਾਨ) ਜਿਨ੍ਹਾਂ ਦੀ ਸ਼ਾਹਮੁਖੀ ਲਿਪੀ ਵਿਚ ਪ੍ਰਕਾਸ਼ਿਤ ਕਹਾਣੀ ਸੰਗ੍ਰਿਹ 'ਜੋਗੀ, ਸੱਪ, ਤ੍ਰਾਹ' ਨੇ ਜਿੱਤਿਆ ਹੈ ਜਦ ਕਿ ਦਸ ਦਸ  ਹਜ਼ਾਰ ਡਾਲਰ ਦੇ ਦੋ ਪੁਰਸਕਾਰਾਂ ਵਿਚ ਫਾਈਨਲਿਸਟ ਪੰਜਾਬੀ ਲੇਖਿਕਾ ਡਾ. ਸਰਘੀ ਜੰਮੂ  (ਅੰਮ੍ਰਿਤਸਰ, ਪੰਜਾਬ, ਭਾਰਤ) ਦਾ ਗੁਰਮੁਖੀ ਵਿਚ ਪ੍ਰਕਾਸ਼ਿਤ ਕਹਾਣੀ ਸੰਗ੍ਰਹਿ  'ਆਪਣੇ ਆਪਣੇ ਮਰਸੀਏ' ਅਤੇ ਫਾਈਨਲਿਸਟ ਸ੍ਰੀ ਬਲਬੀਰ ਮਾਧੋਪੁਰੀ (ਨਵੀਂ ਦਿੱਲੀ, ਭਾਰਤ) ਦੇ ਗੁਰਮੁਖੀ ਵਿਚ ਪ੍ਰਕਾਸ਼ਿਤ ਨਾਵਲ 'ਮਿੱਟੀ ਬੋਲ ਪਈ' ਨੇ ਜਿੱਤੇ ਹਨ

       ਇਸ  ਸਮਾਗਮ ਵਿਚ  ਜੇਤੂ ਸ੍ਰੀ ਨੈਨ ਸੁਖ (ਲਹਿੰਦਾ ਪੰਜਾਬ)ਫਾਈਨਲਿਸਟ ਡਾ. ਸਰਘੀ ਜੰਮੂ ਅਤੇ ਫਾਈਨਲਿਸਟ ਸ੍ਰੀ ਬਲਬੀਰ ਮਾਧੋਪੁਰੀ ਨੇ ਆਪਣੇ ਵਿਚਾਰਾਂ ਦੀ ਸਰੋਤਿਆਂ ਨਾਲ ਸਾਂਝ ਪਾਈਇਸ ਮੌਕੇ ਪ੍ਰਸਿੱਧ ਲੇਖਕ ਅਤੇ ਢਾਹਾਂ ਇਨਾਮ ਸਲਾਹਕਾਰ ਕਮੇਟੀ ਦੇ ਮੁਖੀ ਸ੍ਰੀ ਸਾਧੂ ਬਿਨਿੰਗ, ਗੁਰਮੁਖੀ ਜਿਊਰੀ ਦੇ ਮੁਖੀ ਪ੍ਰੋ. ਡਾ. ਜਸਪਾਲ ਕੌਰ (ਦਿੱਲੀ) ਅਤੇ ਸੈਂਟ੍ਰਲ ਜਿਊਰੀ ਦੇ ਮੁਖੀ ਡਾ. ਖੋਲਾ ਇਫਤਿਖਾਰ ਚੀਮਾ (ਫੈਸਲਾਬਾਦ) ਨੇ ਆਪਣੇ ਸੰਬੋਧਨ ਵਿਚ ਢਾਹਾਂ ਪੁਰਸਕਾਰ ਜੇਤੂਆਂ ਅਤੇ ਉਹਨਾਂ ਦੇ ਪੰਜਾਬੀ ਸਾਹਿਤ ਸਫਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਢਾਹਾਂ ਪੁਰਸਕਾਰ 2020 ਦੇ ਜੇਤੂ ਸ੍ਰੀ ਕੇਸਰਾ ਰਾਮ ਨੇ ਆਪਣੇ ਵਿਚਾਰ ਪਰਗਟ ਕਰਦਿਆਂ ਦੱਸਿਆ ਕਿ ਇਨਾਮ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਹੋਰ ਵਧੀਆ ਲਿਖਣ ਦੀ ਜੁੰਮੇਵਾਰੀ ਦਾ ਅਹਿਸਾਸ ਹੋਇਆ ਹੈ ਆਨਲਾਈਨ ਸਮਾਗਮ ਦੀ ਸੰਚਾਲਨਾ ਬੀਬੀ ਤਰੰਨਮ ਥਿੰਦ ਨੇ ਬਾਖੂਬੀ ਨਾਲ ਕੀਤੀ ਅਤੇ ਪਿਛਲੇ ਅੱਠ ਸਾਲਾਂ ਦੇ ਪੁਰਸਕਾਰ ਦੇ ਸਫਰ ਬਾਰੇ ਚਾਨਣਾ ਵੀ ਪਾਇਆ ਪੁਰਸਕਾਰ ਦੇ ਸਬਮਿਸ਼ਨਜ਼ ਕੋਔਰਡੀਨੇਟਰ ਹਰਿੰਦਰ ਕੌਰ ਢਾਹਾਂ ਵੀ ਇਸ ਸਮਾਗਮ ਵਿੱਚ ਸ਼ਾਮਲ ਸਨ ਸਾਲ 2021 ਦੇ ਢਾਹਾਂ ਪੁਰਸਕਾਰ ਜੇਤੂਆਂ ਨੂੰ ਸਨਮਾਨ ਚਿੰਨ ਫਰਵਰੀ 2022 ਵਿਚ ਲਹਿੰਦੇ ਅਤੇ ਚੜ੍ਹਦੇ ਪੰਜਾਬ ਵਿਚ ਹੋਣ ਵਾਲੇ ਸਨਮਾਨ ਸਮਾਰੋਹਾਂ ਵਿਚ ਭੇਟ ਕੀਤੇ ਜਾਣਗੇਵਰਨਣਯੋਗ ਹੈ ਕਿ ਢਾਹਾਂ ਸਾਹਿਤ ਪੁਰਸਕਾਰ ਵੈਨਕੂਵਰ ਕੈਨੇਡਾ ਵਿੱਚ ਸ੍ਰੀ ਬਰਜਿੰਦਰ ਸਿੰਘ ਢਾਹਾਂ ਅਤੇ ਉਹਨਾਂ ਦੀ ਧਰਮ ਪਤਨੀ ਬੀਬੀ ਰੀਟਾ ਢਾਹਾਂ ਵੱਲੋਂ ਸਥਾਪਤ ਕੀਤਾ ਗਿਆ ਹੈ ਇਹ ਪੁਰਸਕਾਰ ਪੰਜਾਬੀ ਦੀ ਗੁਰਮੁਖੀ ਜਾਂ ਸ਼ਾਹਮੁਖੀ ਲਿਪੀ ਵਿਚ ਲਿਖੀਆਂ ਗਈਆਂ ਤਿੰਨ ਸਰਵੋਤਮ ਕਿਤਾਬਾਂ ਨੂੰ ਦਿੱਤਾ ਜਾਂਦਾ ਹੈਪੰਜਾਬੀ ਕੈਨੇਡਾ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਵਿਚ ਸ਼ਾਮਿਲ ਹੈ ਇਸ ਸਾਲ 40 ਪੁਸਤਕਾਂ ਪੁਰਸਕਾਰ ਵਾਸਤੇ ਪ੍ਰਾਪਤ ਹੋਈਆਂ ਸਨ ਗੁਰਮੁਖੀ ਅਤੇ ਸ਼ਾਹਮੁਖੀ ਵਿੱਚ ਲਿਖੇ ਹੋਏ ਪੰਜਾਬੀ ਸਾਹਿਤ ਲਈ ਇਹ  ਪੁਰਸਕਾਰ ਲਹਿੰਦੇ ਅਤੇ ਚੜ੍ਹਦੇ ਪੰਜਾਬਾਂ ਵਿਚ ਹੀ ਨਹੀਂ ਪੂਰੀ ਦੁਨੀਆ ਵਿਚ ਵੱਸਦੇ ਪੰਜਾਬੀਆਂ ਲਈ ਸਾਂਝਾਂ ਦਾ ਪੁੱਲ ਬਣ ਗਿਆ ਹੈ ਢਾਹਾਂ ਸਾਹਿਤ ਪੁਰਸਕਾਰ 2021 ਦੇ ਸਮਾਗਮ ਵਿਚ ਪੂਰੀ ਦੁਨੀਆਂ ਤੋਂ ਵੱਡੀ ਗਿਣਤੀ ਵਿਚ ਲੇਖਕ ਅਤੇ ਮਾਂ ਬੋਲੀ ਦੇ ਸ਼ੁੱਭਚਿੰਤਕਾਂ ਨੇ ਆਨਲਾਈਨ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਵਧਾਈ ਦਿੱਤੀ

ਫੋਟੋ : ਅੰਤਰਰਾਸ਼ਟਰੀ ਪੰਜਾਬੀ ਸਾਹਿਤ ਇਨਾਮ ਢਾਹਾਂ  ਪੁਰਸਕਾਰ 2021 ਦੇ ਆਨਲਾਈਨ ਵਰਚੂਅਲ ਸਨਮਾਨ ਸਮਾਗਮ ਵਿਚ ਬ੍ਰਿਟਿਸ਼ ਕੋਲੰਬੀਆ ਦਾ ਪੰਜਾਬੀ ਸਾਹਿਤ ਹਫਤੇ ਬਾਰੇ ਐਲਾਨ ਕਰਦੇ ਹੋਏ ਬੀਬੀ ਰਚਨਾ ਸਿੰਘ ਐੱਮ ਐੱਲ ਏ/ਨਸਲਵਾਦ ਵਿਰੋਧੀ ਸੰਸਦੀ ਸਕੱਤਰ, ਬੀ ਸੀ, ਕੈਨੇਡਾ (ਸਰਕਾਰੀ ਐਲਾਨ ਵਾਲੇ ਨੋਟੀਫੀਕੇਸ਼ਨ ਨਾਲ) ਅਤੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਬਰਜਿੰਦਰ ਸਿੰਘ ਢਾਹਾਂ, ਸ੍ਰੀ ਨੈਨ ਸੁੱਖ, ਡਾ. ਸਰਘੀ ਜੰਮੂ, ਸ੍ਰੀ ਬਲਬੀਰ ਮਾਧੋਪੁਰੀ, ਸ੍ਰੀ ਕੇਸਰਾ ਰਾਮ, ਸ੍ਰੀ ਸਾਧੂ ਬਿਨਿੰਗ, ਡਾ. ਖੋਲਾ ਇਫਤਿਖਾਰ ਚੀਮਾ, ਪ੍ਰੋ. ਡਾ. ਜਸਪਾਲ ਕੌਰ  ਅਤੇ ਸਮਾਗਮ ਦੀ ਸੰਚਾਲਨਾ ਕਰਦੇ ਹੋਏ ਬੀਬੀ ਤਰੰਨਮ ਥਿੰਦ


Virus-free. www.avast.com

Thursday, 4 November 2021

ਢਾਹਾਂ ਕਲੇਰਾਂ ਵਿਖੇ ਕੋਰਨਾ ਕਾਲ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀ ਸਨਮਾਨਿਤ

ਢਾਹਾਂ ਕਲੇਰਾਂ ਵਿਖੇ ਕੋਰਨਾ ਕਾਲ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀ ਸਨਮਾਨਿਤ
ਬੰਗਾ :  4 ਨਵੰਬਰ : ()  ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧ ਹੇਠਾਂ ਚੱਲਦੇ ਵੱਖ ਵੱਖ ਸੰਸਥਾਵਾਂ ਦੇ ਕਰਮਚਾਰੀਆਂ ਨੂੰ ਬੰਦੀਛੋੜ ਦਿਵਸ ਅਤੇ ਦੀਵਾਲੀ ਦੇ ਪਾਵਨ ਪਵਿੱਤਰ ਤਿਉਹਾਰ ਨੂੰ ਸਮਰਪਿਤ  ਹੋਏ ਦੀਵਾਲੀ ਸਮਾਗਮ ਮੌਕੇ ਕਰੋਨਾ ਮਹਾਂਮਾਰੀ ਕਾਲ ਦੌਰਾਨ ਨਿਭਾਈਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਨੇ ਟਰੱਸਟ ਵੱਲੋਂ ਸਮੂਹ ਸਟਾਫ ਨੂੰ ਬੰਦੀਛੋੜ ਦਿਵਸ ਅਤੇ ਦੀਵਾਲੀ ਦੀਆਂ  ਵਧਾਈਆਂ ਦਿੱਤੀਆਂ ਅਤੇ ਸਮੂਹ ਸਟਾਫ਼  ਨੂੰ ਤੋਹਫ਼ੇ ਭੇਟ ਕਰਕੇ ਸਨਮਾਨਿਤ ਕੀਤਾ। ਸ. ਕਾਹਮਾ ਨੇ ਕਿਹਾ ਕਿ ਕੋਰਨਾ ਮਹਾਂਮਾਰੀ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਸਮੂਹ ਸਟਾਫ਼ ਨੇ ਆਪਣੀਆਂ ਆਪਣੀਆਂ ਸੰਸਥਾਵਾਂ ਵਿਚ ਜਿਸ ਸੇਵਾ ਭਾਵਨਾ ਨਾਲ ਕੰਮ ਕੀਤਾ ਉਹ ਬਹੁਤ ਸ਼ਲਾਘਾਯੋਗ ਹੈ। ਕਿਉਂਕਿ ਕਿਸੇ ਦੀ ਅਦਾਰੇ ਦੀ ਸ਼ਾਨ ਉਸਦੇ ਵਧੀਆ ਕਰਮਚਾਰੀ ਹੁੰਦੇ ਹਨ ਅਤੇ ਜਿਹਨਾਂ ਦੇ ਉੱਦਮਾਂ ਸਦਕਾ ਹੀ ਅਦਾਰੇ ਹਮੇਸ਼ਾਂ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਤੱਕ ਪੁੱਜਦੇ ਹਨ, ਇਹ ਸਾਂਝੇ ਉੱਦਮ ਹੀ  ਸਾਡੇ ਸਮਾਜ ਦੀ  ਤਰੱਕੀ ਅਤੇ ਵਿਕਾਸ ਵਿਚ ਸਹਾਈ ਹੁੰਦੇ ਹਨ। ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਦੇ ਵਿਹੜੇ ਵਿਚ ਕਰਵਾਏ ਦੀਵਾਲੀ ਸਮਾਗਮ ਵਿਚ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਨੇ ਬੰਦੀਛੋੜ ਦਿਵਸ ਅਤੇ ਦੀਵਾਲੀ ਦੀਆਂ ਵਧਾਈਆਂ ਦਿੰਦੇ ਹੋਏ ਸਮੂਹ ਸਟਾਫ਼ ਨੂੰ ਸੇਵਾ ਭਾਵਨਾ ਨਾਲ ਕੰਮ ਕਰਨ ਪ੍ਰੇਰਿਤ ਕੀਤਾ । ਸ. ਢਾਹਾਂ ਨੇ  ਦੱਸਿਆ ਕਿ ਲੋਕ ਸੇਵਾ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ  ਪਿਛਲੇ 40 ਵਰ੍ਹਿਆਂ ਤੋਂ ਪੇਂਡੂ ਤੇ ਪੱਛੜੇ ਖੇਤਰ ਵਿਚ ਗਰੀਬ, ਲੋੜਵੰਦਾਂ ਨੂੰ ਵਧੀ ਸਿਹਤ ਸਹੂਲਤਾਂ ਅਤੇ ਵਿੱਦਿਅਕ ਸੇਵਾਵਾਂ ਦੇਸ ਵਿਦੇਸ਼ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਪ੍ਰਦਾਨ ਕਰਵਾ ਰਿਹਾ ਹੈ। 
        ਇਸ ਸਮਾਗਮ ਵਿਚ ਸ. ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ ਅਤੇ ਸ ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਕਮੇਟੀ ਅਤੇ ਖਜ਼ਾਨਚੀ ਨੇ ਸਮੂਹ ਸਟਾਫ਼ ਨੂੰ ਬੰਦੀਛੋੜ ਦਿਵਸ ਅਤੇ ਦੀਵਾਲੀ ਦੇ ਤਿਉਹਾਰ ਦੀਆਂ ਵਧਾਈਆਂ ਦਿੰਦੇ ਹੋਏ ਆਪਣੇ ਕਰ ਕਮਲਾਂ ਨਾਲ ਤੋਹਫੇ ਭੇਟ ਕੀਤੇ। ਇਸ ਮੌਕੇ  ਸ. ਜਗਜੀਤ ਸਿੰਘ ਸੋਢੀ ਟਰੱਸਟ ਪ੍ਰਬੰਧਕ ਮੈਂਬਰ, ਡਾ. ਰਵਿੰਦਰ ਖਜ਼ੂਰੀਆ ਆਰਥੋਪੈਡਿਕ ਸਰਜਨ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ, ਮੈਡਮ ਵਨੀਤਾ ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ, ਸ. ਮਹਿੰਦਰਪਾਲ ਸਿੰਘ ਸੁਪਰਡੈਂਟ ਟਰੱਸਟ,  ਸ. ਵਰਿੰਦਰ ਸਿੰਘ ਬਰਾੜ ਮੁੱਖੀ ਐੱਚ ਆਰ , ਡਾ. ਜਸਦੀਪ ਸਿੰਘ ਸੈਣੀ (ਸਿਰ ਤੇ ਰੀੜ੍ਹ ਦੀ ਹੱਡੀ ਦੇ ਅਪਰੇਸ਼ਨਾਂ ਦੇ ਮਾਹਿਰ), ਡਾ. ਮੁਕਲ ਬੇਦੀ (ਸਰੀਰਕ ਬਿਮਾਰੀਆਂ ਦੇ ਮਾਹਿਰ), ਡਾ. ਨਵਜੋਤ ਸਿੰਘ ਸਹੋਤਾ( ਕੈਂਸਰ ਰੋਗਾਂ, ਦੂਰਬੀਨੀ ਅਤੇ ਵੱਡੇ ਅਪਰੇਸ਼ਨਾਂ ਦੇ ਮਾਹਿਰ), ਡਾ. ਮਹਿਕ ਅਰੋੜਾ (ਨੱਕ, ਕੰਨ ਤੇ ਗਲੇ ਦੀਆਂ ਬਿਮਾਰੀਆਂ ਦੇ ਮਾਹਿਰ, ਡਾ. ਚਾਂਦਨੀ ਬੱਗਾ (ਔਰਤਾਂ ਦੀਆਂ ਬਿਮਾਰੀਆਂ ਦੇ ਮਾਹਿਰ), ਡਾ. ਗੁਰਸਵਰੀਨ ਕੌਰ ਕਾਹਲੋਂ(ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ), ਡਾ. ਰਾਹੁਲ ਗੋਇਲ (ਲੈਬ ਟੈਸਟ ਦੇ ਮਾਹਿਰ ਪੈਥੋਲਜਿਸਟ), ਡਾ. ਟੀ. ਅਗਰਵਾਲ(ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ), ਡਾ. ਹਰਜੋਤਵੀਰ ਸਿੰਘ ਰੰਧਾਵਾ (ਦੰਦਾਂ ਦੀਆਂ ਬਿਮਾਰੀਆਂ ਦੇ ਮਾਹਿਰ), ਡਾ. ਕਿਰਨਜੀਤ ਕੌਰ ਅਟਵਾਲ(ਦੰਦਾਂ ਦੀਆਂ ਬਿਮਾਰੀਆਂ ਦੇ ਮਾਹਿਰ),  ਡਾ. ਦੀਪਕ ਦੁੱਗਲ (ਬੇਹੋਸ਼ੀ ਦੇ ਮਾਹਿਰ), ਡਾ. ਰਵੀਨਾ (ਫਿਜ਼ੀਉਥੈਰੇਪੀ ਦੇ ਮਾਹਿਰ), ਡੀ. ਟੀ. ਰੋਨਿਕਾ ਕਾਹਲੋਂ(ਡਾਈਟੀਸ਼ੀਅਨ), ਮੈਡਮ ਸਰਬਜੀਤ ਕੌਰ ਨਰਸਿੰਗ ਸੁਪਰਡੈਂਟ ਤੋਂ ਇਲਾਵਾ ਟਰੱਸਟ ਅਧੀਨ ਚੱਲਦੇ ਸਮੂਹ ਅਦਾਰਿਆਂ ਦੇ ਵਿਭਾਗਾਂ ਦੇ ਮੁੱਖੀ  ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ। ਇਸ ਮੌਕੇ ਸਮੂਹ ਸਟਾਫ ਲਈ ਵਿਸ਼ੇਸ਼ ਚਾਹ-ਪਾਰਟੀ ਦਾ ਦੀ ਖਾਸ ਪ੍ਰਬੰਧ ਕੀਤਾ ਗਿਆ ਸੀ।
