Wednesday, 28 June 2023

ਢਾਹਾਂ ਕਲੇਰਾਂ ਹਸਪਤਾਲ ਵਿਖੇ ਲੇਜ਼ਰ ਸਰਜਰੀ ਨਾਲ ਗਰੀਸ ਤੋਂ ਆਏ ਮਰੀਜ਼ ਦੀਆਂ ਫੁੱਲੀਆਂ ਨਾੜਾਂ ਦਾ ਸਫਲ ਇਲਾਜ ਡਾ. ਅੰਕਿਤ ਰੇਖੀ ਨੇ ਕੀਤਾ

ਢਾਹਾਂ ਕਲੇਰਾਂ ਹਸਪਤਾਲ ਵਿਖੇ ਲੇਜ਼ਰ ਸਰਜਰੀ ਨਾਲ ਗਰੀਸ ਤੋਂ ਆਏ ਮਰੀਜ਼ ਦੀਆਂ ਫੁੱਲੀਆਂ ਨਾੜਾਂ ਦਾ ਸਫਲ ਇਲਾਜ ਡਾ. ਅੰਕਿਤ ਰੇਖੀ ਨੇ ਕੀਤਾ
ਬੰਗਾ : 28 ਜੂਨ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਲੇਜ਼ਰ ਸਰਜਨ ਅਤੇ ਮੋਟਾਪੇ ਘਟਾਉਣ ਦੇ ਮਾਹਿਰ ਡਾ. ਅਕਿੰਤ ਰੇਖੀ ਐਮ. ਐਸ, ਐਫ.ਐਨ.ਬੀ. ਨੇ ਲੇਜ਼ਰ ਸਰਜਰੀ ਨਾਲ ਗਰੀਸ ਤੋਂ ਆਏ ਮਰੀਜ਼ ਦੀਆਂ ਫੁੱਲੀਆਂ ਨਾੜਾਂ ਦਾ ਸਫਲ ਇਲਾਜ ਕਰਨ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ  ਪਿੰਡ ਰੁੜਕੀ ਖਾਸ ਦੇ ਵਾਸੀ 45 ਸਾਲਾ ਮਨਮੋਹਨ ਸਿੰਘ ਦੀਆਂ ਲੱਤਾਂ ਦੀਆਂ ਫੁੱਲੀਆਂ ਨਾੜਾਂ ਦੀ ਬਿਮਾਰੀ ਕਰਕੇ ਪਿਛਲੇ ਦਸ ਸਾਲਾਂ ਤੋਂ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ। ਜਿਸ ਕਰਕੇ ਲੱਤਾਂ ਅਤੇ ਪੈਰ ਸੁੱਜ ਜਾਂਦੇ ਸਨ ਅਤੇ ਯੂਰਪ ਦੇ ਦੇਸ਼ ਗਰੀਸ ਵਿਚ  ਨੌਕਰੀ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਸੀ। ਆਖਰ ਉਹ ਵਿਦੇਸ਼ ਤੋਂ ਇਲਾਜ ਕਰਵਾਉਣ ਪੰਜਾਬ ਆਏ ਅਤੇ ਮਨਮੋਹਨ ਸਿੰਘ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਾਹਿਰ ਲੇਜ਼ਰ ਸਰਜਨ ਡਾ. ਅਕਿੰਤ ਰੇਖੀ ਐਮ. ਐਸ, ਐਫ. ਐਨ.ਬੀ. ਤੋਂ ਆਪਣੀ ਜਾਂਚ ਕਰਵਾਈ । ਬਿਮਾਰੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਡਾ. ਅੰਕਿਤ ਰੇਖੀ ਐਮ ਐਸ ਨੇ ਮਰੀਜ਼ ਮਨਮੋਹਨ ਸਿੰਘ ਦੀਆਂ ਲੱਤਾਂ ਦੀਆਂ ਫੁੱਲੀਆਂ ਨਾੜਾਂ ਦਾ ਲੇਜ਼ਰ ਸਰਜਰੀ ਨਾਲ ਸਫਲ ਅਪਰੇਸ਼ਨ ਕੀਤਾ ਅਤੇ ਅਪਰੇਸ਼ਨ ਉਪਰੰਤ 24 ਘੰਟੇ ਵਿਚ ਹੀ ਮਰੀਜ਼ ਨੂੰ ਤੰਦਰੁਸਤ ਕਰਕੇ ਚੱਲਣ-ਫਿਰਨ ਕਾਬਲ ਬਣਾ ਦਿੱਤਾ ਹੈ। ਡਾ ਅਕਿੰਤ ਰੇਖੀ ਨੇ ਦੱਸਿਆ ਕਿ ਲੇਜ਼ਰ ਸਰਜਰੀ ਨਾਲ ਫੁੱਲੀਆਂ ਨਾੜਾਂ ਦੇ  ਮਰੀਜ਼ਾਂ ਨੂੰ ਕਿਸੇ ਵੀ ਪ੍ਰਕਾਰ ਦੇ ਵੱਡੇ ਕੱਟ ਅਤੇ ਟਾਂਕੇ ਲਗਾਉੇਣ ਦੀ ਜਰੂਰਤ ਨਹੀ ਪੈਂਦੀ ਹੈ ਅਤੇ 24 ਘੰਟੇ ਵਿਚ ਹੀ ਹਸਪਤਾਲ ਤੋਂ ਛੁੱਟੀ ਮਿਲ ਜਾਂਦੀ ਹੈ।ਜਿੱਥੇ ਕਿ ਰਵਾਇਤੀ ਵੱਡੇ ਅਪਰੇਸ਼ਨ ਵਿਚ ਮਰੀਜ਼ ਨੂੰ ਹਸਪਤਾਲ ਵਿੱਚ ਲੰਬਾ ਸਮਾਂ ਦਾਖਲ ਰਹਿਣਾ ਪੈਂਦਾ ਸੀ । ਇੱਕ ਦਿਨ ਦਾ ਅਰਾਮ ਕਰਨ ਬਾਅਦ ਮਰੀਜ਼ ਆਪਣੇ ਰੋਜ਼ਾਨਾ ਦੇ ਸਾਰੇ ਕੰਮ ਕਾਰ ਖੁਦ ਕਰ ਸਕਦਾ ਹੈ। ਇਸ ਮੌਕੇ ਹਪਸਤਾਲ ਪ੍ਰਬੰਧਕ ਟਰੱਸਟ ਦੇ ਜਨਰਲ ਸਕੱਤਰ ਸ. ਕੁਲਵਿੰਦਰ ਸਿੰਘ ਢਾਹਾਂ ਨੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਸਮੂਹ ਟਰੱਸਟ ਮੈਂਬਰਾਂ ਵੱਲੋ ਡਾ. ਅਕਿੰਤ ਰੇਖੀ ਐਮ. ਐਸ, ਐਫ. ਐਨ.ਬੀ. ਅਤੇ ਉਹਨਾਂ ਦੀ ਸਮੂਹ ਮੈਡੀਕਲ ਟੀਮ ਨੂੰ ਲੇਜ਼ਰ ਸਰਜਰੀ ਨਾਲ ਸ਼ਾਨਦਾਰ ਅਪਰੇਸ਼ਨ ਕਰਨ ਦੀਆਂ ਵਧਾਈਆਂ ਦਿੱਤੀਆਂ। ਉਹਨਾਂ ਦੱਸਿਆ ਕਿ ਹਸਪਤਾਲ ਵਿਖੇ ਲੇਜ਼ਰ ਸਰਜਰੀ ਵਿਭਾਗ ਵਿਚ ਹਰ ਤਰ੍ਹਾਂ ਦੇ ਅਪਰੇਸ਼ਨ ਕਰਨ ਲਈ ਆਧੁਨਿਕ ਯੰਤਰ ਅਤੇ ਨਵੀਨਤਮ ਪ੍ਰਬੰਧ ਹਨ । ਮਰੀਜ਼ ਮਨਮੋਹਨ ਸਿੰਘ ਰੁੜਕੀ ਖਾਸ ਨੇ ਲੇਜ਼ਰ ਸਰਜਰੀ ਨਾਲ ਲੱਤਾਂ ਦੀਆਂ ਫੁੱਲੀਆਂ ਨਾੜਾਂ ਦਾ ਵਧੀਆ ਅਪਰੇਸ਼ਨ ਕਰਨ ਲਈ  ਹਸਪਤਾਲ ਢਾਹਾਂ ਕਲੇਰਾਂ ਦੇ ਲੇਜ਼ਰ ਸਰਜਨ ਡਾ. ਅੰਕਿਤ ਰੇਖੀ ਅਤੇ ਹਸਪਤਾਲ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ। ਇਸ ਮੌਕੇ ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਡਾ. ਐਸ. ਐਸ. ਗਿੱਲ ਡਾਇਰੈਕਟਰ ਸਿਹਤ ਸੇਵਾਵਾਂ, ਸ. ਵਰਿੰਦਰ ਸਿੰਘ ਬਰਾੜ  ਐਚ ਆਰ ਮੁੱਖੀ,  ਡਾ. ਅਕਿੰਤ ਰੇਖੀ ਐਮ. ਐਸ, ਐਫ. ਐਨ.ਬੀ. ਅਤੇ ਮਰੀਜ਼ ਮਨਮੋਹਨ ਸਿੰਘ ਦੇ ਪਰਿਵਾਰਿਕ ਮੈਂਬਰ ਵੀ ਹਾਜ਼ਰ ਸੀ। ਵਰਨਣਯੋਗ ਹੈ ਕਿ  ਡਾ. ਅਕਿੰਤ ਰੇਖੀ ਐਮ. ਐਸ, ਐਫ. ਐਨ.ਬੀ. ਲੇਜ਼ਰ ਨਾਲ ਮੋਟਾਪਾ ਘਟਾਉਂਣ, ਫੁੱਲੀਆਂ ਨਾੜ੍ਹਾਂ, ਹਰ ਤਰ੍ਹਾਂ ਬਵਾਸੀਰ, ਭੰਗਦਰ ਦਾ ਫੋੜਾ ਅਤੇ ਪਾਇਲੋਨਾਡਿਲ ਦੇ ਇਲਾਜ ਅਤੇ ਅਪਰੇਸ਼ਨ ਕਰਨ ਦੇ ਮਾਹਿਰ ਡਾਕਟਰ ਸਨ।
ਫੋਟੋ ਕੈਪਸ਼ਨ : ਹਸਪਤਾਲ ਢਾਹਾਂ ਕਲੇਰਾਂ ਵਿਖੇ ਲੇਜ਼ਰ ਸਰਜਰੀ ਦੇ ਸਫਲ ੳਪਰੇਸ਼ਨ ਬਾਅਦ ਮਰੀਜ਼ ਮਨਮੋਹਨ ਸਿੰਘ ਨਾਲ ਖੁਸ਼ੀ ਭਰੇ ਮਾਹੌਲ ਵਿਚ ਹਸਪਤਾਲ ਪ੍ਰਬੰਧਕ ਅਤੇ ਡਾ. ਅਕਿੰਤ ਰੇਖੀ ਐਮ. ਐਸ, ਐਫ. ਐਨ.ਬੀ.

Wednesday, 21 June 2023

ਗੁਰੂ ਨਾਨਕ ਕਾਲਜ ਆਫ ਨਰਸਿੰਗ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ

ਨਰਸਿੰਗ ਕਾਲਜ ਢਾਹਾਂ ਕਲੇਰਾਂ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ
ਬੰਗਾ 21 ਜੂਨ ()  ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਕਾਲਜ ਪ੍ਰਬੰਧਕ ਟਰੱਸਟ ਗੁਰੂ ਨਾਨਕ ਮਿਸ਼ਨ ਮੈਡੀਕਲ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਪ੍ਰਿੰਸੀਪਲ ਸੁਰਿੰਦਰ ਕੌਰ ਜਸਪਾਲ ਦੀ ਅਗਵਾਈ ਤੇ ਵਾਈਸ ਪ੍ਰਿੰਸੀਪਲ ਰਮਨਦੀਪ ਕੌਰ ਦੀ ਨਿਗਰਾਨੀ ਹੇਠਾਂ ਅੰਤਰ-ਰਾਸ਼ਟਰੀ ਯੋਗ ਦਿਵਸ  ਮਨਾਇਆ ਗਿਆ । ਇਸ ਮੌਕੇ ਪ੍ਰਿੰਸੀਪਲ ਸੁਰਿੰਦਰ ਜਸਪਾਲ  ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਯੋਗ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ ਅਤੇ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਵੀ ਬਣਾਉਣਾ ਚਾਹੀਦਾ ਹੈ , ਕਿਉਂਕਿ  ਯੋਗਾ ਕਰਨ ਨਾਲ ਸਾਡਾ ਸਰੀਰ ਅਤੇ ਮਨ ਤੰਦਰੁਸਤ ਰਹਿੰਦਾ ਹੈ । ਮੈਡਮ ਨਵਜੋਤ ਕੌਰ ਸਹੋਤਾ ਐਸੋਸੀਏਟ ਪ੍ਰੌਫੈਸਰ ਨੇ ਜੀ ਐਨ ਐਮ ਦੇ ਨਰਸਿੰਗ ਵਿਦਿਆਰਥੀ ਦੇ ਸਹਿਯੋਗ ਨਾਲ ਸਮੂਹ ਨਰਸਿੰਗ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵੱਖ-ਵੱਖ ਯੋਗ ਕ੍ਰਿਆਵਾਂ ਦਾ ਅਭਿਆਸ ਵੀ ਕਰਵਾਇਆ ਅਤੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ। ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਮੌਕੇ ਕਾਲਜ ਅਧਿਆਪਕਾਂ, ਹੋਸਟਲ ਵਾਰਡਨ ਅਤੇ ਨਰਸਿੰਗ ਵਿਦਿਆਰਥੀ ਤੋਂ ਇਲਾਵਾ ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ ਦੇ ਸੀਨੀਅਰ ਅਫਸਰ ਜੀਵਨਵੀਰ ਸਿੰਘ ਚੰਡੀਗੜ੍ਹ ਅਤੇ ਬੈਂਕ ਸਟਾਫ ਮੈਂਬਰ ਵੀ ਹਾਜ਼ਰ ਸਨ । ਇਸ ਮੌਕੇ ਅੰਤਰਰਾਸ਼ਟਰੀ ਯੋਗ ਦਿਵਸ ਸਮਾਗਮ ਸ਼ਾਮਿਲ ਵਿਦਿਆਰਥੀਆਂ ਲਈ ਦੁੱਧ ਅਤੇ ਕੇਲਿਆਂ ਦੀ ਰਿਫੈਰਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ  ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ ਵੱਲੋਂ ਕੀਤਾ ਗਿਆ ਸੀ।
ਫੋਟੋ ਕੈਪਸ਼ਨ  :  ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਨਰਸਿੰਗ ਵਿਦਿਆਰਥੀ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਯੋਗਾ ਕਰਦੇ ਹੋਏ

ਹਸਪਤਾਲ ਢਾਹਾਂ ਕਲੇਰਾਂ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਨੁਕੜ ਨਾਟਕ ਹੋਇਆ

ਹਸਪਤਾਲ ਢਾਹਾਂ ਕਲੇਰਾਂ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਨੁਕੜ ਨਾਟਕ ਹੋਇਆ
ਬੰਗਾ 21 ਜੂਨ  () ਇਲਾਕੇ ਦੇ ਉੱਚ ਪੱਧਰੀ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਅੱਜ ਅੰਤਰ-ਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਸਮਾਗਮ ਵਿਚ ਨੁਕੜ ਨਾਟਕ ਦੀ ਪੇਸ਼ਕਾਰੀ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਵੱਲੋਂ ਕੀਤੀ ਗਈ। ਜਿਸ 
ਵਿਚ ਲੋਕਾਂ ਨੂੰ ਤੰਦਰੁਸਤ ਰਹਿਣ ਲਈ ਯੋਗ ਦੀ ਮਹਾਨਤਾ ਬਾਰੇ ਜਾਗੁਰਕ ਕੀਤਾ ਗਿਆ ਸੀ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ  ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਸ.ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਅਤੇ ਪ੍ਰਿੰਸੀਪਲ ਡਾ, ਸੁਰਿੰਦਰ ਜਸਪਾਲ ਸ਼ਾਮਿਲ ਸਨ । ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਨੇ ਸੰਬੋਧਨ ਕਰਦੇ ਕਿਹਾ ਕਿ ਯੋਗ ਆਸਣ ਸਾਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਸਿਹਤਮੰਦ ਰੱਖਣ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ । ਇਸੇ ਲਈ  ਯੋਗਾ ਕਰਨ ਵਾਲਾ ਇਨਸਾਨ ਆਮ ਵਿਅਕਤੀਆਂ ਨਾਲੋਂ ਜ਼ਿਆਦਾ ਤੰਦਰੁਸਤ, ਤਾਕਤਵਰ ਅਤੇ ਖੁਸ਼ ਰਹਿੰਦਾ ਹੈ। ਜਿਸ ਕਰਕੇ ਦੁਨੀਆ ਭਰ ਵਿਚ ਆਮ ਲੋਕਾਈ ਨੂੰ ਜਾਗਰੁਕ ਕਰਨ ਲਈ  ਹਰ ਸਾਲ 21 ਜੂਨ ਨੂੰ 'ਅੰਤਰਰਾਸ਼ਟਰੀ ਯੋਗਾ ਦਿਵਸ' ਮਨਾਇਆ ਜਾਂਦਾ ਹੈ । ਸ. ਢਾਹਾਂ ਨੇ ਸਮੂਹ ਨਰਸਿੰਗ ਵਿਦਿਆਰਥੀਆਂ ਅਤੇ ਇਕੱਤਰ ਜਨ ਸਮੂਹ ਨੂੰ ਜੀਵਨ ਭਰ ਤੰਦਰੁਸਤ ਰਹਿਣ ਲਈ ਯੋਗ ਆਸਣ ਕਰਨ ਲਈ ਪ੍ਰੇਰਿਤ ਵੀ ਕੀਤਾ। ਇਸ ਮੌਕੇ ਵਾਈਸ ਪ੍ਰਿੰਸੀਪਲ ਰਮਨਦੀਪ ਕੌਰ ਨੇ ਸਮੂਹ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਧੰਨਵਾਦ ਕੀਤਾ।  ਇਸ ਮੌਕੇ ਮੈਡਮ ਨਵਜੋਤ ਕੌਰ ਸਹੋਤਾ, ਮੈਡਮ ਮਨਪ੍ਰੀਤ ਕੌਰ, ਮੈਡਮ ਰੀਤੂ, ਮੈਡਮ ਹਰਵਿੰਦਰ ਕੌਰ, ਮੈਡਮ ਰਾਜਵਿੰਦਰ ਕੌਰ, ਮੈਡਮ ਰਵਨੀਤ ਸਰੋਆ,  ਮਨਜਿੰਦਰ ਕੌਰ, ਤੋਂ ਇਲਾਵਾ ਸਮੂਹ ਨਰਸਿੰਗ ਵਿਦਿਆਰਥੀ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਹਸਪਤਾਲ ਢਾਹਾਂ ਕਲੇਰਾਂ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਹੋਏ ਸਮਾਗਮ ਨੂੰ ਸੰਬੋਧਨ ਕਰਦੇ ਕੁਲਵਿੰਦਰ ਸਿੰਘ ਢਾਹਾਂ ਅਤੇ ਯੋਗਾ ਨੁੜਕ ਨਾਟਕ ਦੀਆਂ ਤਸਵੀਰਾਂ

Friday, 16 June 2023

ਭਾਰਤ ਸਰਕਾਰ ਦੇ ਡਾ. ਅੰਬੇਡਕਰ ਫਾਊਂਡੇਸ਼ਨ ਦੇ ਮੈਂਬਰ ਦੇ ਮੈਂਬਰ ਮਨਜੀਤ ਬਾਲੀ ਨੇ ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਬੰਧਕਾਂ ਨਾਲ ''ਸਿਹਤ ਸਹਾਇਤਾ ਯੋਜਨਾ '' ਸਬੰਧੀ ਕੀਤੀ ਮੀਟਿੰਗ

ਭਾਰਤ ਸਰਕਾਰ ਦੇ ਡਾ. ਅੰਬੇਡਕਰ ਫਾਊਂਡੇਸ਼ਨ ਦੇ ਮੈਂਬਰ ਦੇ ਮੈਂਬਰ ਮਨਜੀਤ ਬਾਲੀ ਨੇ
ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਬੰਧਕਾਂ ਨਾਲ ''ਸਿਹਤ ਸਹਾਇਤਾ ਯੋਜਨਾ ''  ਸਬੰਧੀ ਕੀਤੀ ਮੀਟਿੰਗ


ਬੰਗਾ 16 ਜੂਨ :() ਅੱਜ ਡਾ. ਅੰਬੇਡਕਰ ਫਾਊਂਡੇਸ਼ਨ ਸਮਾਜਿਕ ਨਿਆਂ ਅਤੇ ਸ਼ਸ਼ਕਤੀਕਰਨ ਮੰਤਰਾਲਾ ਭਾਰਤ ਸਰਕਾਰ ਦੇ ਮੈਂਬਰ ਸ੍ਰੀ ਮਨਜੀਤ ਬਾਲੀ ਆਪਣੇ ਵਿਸ਼ੇਸ਼ ਦੌਰੇ ਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਪੁੱਜੇ ਅਤੇ ਹਸਪਤਾਲ ਵਿਖੇ ਭਾਰਤ ਸਰਕਾਰ ਦੀ ''ਸਿਹਤ ਸਹਾਇਤਾ ਯੋਜਨਾ'' ਅਧੀਨ ਇਲਾਜ ਸੇਵਾਵਾਂ ਸਬੰਧੀ ਮੀਟਿੰਗ ਕੀਤੀ ।
           ਇਸ ਮੌਕੇ ਸ੍ਰੀ ਮਨਜੀਤ ਬਾਲੀ ਨੇ ਹਸਪਤਾਲ ਪ੍ਰਬੰਧਕਾਂ ਨੂੰ ਡਾ. ਅੰਬੇਡਕਰ ਫਾਊਂਡੇਸ਼ਨ ਦੀ ''ਸਿਹਤ ਸਹਾਇਤਾ ਯੋਜਨਾ'' ਨੂੰ ਲਾਗੂ ਕਰਨ ਸਬੰਧੀ ਜਾਣਕਾਰੀ ਦਿੱਤੀ । ਉਹਨਾਂ ਕਿਹਾ ਕਿ ਇਸ ਸਕੀਮ ਹੇਠਾਂ ਐਸ. ਸੀ. ਅਤੇ ਐਸ. ਟੀ. ਵਰਗਾਂ ਦੇ ਮਰੀਜ਼ਾਂ ਦਾ ਫਰੀ ਇਲਾਜ ਹੁੰਦਾ ਹੈ । ਜਿਹਨਾਂ ਪਰਿਵਾਰਾਂ ਦੀ ਅਮਦਨ 3,00,000/(ਤਿੰਨ ਲੱਖ ਰੁਪਏ) ਤੋਂ ਘੱਟ ਹੈ ਉਹ ਲੋੜਵੰਦ ਮਰੀਜ਼ ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਜਿਸ ਤਹਿਤ ਦਿਲ ਦੀਆਂ ਬਿਮਾਰੀਆਂ,  ਦਿਮਾਗ ਦੇ ਅਪਰੇਸ਼ਨ, ਗੁਰਦਿਆਂ ਦੇ ਡਾਇਲਸਿਸ ਲਈ, ਗੁਰਦਿਆਂ ਦੇ ਟਰਾਂਸਪਲਾਂਟ, ਕੈਂਸਰ ਦੇ ਇਲਾਜ ਲਈ, ਰੀੜ੍ਹ ਦੀ ਹੱਡੀ ਦੇ ਅਪਰੇਸ਼ਨ ਤੋਂ ਇਲਾਵਾ ਕਈ ਹੋਰ ਜਾਨ ਲੇਵਾ ਬਿਮਾਰੀਆਂ ਦੇ ਇਲਾਜ ਲਈ ਲੱਖਾਂ ਰੁਪਏ ਦੀ ਮਦਦ ਭਾਰਤ ਸਰਕਾਰ ਦੇ  ਡਾ. ਅੰਬੇਡਕਰ ਫਾਊਂਡੇਸ਼ਨ ਵੱਲੋਂ ਕੀਤੀ ਜਾਂਦੀ ਹੈ । ਇਸ ਮੌਕੇ ਸ੍ਰੀ ਬਾਲੀ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਚੱਲ ਰਹੀਆਂ ਉੱਚ ਪੱਧਰ ਦੀਆਂ ਮੈਡੀਕਲ ਸੇਵਾਵਾਂ ਦੀ ਭਾਰੀ ਪ੍ਰਸੰਸਾ ਕੀਤੀ । ਉਹਨਾਂ ਆਸ ਪ੍ਰਗਟਾਈ ਕਿ ਇੱਥੇ ਇਹ ਸਕੀਮ ਲਾਗੂ ਹੋਣ ਨਾਲ‍ ਨੇੜਲੇ ਇਲਾਕਿਆਂ ਦੇ  ਐਸ. ਸੀ. ਅਤੇ ਐਸ. ਟੀ. ਵਰਗਾਂ ਦੇ ਮਰੀਜ਼ਾਂ ਨੂੰ ਵੱਡਾ ਲਾਭ ਪ੍ਰਾਪਤ ਹੋਵੇਗਾ।
ਇਸ ਤੋਂ ਪਹਿਲਾਂ ਇਸ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਜਨਰਲ ਸਕੱਤਰ ਸ. ਕੁਲਵਿੰਦਰ ਸਿੰਘ ਢਾਹਾਂ ਵੱਲੋਂ ਆਪਣੇ ਟਰੱਸਟ ਮੈਂਬਰਾਂ, ਸਹਿਯੋਗੀਆਂ ਅਤੇ ਸਮੂਹ ਸਟਾਫ ਨਾਲ ਨਿੱਘਾ ਸਵਾਗਤ ਕੀਤਾ ਅਤੇ ਹਸਪਤਾਲ  ਵਿਖੇ ਚੱਲ ਰਹੀਆਂ 18 ਤੋਂ ਵੱਧ ਵੱਖ ਵੱਖ ਮੈਡੀਕਲ ਵਿਭਾਗਾਂ ਤੋਂ ਇਲਾਵਾ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਚੈਰੀਟੇਬਲ ਇਲਾਜ ਸੇਵਾਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਸ. ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ ਅਤੇ ਪ੍ਰੌ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਐਜ਼ੂਕੇਸ਼ਨ ਨੇ ਸ੍ਰੀ ਮਨਜੀਤ ਬਾਲੀ ਦਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੁੱਜਣ ਲਈ ਹਾਰਦਿਕ ਧੰਨਵਾਦ ਕੀਤਾ। ਇਸ ਮੌਕੇ  ਸ. ਜਥੇਦਾਰ ਸਤਨਾਮ ਸਿੰਘ ਲਾਦੀਆਂ, ਸਮਾਜ ਸੇਵਕ ਸ. ਗੁਰਦੀਪ ਸਿੰਘ ਢਾਹਾਂ, ਸ. ਬਰਜਿੰਦਰ ਸਿੰਘ ਹੈਪੀ ਕਲੇਰਾਂ, ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਸ੍ਰੀ ਜਗਜੀਤ ਕੁਲਥਮ (ਵਿੱਕੀ), ਡਾ. ਜਸਵੀਰ ਕੁਮਾਰ ਕੋਟਲੀ, ਸ੍ਰੀ ਰਵਿੰਦਰ ਕੁਮਾਰ ਜਲੰਧਰ, ਬਲਵੀਰ ਕੁਮਾਰ ਕੋਟਲੀ ਤੋਂ ਇਲਾਵਾ ਹੋਰ ਵੱਖ ਵੱਖ ਸਰਕਾਰੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਵੀ ਹਾਜ਼ਰ ਹਨ ।
ਫੋਟੋ ਕੈਪਸ਼ਨ :  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸ੍ਰੀ ਮਨਜੀਤ ਬਾਲੀ ਦੇ ਪੁੱਜਣ ਤੇ ਨਿੱਘਾ ਸਵਾਗਤ ਕਰਦੇ ਹੋਏ  ਹਸਪਤਾਲ ਪ੍ਰਬੰਧਕ

Monday, 5 June 2023

ਨਰਸਿੰਗ ਕਾਲਜ ਢਾਹਾਂ ਕਲੇਰਾਂ ਵਿਖੇ ਪੰਜ ਦਿਨਾਂ ਯੋਗਾ ਕੈਂਪ ਆਰੰਭ

ਨਰਸਿੰਗ ਕਾਲਜ ਢਾਹਾਂ ਕਲੇਰਾਂ ਵਿਖੇ ਪੰਜ ਦਿਨਾਂ ਯੋਗਾ ਕੈਂਪ ਆਰੰਭ
ਬੰਗਾ, 05 ਜੂਨ :-  ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਅੰਤਰ-ਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਪੰਜ ਦਿਨਾਂ ਯੋਗਾ ਕੈਂਪ ਆਰੰਭ ਹੋਇਆ। ਇਸ ਮੌਕੇ ਡਾ, ਰਮਗੀਤ ਆਯੁਰਵੈਦਿਕ ਮੈਡੀਕਲ ਅਫਸਰ ਨੇ ਨਰਸਿੰਗ ਵਿਦਿਆਰਥੀਆਂ ਨੂੰ ਯੋਗਾ ਸਿਖਾਇਆ।  ਉਹਨਾਂ ਦੱਸਿਆ ਕਿ ਡਾਇਰੈਕਟਰ ਆਯੁਰਵੈਦਾ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਸ਼ਹੀਦ ਭਗਤ ਸਿੰਘ ਨਗਰ ਦੀ ਯੋਗ ਅਗਵਾਈ ਵਿਚ ਭਾਰਤ ਦੀ 5000 ਹਜ਼ਾਰ ਪੁਰਾਣੀ ਯੋਗ ਅਭਿਆਸ ਦੀ ਪਰੰਪਰਾ ਬਾਰੇ ਵਿਦਿਆਰਥੀਆਂ ਨੂੰ ਜਾਗਰੁਕ ਕਰਵਾਇਆ ਹੈ । ਉਹਨਾਂ ਨੇ ਯੋਗਾ ਅਭਿਆਸ ਕਰਵਾਉਂਦੇ ਹੋਏ ਵਿਦਿਆਰਅਆਂ ਨੂੰ ਰੋਜ਼ਾਨਾ ਜੀਵਨ ਵਿਚ ਤੰਦਰੁਸਤ ਰਹਿਣ ਲਈ ਯੋਗ ਦੀ ਵਿਸ਼ੇਸ਼ ਮਹੱਤਤਾ ਬਾਰੇ ਜਾਣੂੰ ਕਰਵਾਇਆ । ਡਾ, ਰਮਗੀਤ ਆਯੁਰਵੈਦਿਕ ਮੈਡੀਕਲ ਅਫਸਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ‌ਯੋਗਾ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਪਰ ਸਾਨੂੰ ਯੋਗਾ ਦੇ ਆਸਣ ਸਹੀ ਢੰਗ ਨਾਲ ਕਰਨੇ ਚਾਹੀਦੇ ਹਨ । ਉਹਨਾਂ ਨੇ ਯੋਗ ਆਸਣਾਂ ਦੇ ਫ਼ਾਇਦਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ  ਡਾ, ਰਮਗੀਤ ਆਯੁਰਵੈਦਿਕ ਮੈਡੀਕਲ ਅਫਸਰ ਨੇ ਨਰਸਿੰਗ ਵਿਦਿਆਰਥੀ ਨੂੰ ਵੱਖ-ਵੱਖ ਯੋਗ ਕ੍ਰਿਆਵਾਂ ਦਾ ਅਭਿਆਸ ਵੀ ਕਰਵਾਇਆ। ਇਸ ਮੌਕੇ ਮੈਡਮ ਸਰੋਜ ਬਾਲਾ ਨੇ ਵਿਦਿਆਰਥੀਆਂ ਦਾ ਪੰਜ ਦਿਨਾਂ ਯੋਗਾ ਕੈਂਪ ਵਿਚ ਹਿੱਸਾ ਲੈਣ ਲਈ ਹੌਸਲਾ ਅਫਜ਼ਾਈ ਕੀਤੀ।  ਇਸ ਮੌਕੇ ਕਾਲਜ ਅਧਿਆਪਕ ਅਤੇ ਨਰਸਿੰਗ ਵਿਦਿਆਰਥੀ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ  :  ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਪੰਜ ਦਿਨਾਂ ਯੋਗਾ ਕੈਂਪ ਵਿਚ  ਨਰਸਿੰਗ ਵਿਦਿਆਰਥੀਆਂ ਨੂੰ ਯੋਗਾ ਸਿਖਾਉਂਦੇ ਹੋਏ ਡਾ ਰਮਗੀਤ   ਆਯੁਰਵੈਦਿਕ ਮੈਡੀਕਲ ਅਫਸਰ 

Saturday, 3 June 2023

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਆਪਣੇ ਪਰਿਵਾਰ ਸਮੇਤ ਗੁਰੂ ਨਾਨਕ ਮਿਸ਼ਨ ਢਾਹਾਂ ਕਲੇਰਾਂ ਪੁੱਜੇ