ਫੋਟੋ ਕੈਪਸ਼ਨ : ਫੋਟੋ ਕੈਪਸ਼ਨ :  ਢਾਹਾਂ ਕਲੇਰਾਂ ਵਿਖੇ ਕੋਰਨਾ ਕਾਲ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਸਟਾਫ਼ ਨੂੰ ਸਨਮਾਨਿਤ ਕਰਦੇ ਹੋਏ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ, ਸ. ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਸ ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਕਮੇਟੀ ਅਤ ਸ. ਜਗਜੀਤ ਸਿੰਘ ਸੋਢੀ ਟਰੱਸਟ ਪ੍ਰਬੰਧਕ ਮੈਬਰ

Wednesday, 3 November 2021

ਕਾਰਲਟਨ ਯੂਨੀਵਰਸਿਟੀ ਕੈਨੇਡਾ ਤੋਂ ਹੈਲਥ ਕੇਅਰ ਪ੍ਰੌਫੈਸ਼ਨਲ ਕੋਰਸ ਪਾਸ ਕਰਨ ਵਾਲੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਨਰਸਿੰਗ ਅਧਿਆਪਕਾਂ ਦਾ ਸਨਮਾਨ

ਕਾਰਲਟਨ ਯੂਨੀਵਰਸਿਟੀ ਕੈਨੇਡਾ ਤੋਂ ਹੈਲਥ ਕੇਅਰ ਪ੍ਰੌਫੈਸ਼ਨਲ ਕੋਰਸ ਪਾਸ ਕਰਨ ਵਾਲੇ
ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ  ਨਰਸਿੰਗ ਅਧਿਆਪਕਾਂ ਦਾ ਸਨਮਾਨ

ਬੰਗਾ : 3 ਨਵੰਬਰ : ( ) ਪੰਜਾਬ ਦੇ ਪੇਂਡੂ ਇਲਾਕੇ ਵਿਚ ਨਰਸਿੰਗ ਵਿੱਦਿਆ ਪ੍ਰਦਾਨ ਕਰ ਰਹੀ ਸੰਸਥਾ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਕਾਰਲਟਨ ਯੂਨੀਵਰਸਿਟੀ ਕੈਨੇਡਾ ਤੋਂ ਹੈਲਥ ਕੇਅਰ ਪ੍ਰੋਫੈਸ਼ਨਲ ਕੋਰਸ ਪਾਸ ਕਰਨ ਵਾਲੇ ਨਰਸਿੰਗ ਅਧਿਆਪਕਾਂ ਦਾ ਦੀਵਾਲੀ ਸਮਾਗਮ ਮੌਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਕਿਹਾ ਕਿ ਪਿੰਡ ਢਾਹਾਂ-ਕਲੇਰਾਂ ਦੀਆਂ ਪਵਿੱਤਰ ਧਰਤੀਆਂ ਤੇ ਉਸ ਵੇਲੇ ਨਵਾਂ ਇਤਿਹਾਸ ਸਿਰਜਿਆ ਗਿਆ ਹੈ ਜਦੋਂ ਪੇਂਡੂ ਇਲਾਕੇ ਦੀ ਪ੍ਰਮੁੱਖ ਨਰਸਿੰਗ ਵਿੱਦਿਅਕ ਸੰਸਥਾ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ 29 ਅਧਿਆਪਕਾਂ ਨੇ ਕੈਨੇਡਾ ਦੀ ਪ੍ਰਸਿੱਧ ਯੂਨੀਵਰਸਿਟੀ ਤੋਂ ਆਨ ਲਾਈਨ ਹੈਲਥ ਕੇਅਰ ਪ੍ਰੋਫੈਸ਼ਨਲ ਡਿਪੈਲਪਮੈਂਟ ਕੋਰਸ ਪਾਸ ਕਰਕੇ ਆਪਣਾ, ਆਪਣੇ ਨਰਸਿੰਗ ਕਾਲਜ ਅਤੇ ਟਰੱਸਟ ਦਾ ਨਾਮ ਰੋਸ਼ਨ ਕੀਤਾ ਹੈ। ਇਸ ਕੋਰਸ ਇਨ ਸਰਵਿਸ ਐਜ਼ੂਕੇਸ਼ਨਲ ਪ੍ਰੋਗਰਾਮ ਮਿਸ਼ਨ ਤਹਿਤ ਹੋਇਆ ਹੈ ਜਿਸ ਨਾਲ ਨਰਸਿੰਗ ਅਧਿਆਪਕ ਹੁਣ ਆਧੁਨਿਕ ਨਵੀਆਂ ਤਕਨੀਕਾਂ ਦੁਆਰਾ ਵਿਦਿਆਰਥੀਆਂ ਨੂੰ ਇੰਟਰਨੈਸ਼ਨਲ ਪੱਧਰ ਦੀ ਨਰਸਿੰਗ ਪੜ੍ਹਾਈ  ਕਰਵਾ ਸਕਣਗੇ । ਸ. ਕਾਹਮਾ ਨੇ ਕਿਹਾ ਕਿ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦਾ ਕਾਰਲਟਨ ਯੂਨੀਵਰਸਿਟੀ ਉਟਾਵਾ ਕੈਨੇਡਾ ਨਾਲ ਸਾਲ 2019 ਵਿਚ ਵਿੱਦਿਅਕ ਸਮਝੌਤਾ  ਹੋਇਆ ਸੀ ਜਿਸ ਅਧੀਨ  ਢਾਹਾਂ ਕਲੇਰਾਂ ਦੀਆਂ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀ ਹਰ ਸਾਲ ਕੈਨੇਡਾ ਵਿਖੇ ਪੜ੍ਹਨ ਜਾਂਦੇ ਹਨ ਅਤੇ ਕੈਨੇਡਾ ਦੀ ਵਿਦਿਅਕ ਸੰਸਥਾ ਕਾਰਲਟਨ ਯੂਨੀਵਰਸਿਟੀ ਉਟਾਵਾ ਕੈਨੇਡਾ ਦੇ ਵਿਦਿਆਰਥੀ ਢਾਹਾਂ ਕਲੇਰਾਂ ਵਿਖੇ ਨਰਸਿੰਗ ਕਾਲਜ ਵਿਚ ਪੜ੍ਹਨ ਆਉਣਗੇ। ਇਸ ਵਿਦਿਅਕ ਸਮਝੌਤੇ ਨਾਲ ਦੋਵਾਂ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਇੰਟਰਨੈਸ਼ਨਲ ਪੱਧਰ ਦੀਆਂ ਨਵੀਨਤਮ ਤਕਨੀਕਾਂ ਨਾਲ ਨਰਸਿੰਗ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਪ੍ਰਾਪਤ ਹੋਵੇਗਾ । ਸਨਮਾਨ ਸਮਾਰੋਹ ਵਿਚ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਨੇ ਕੋਰਸ ਪਾਸ ਕਰਨ ਵਾਲੇ ਨਰਸਿੰਗ ਅਧਿਆਪਕਾਂ ਨੂੰ ਸਮੂਹ ਟਰੱਸਟ ਵੱਲੋਂ ਵਧਾਈ ਦਿੱਤੀ । ਸ. ਢਾਹਾਂ ਨੇ  ਕਾਰਲਟਨ ਯੂਨੀਵਰਸਿਟੀ ਨਾਲ ਹੋਈ ਵਿਦਿਅਕ ਸਾਂਝ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਸ. ਬਰਜਿੰਦਰ ਸਿੰਘ ਢਾਹਾਂ ਦੇ ਉੱਦਮਾਂ ਨਾਲ ਕੈਨੇਡਾ ਦੀਆਂ ਵੱਖ ਵੱਖ ਵਿਦਿਅਕ ਅਤੇ ਮੈਡੀਕਲ ਸਿੱਖਿਆ ਸੰਸਥਾਵਾਂ ਨਾਲ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ  ਦੇ ਪ੍ਰਬੰਧ ਹੇਠਾਂ ਚੱਲ ਰਹੇ ਨਰਸਿੰਗ ਕਾਲਜ ਅਤੇ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਅਕ ਸਾਂਝ ਸਮਝੌਤੇ ਹੋਏ ਹਨ । ਇਸ ਮੌਕੇ ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਨੇ ਨਰਸਿੰਗ ਟੀਚਰਾਂ ਦੀ ਵਿਦਿਅਕ ਯੋਗਤਾ ਨੂੰ ਹੋਰ ਉੱਚਾ ਕਰਨ ਲਈ ਕੀਤੇ ਵਿਸ਼ੇਸ਼  ਯਤਨਾਂ ਲਈ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਇਸ ਕੋਰਸ ਕਰਨ ਵਾਲੇ ਸਮੂਹ ਅਧਿਆਪਕ ਵਿਦਿਆਰਥੀਆਂ ਨੂੰ ਹੋਰ ਵੀ ਵਧੀਆ ਪੜ੍ਹਾਈ ਕਰਵਾਉਣ ਦੇ ਸਮਰੱਥ ਹੋਣਗੇ। ਇਸ ਮੌਕੇ ਸਰਵ ਸ੍ਰੀ ਸ. ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਸ ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਕਮੇਟੀ ਅਤੇ ਖਜ਼ਾਨਚੀ, ਸ. ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ, ਵਰਿੰਦਰ ਸਿੰਘ ਬਰਾੜ ਮੁਖੀ ਐੱਚ ਆਰ, ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ, ਮੈਡਮ ਵਨੀਤਾ ਚੋਟ ਪ੍ਰਿੰਸੀਪਲ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਮੈਡਮ ਸੁਖਮਿੰਦਰ ਕੌਰ, ਮੈਡਮ ਨਵਜੋਤ ਕੌਰ ਸਹੋਤਾ, ਮੈਡਮ ਹਰਨੀਤ ਕੌਰ, ਮੈਡਮ ਸਰੋਜ ਬਾਲਾ, ਸਮੂਹ ਨਰਸਿੰਗ ਕਾਲਜ ਸਟਾਫ਼, ਵਿਦਿਆਰਥੀ, ਗੁਰੂ ਨਾਨਕ ਮਿਸ਼ਨ ਹਸਪਤਾਲ ਸਟਾਫ਼ ਅਤੇ ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ਼ ਮੈਂਬਰ ਹਾਜ਼ਰ ਸਨ।
ਫ਼ੋਟੋ ਕੈਪਸ਼ਨ : ਕਾਰਲਟਨ ਯੂਨੀਵਰਸਿਟੀ ਕੈਨੇਡਾ ਤੋਂ ਹੈਲਥ ਕੇਅਰ ਪ੍ਰੌਫੈਸ਼ਨਲ ਕੋਰਸ ਪਾਸ ਕਰਨ ਵਾਲੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ  ਨਰਸਿੰਗ ਅਧਿਆਪਕਾਂ ਦਾ ਸਨਮਾਨ ਉਪਰੰਤ ਯਾਦਗਾਰੀ ਤਸਵੀਰ