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਆਪਣੇ ਪਰਿਵਾਰ ਸਮੇਤ ਗੁਰੂ ਨਾਨਕ ਮਿਸ਼ਨ ਢਾਹਾਂ ਕਲੇਰਾਂ ਪੁੱਜੇ
ਬੰਗਾ 3 ਜੂਨ :  ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿਂੰਘ ਧਾਲੀਵਾਲ ਆਪਣੇ ਪਰਿਵਾਰ ਸਮੇਤ ਪੰਜਾਬ ਦੇ ਪੇਂਡੂ ਇਲਾਕਿਆਂ ਵਿਚ ਪਿਛਲੇ ਚਾਰ ਦਹਾਕਿਆਂ ਤੋਂ ਮੈਡੀਕਲ ਸੇਵਾਵਾਂ ਅਤੇ ਸਿੱਖਿਆ ਦੇ ਖੇਤਰ ਵਿਚ ਕੰਮ ਕਰ ਰਹੇ ਗੁੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵਿਖੇ ਵਿਸ਼ੇਸ਼ ਤੌਰ ਤੇ ਪੁੱਜੇ।  ਇਸ ਮੌਕੇ ਸ. ਧਾਲੀਵਾਲ ਨੇ ਟਰੱਸਟ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਦੇ ਹੋਏ ਸਵ: ਬਾਬਾ ਬੁੱਧ ਸਿੰਘ ਢਾਹਾਂ ਬਾਨੀ ਪ੍ਰਧਾਨ ਨੂੰ ਯਾਦ ਕੀਤਾ ਅਤੇ ਟਰੱਸਟ ਦੇ ਮੌਜੂਦਾ ਮੁੱਖ ਪ੍ਰਬੰਧਕ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਸਿਹਤ ਸੇਵਾਵਾਂ ਅਤੇ ਵਿਦਿਅਕ ਸੇਵਾਵਾਂ ਦੇ ਖੇਤਰ ਵਿਚ ਲੋਕ ਸੇਵਾ ਹਿੱਤ ਕੀਤੇ ਜਾ ਰਹੇ ਨਿਸ਼ਕਾਮ ਸੇਵੀ ਕਾਰਜ਼ਾਂ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਟਰਸੱਟ ਵੱਲੋ ਪੰਜਾਬ ਦੇ ਪੇਂਡੂ ਅਤੇ ਪੱਛੜੇ ਇਲਾਕਿਆਂ ਵਿਚ ਗੁਰੂ ਨਾਨਕ ਦੇਵ ਜੀ ਨਾਮ 'ਤੇ ਹਸਪਤਾਲ, ਨਰਸਿੰਗ ਕਾਲਜ, ਪੈਰਾ ਮੈਡੀਕਲ ਕਾਲਜ ਅਤੇ ਸੀਨੀਅਰ ਸੈਕੰਡਰੀ ਸਕੂਲ ਦੀ ਸਥਾਪਨਾ ਕਰਕੇ ਇਲਾਕੇ ਲਈ ਲੋਕ ਭਲਾਈ ਦਾ ਵੱਡਾ ਕੰਮ ਕੀਤਾ ਹੈ। ਇਸ ਮੌਕੇ ਕੈਬਟਿਨ ਮੰਤਰੀ ਸ. ਧਾਲੀਵਾਲ ਨੇ ਸਰਕਾਰ ਵਲੋਂ ਵੀ ਟਰੱਸਟ ਦੀ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਦਿੱਤਾ।
ਇਸ ਤੋਂ ਪਹਿਲਾਂ ਟਰੱਸਟ ਦੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਢਾਹਾਂ ਅਤੇ ਡਾਇਰੈਕਟਰ ਸਿੱਖਿਆ ਪ੍ਰੋ: ਹਰਬੰਸ ਸਿੰਘ ਬੋਲੀਨਾ ਨੇ ਪੰਜਾਬ ਦੇ ਐੱਨ.ਆਰ.ਆਈ. ਅਤੇ ਪ੍ਰਬੰਧਕੀ ਸੁਧਾਰ ਵਿਭਾਗ ਦੇ ਕੈਬਨਿਟ ਮੰਤਰੀ ਕੁਲਦੀਪ ਸਿਂੰਘ ਧਾਲੀਵਾਲ ਦਾ ਢਾਹਾਂ ਕਲੇਰਾਂ ਪੁੱਜਣ ਤੇ ਨਿੱਘਾ ਸਵਾਗਤ ਕੀਤਾ । ਉਹਨਾਂ ਨੇ ਢਾਹਾਂ ਕਲੇਰਾਂ ਵਿਖੇ ਟਰੱਸਟ ਵੱਲੋਂ ਦੇਸ ਵਿਦੇਸ ਵਿਚ ਵੱਸਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਥਾਪਿਤ ਵੱਖ-ਵੱਖ ਸਿਹਤ ਅਤੇ ਵਿਦਿਅਕ ਸੰਸਥਾਵਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਸ. ਢਾਹਾਂ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਚ ਹਰ ਮਹੀਨੇ  ਲੋੜਵੰਦ ਮਰੀਜ਼ਾਂ ਨੂੰ 2 ਲੱਖ ਰੁਪਏ ਤੋਂ ਵੱਧ ਦੀ ਰਿਆਇਤ ਦਿੱਤੀ ਜਾ ਰਹੀ ਹੈ । ਹਸਪਤਾਲ ਵੱਲੋਂ ਚਿੱਟਾ ਮੋਤੀਆਂ ਮੁਕਤ ਲਹਿਰ ਅਧੀਨ 1500 ਤੋਂ ਵੱਧ ਅੱਖਾਂ ਦੇ ਫਰੀ ਅਪਰੇਸ਼ਨ ਕੀਤੇ ਜਾ ਚੁੱਕੇ ਹਨ ਅਤੇ ਲੋੜਵੰਦ ਲੋਕਾਂ ਨੂੰ ਮੁਫ਼ਤ ਮੈਡੀਕਲ ਸਹਾਇਤਾ ਦੇਣ ਲਈ ਹਰ ਸਾਲ ਮੁਫ਼ਤ ਅੱਖਾਂ ਦੀਆਂ ਬਿਮਾਰੀਆਂ ਅਤੇ ਮੈਡੀਕਲ ਚੈੱਕਅੱਪ ਕੈਂਪ ਲਗਾਏ ਜਾਂਦੇ ਹਨ। ਇਸ ਤੋਂ ਇਲਾਵਾ ਟਰੱਸਟ ਦੇ ਵਿਦਿਅਕ ਅਦਾਰਿਆਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਲੱਖਾਂ ਰੁਪਏ ਦੀ ਮਦਦ ਅਤੇ ਸਕਾਲਰਸ਼ਿੱਪਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿਂੰਘ ਧਾਲੀਵਾਲ ਦਾ ਉਹਨਾਂ ਦੇ ਪਰਿਵਾਰ, ਧਰਮ ਸੁਪਤਨੀ ਅਤੇ ਦੋਹਾਂ ਪੋਤਰਿਆਂ ਨਾਲ ਸਨਮਾਨ ਕੀਤਾ ਗਿਆ ।  ਵਰਨਣਯੋਗ ਹੈ ਕਿ ਕੈਬਨਿਟ ਮੰਤਰੀ ਕੁਲਦੀਪ ਸਿਂੰਘ ਧਾਲੀਵਾਲ, ਟਰੱਸਟ ਦੇ ਸਿੱਖਿਆ ਡਾਇਰੈਕਟਰ ਪ੍ਰੌ: ਹਰਬੰਸ ਸਿੰਘ ਬੋਲੀਨਾ ਦੇ ਪਰਮ ਮਿੱਤਰ ਹਨ ਅਤੇ ਇਸ ਮੌਕੇ ਉਹਨਾਂ ਨੇ ਪ੍ਰੋ. ਬੋਲੀਨਾ ਨਾਲ ਸਮਾਜਿਕ ਤੌਰ 'ਤੇ ਜੁੜੀਆਂ ਆਪਣੀਆਂ ਯਾਦਾਂ ਵੀ ਤਾਜ਼ਾਂ ਕੀਤੀਆਂ। ਇਸ ਮੌਕੇ ਟਰੱਸਟ ਦੇ ਵੱਖ ਵੱਖ ਅਦਾਰਿਆਂ ਦੇ ਇੰਚਾਰਜ ਵੀ ਕੈਬਨਿਟ ਮੰਤਰੀ ਸ. ਧਾਲੀਵਾਲ ਦੇ ਸਵਾਗਤ ਲਈ ਹਾਜ਼ਰ ਸਨ।
ਫੋਟੋ ਕੈਪਸ਼ਨ : ਢਾਹਾਂ ਕਲੇਰਾਂ ਵਿਖੇ ਪੰਜਾਬ ਦੇ ਐੱਨ.ਆਰ.ਆਈ. ਅਤੇ ਪ੍ਰਬੰਧਕੀ ਸੁਧਾਰ ਵਿਭਾਗ ਦੇ ਕੈਬਨਿਟ ਮੰਤਰੀ ਕੁਲਦੀਪ ਸਿਂੰਘ ਧਾਲੀਵਾਲ ਦਾ ਸਵਾਗਤ ਕਰਦੇ ਹੋਏ ਜਨਰਲ ਸਕੱਤਰ ਕੁਲਵਿੰਦਰ ਸਿੰਘ ਢਾਹਾਂ ਅਤੇ ਡਾਇਰੈਕਟਰ ਸਿੱਖਿਆ ਪ੍ਰੌ: ਹਰਬੰਸ ਸਿੰਘ ਬੋਲੀਨਾ 

Friday, 2 June 2023

ਢਾਹਾਂ ਕਲੇਰਾਂ ਵਿਖੇ ਗੁਰੂ ਅਰਜਨ ਦੇਵ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਗੁਰਮਤਿ ਸਮਾਗਮ ਦਾ ਆਯੋਜਿਨ

ਢਾਹਾਂ ਕਲੇਰਾਂ ਵਿਖੇ ਗੁਰੂ ਅਰਜਨ ਦੇਵ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਗੁਰਮਤਿ ਸਮਾਗਮ ਦਾ ਆਯੋਜਿਨ
ਬੰਗਾ : 2 ਜੂਨ () ਜੁਗੋ ਜੁਗ ਅਟੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਲਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਗੁਰਮਤਿ ਸਮਾਗਮ ਅੱਜ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ।  ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਕੀਤੇ ਗਏ। ਇਸ ਉਪਰੰਤ ਭਾਈ ਸੁੁਰਿੰਦਰ ਸਿੰਘ, ਭਾਈ ਨੱਛਤਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਨੇ  ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸੰਗਤਾਂ ਨੂੰ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ ਲਈ ਪ੍ਰੇੁਰਿਆ।  ਸਮਾਗਮ ਵਿਚ ਭਾਈ ਜੋਗਾ ਸਿੰਘ, ਭਾਈ ਮਨਜੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਅਤੇ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੇ ਕੀਰਤਨੀ ਜਥੇ ਨੇ ਵੀ ਗੁਰੂ ਜੱਸ ਕਰਕੇ ਸਮਾਗਮ ਵਿਚ ਹਾਜ਼ਰੀਆਂ ਭਰੀਆਂ।
ਇਸ ਮੌਕੇ ਪ੍ਰੌ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਿੱਖਿਆ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਸਾਨੀ ਸ਼ਹਾਦਤ ਦੇ ਇਤਿਹਾਸਿਕ ਤੱਥਾਂ ਬਾਰੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਗੁਰੂ ਜੀ ਦੀ ਸ਼ਹੀਦੀ ਚੜ੍ਹਦੀਕਲਾ ਦਾ ਪ੍ਰਤੀਕ ਹੈ ਅਤੇ ਸਮੂਹ ਸੰਗਤਾਂ ਨੂੰ ਗੁਰੂ ਸਾਹਿਬਾਨ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਹਮੇਸ਼ਾਂ ਸਰਬੱਤ ਦੇ ਭਲੇ ਲਈ ਕਾਰਜ ਕਰਨੇ ਚਾਹੀਦੇ ਹਨ।  ਸਮਾਗਮ ਵਿਚ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ  ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸ਼ਹੀਦਾਂ ਦੇ ਸਿਰਤਾਜ  ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਸਾਨੀ ਸ਼ਹੀਦੀ ਨੂੰ ਯਾਦ ਕੀਤਾ ਹੈ ਅਤੇ ਗੁਰੂ ਸਾਹਿਬ ਦੇ ਦਰਸਾਏ  ਸੇਵਾ ਅਤੇ ਸਿਮਰਨ ਦੇ ਰਾਹ ਚੱਲਦੇ ਹੋਏ ਸੰਗਤਾਂ ਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਲਈ ਜਾਗਰੁਕ ਕੀਤਾ। ਇਸ ਮੌਕੇ ਸਟੇਜ ਸੰਚਾਲਨਾ ਕਰਦੇ ਹੋਏ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਨੇ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਮਹਾਨਤਾ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰੂ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਭਾਣੇ ਵਿਚ ਰਹਿਣ ਦਾ ਸੰਦੇਸ਼ ਦਿੱਤਾ ਹੈ।
ਸ਼ਹੀਦੀ ਗੁਰਮਤਿ ਸਮਾਗਮ ਵਿਚ ਸਰਵ ਸ੍ਰੀ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ,  ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਖਜ਼ਾਨਚੀ ਅਤੇ ਚੇਅਰਮੈਨ ਫਾਈਨਾਂਸ ਕਮੇਟੀ ਟਰੱਸਟ,  ਗੁਰਦੀਪ ਸਿੰਘ ਢਾਹਾਂ, ਬਰਜਿੰਦਰ ਸਿੰਘ ਹੈਪੀ ਕਲੇਰਾਂ, ਪ੍ਰੌ: ਹਰਬੰਸ ਸਿੰਘ ਬੋਲੀਨਾ ਡਾਇਰਕੈਟਰ ਸਿੱਖਿਆ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ, ਰਮਨਦੀਪ ਕੌਰ ਵਾਈਸ ਪ੍ਰਿੰਸੀਪਲ, ਵਨੀਤਾ ਚੋਟ ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ, ਲਾਲ ਚੰਦ ਵਾਈਸ ਪ੍ਰਿੰਸੀਪਲ, ਰਵਿੰਦਰ ਕੌਰ ਵਾਈਸ ਪ੍ਰਿੰਸੀਪਲ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਸਮੂਹ ਡਾਕਟਰ ਸਾਹਿਬਾਨ, ਹਸਪਤਾਲ ਸਟਾਫ , ਨਰਸਿੰਗ ਕਾਲਜ ਅਧਿਆਪਕ, ਸੀਨੀਅਰ ਸੈਕੰਡਰੀ ਸਕੂਲ ਅਧਿਆਪਕ, ਪੈਰਾਮੈਡੀਕਲ ਕਾਲਜ ਅਧਿਆਪਕ, ਸਮੂਹ ਵਿਦਿਆਰਥੀ, ਟਰੱਸਟ ਦਫਤਰ ਸਟਾਫ ਮੈਂਬਰ ਵੀ ਹਾਜ਼ਰ ਸਨ।  ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।  
ਫੋਟੋ ਕੈਪਸ਼ਨ :  ਢਾਹਾਂ ਕਲੇਰਾਂ ਵਿਖੇ ਗੁਰੂ ਅਰਜਨ ਦੇਵ ਜੀ ਦੀ ਲਸਾਨੀ ਸ਼ਹੀਦੀ  ਨੂੰ ਸਮਰਪਿਤ ਸ਼ਹੀਦੀ ਗੁਰਮਤਿ ਸਮਾਗਮ ਦੀਆਂ ਤਸਵੀਰਾਂ