Saturday, 29 July 2023

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੁਫ਼ਤ ਮੈਡੀਕਲ ਕੈਂਪ 4 ਅਗਸਤ ਦਿਨ ਸ਼ੁੱਕਰਵਾਰ ਨੂੰ,

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੁਫ਼ਤ ਮੈਡੀਕਲ ਕੈਂਪ 4 ਅਗਸਤ ਦਿਨ ਸ਼ੁੱਕਰਵਾਰ ਨੂੰ
300 ਰੁਪਏ ਦੀ ਦਵਾਈ ਮੁਫਤ, ਲੈਬ ਟੈਸਟ , ਐਕਸਰੇ, ਦੰਦਾਂ ਦੀ ਸਫਾਈ ਅੱਧੇ ਖਰਚੇ ਵਿਚ, ਅੱਖਾਂ ਦੇ ਅਪਰੇਸ਼ਨ ਮੁਫ਼ਤ
ਬੰਗਾ :  29  ਜੁਲਾਈ  () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਵੱਲੋਂ ਆਪਣੇ ਸਵ: ਮਾਤਾ ਬਿਸ਼ਨ ਕੌਰ ਜੀ ਅਤੇ ਸਵ: ਪਿਤਾ ਤਾਰਾ ਸਿੰਘ ਕਾਹਮਾ ਜੀ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਦਵਾਈਆਂ ਦਾ ਲੰਗਰ ਅਤੇ ਮੁਫਤ ਮੈਡੀਕਲ ਕੈਂਪ 04 ਅਗਸਤ ਦਿਨ ਸ਼ੁੱਕਰਵਾਰ ਨੂੰ ਸਵੇਰੇ 09 ਵਜੇ ਤੋਂ ਦੁਪਹਿਰ 03 ਵਜੇ ਤੱਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲਗਾਇਆ ਜਾ ਰਿਹਾ ਹੈ । ਇਹ ਜਾਣਕਾਰੀ ਸ.ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ  ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦੇ ਦਿੱਤੀ।
         ਸ.ਕੁਲਵਿੰਦਰ ਸਿੰਘ ਢਾਹਾਂ  ਨੇ ਦੱਸਿਆ ਕਿ ਟਰੱਸਟ ਦੇ ਸੇਵਾ ਮਿਸ਼ਨ 'ਤੇ ਚੱਲਦੇ ਇਲਾਕੇ ਵਿਚ ਵੱਖ ਵੱਖ ਬਿਮਾਰੀਆਂ ਤੋਂ ਪੀੜ੍ਹਤ ਲੋੜਵੰਦ ਮਰੀਜ਼ਾਂ ਨੂੰ ਮੈਡੀਕਲ ਸਹਾਇਤਾ ਦੇਣ ਲਈ ਸ.ਹਰਦੇਵ ਸਿੰਘ ਕਾਹਮਾ ਪ੍ਰਧਾਨ ਟਰੱਸਟ ਵੱਲੋਂ ਆਪਣੇ ਸਵ: ਮਾਤਾ ਬਿਸ਼ਨ ਕੌਰ ਜੀ ਅਤੇ ਸਵ: ਪਿਤਾ ਤਾਰਾ ਸਿੰਘ ਕਾਹਮਾ ਜੀ ਦੀ ਮਿੱਠੀ ਯਾਦ ਵਿਚ ਦਵਾਈਆਂ ਦਾ ਲੰਗਰ ਅਤੇ ਮੁਫ਼ਤ ਮੈਡੀਕਲ ਕੈਂਪ 04 ਅਗਸਤ ਦਿਨ ਸ਼ੁੱਕਰਵਾਰ ਨੂੰ ਸਵੇਰੇ 09 ਤੋਂ ਦੁਪਹਿਰ 03 ਵਜੇ ਤੱਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿਚ ਮਰੀਜ਼ਾਂ ਦਾ ਕਾਰਡ ਮੁਫ਼ਤ ਬਣੇਗਾ ਅਤੇ ਮਾਹਿਰ ਡਾਕਟਰ ਸਾਹਿਬਾਨ ਵੱਲੋਂ ਮੁਫ਼ਤ ਚੈੱਕਅਪ ਕੀਤਾ ਜਾਵੇ। ਪਿਸ਼ਾਬ, ਖੂਨ ਦੇ ਟੈੱਸਟਾਂ ਅਤੇ ਹਰ ਤਰ੍ਹਾਂ ਦੇ ਲੈਬੋਟਰੀ ਟੈਸਟ ਅਤੇ ਹਰ ਤਰ੍ਹਾਂ ਦੇ ਐਕਸਰੇ ਅੱਧੇ ਖਰਚੇ ਵਿਚ ਕੀਤੇ ਜਾਣਗੇ। ਕੈਂਪ ਦੌਰਾਨ ਸ਼ੂਗਰ ਦਾ ਟੈਸਟ, ਥਾਇਰਾਇਡ ਦਾ ਟੈਸਟ ਅਤੇ ਹੱਡੀਆਂ ਦਾ ਕੈਲਸ਼ੀਅਮ ਚੈੱਕ ਕਰਨ ਦਾ ਟੈਸਟ ਵੀ ਮੁਫਤ ਕੀਤਾ ਜਾਵੇਗਾ। ਨਵੇਂ ਦੰਦ/ਜਬਾੜੇ ਵੀ 30 % ਰਿਆਇਤੀ ਦਰਾਂ ਤੇ ਲਗਾਏ ਜਾਣਗੇ । ਖਰਾਬ ਦੰਦ ਫਰੀ ਕੱਢੇ ਜਾਣਗੇ ਅਤੇ ਦੰਦਾਂ ਦੀ ਸਫਾਈ ਅੱਧੇ ਖਰਚੇ ਵਿਚ ਕੀਤੀ ਜਾਵੇਗੀ। ਅੱਖਾਂ ਦੇ ਲੈਨਜ਼ਾਂ ਵਾਲੇ ਅਪਰੇਸ਼ਨ ਚਿੱਟਾ ਮੋਤੀਆ ਮੁਕਤ ਲਹਿਰ ਤਹਿਤ ਮੁਫ਼ਤ ਕੀਤੇ ਜਾਣਗੇ ਅਤੇ ਕੈਂਪ ਵਿਚ ਚੈੱਕਅੱਪ ਕਰਵਾਉਣ ਵਾਲੇ ਮਰੀਜ਼ਾਂ ਨੂੰ 300 ਰੁਪਏ ਦੀ ਦਵਾਈ ਮੁਫ਼ਤ ਦਿੱਤੀ ਜਾਵੇਗੀ।   ਸ. ਢਾਹਾਂ ਨੇ ਇਲਾਕੇ ਦੇ  ਲੋੜਵੰਦ ਮਰੀਜ਼ਾਂ ਨੂੰ ਇਸ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਅਪੀਲ ਕੀਤੀ ਹੈ।   ਮੈਡੀਕਲ ਡਾਇਰੈਕਟਰ ਡਾ. ਐਸ ਐਸ ਗਿੱਲ ਨੇ ਕੈਂਪ ਦੌਰਾਨ ਮਿਲਣ ਵਾਲੀਆਂ ਮੈਡੀਕਲ ਸੇਵਾਵਾਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਹਰ ਤਰ੍ਹਾਂ ਦੀ ਸਰੀਰਕ ਬਿਮਾਰੀਆਂ ਦੇ ਮਾਹਿਰ, ਸਿਰ ਤੇ ਦਿਮਾਗ ਦੀਆਂ ਬਿਮਾਰੀਆਂ, ਹੱਡੀਆਂ ਦੀਆਂ ਬਿਮਾਰੀਆਂ, ਔਰਤਾਂ ਦੀਆਂ ਬਿਮਾਰੀਆਂ, ਦੰਦਾਂ ਦੀਆਂ ਬਿਮਾਰੀਆਂ, ਨੱਕ-ਕੰਨ-ਗਲੇ ਦੀਆਂ ਬਿਮਾਰੀਆਂ ਅਤੇ ਹਰ ਤਰ੍ਹਾਂ ਦੇ ਛੋਟੇ, ਵੱਡੇ ਅਪਰੇਸ਼ਨਾਂ ਅਤੇ ਦੂਰਬੀਨੀ ਅਪਰੇਸ਼ਨਾਂ , ਚਮੜੀ ਦੀਆਂ ਬਿਮਾਰੀਆਂ ਅਤੇ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਸਾਹਿਬਾਨ ਕੈਂਪ ਵਿਚ ਆਏ ਸਾਰੇ ਮਰੀਜ਼ਾਂ ਦਾ ਮੁਫ਼ਤ ਚੈਕਅੱਪ ਕਰਨਗੇ।  ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਮਰੀਜ਼ਾਂ ਲਈ ਗੁਰੂ ਕਾ ਲੰਗਰ ਵੀ ਅਟੁੱਟ ਵਰਤੇਗਾ।  
          ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 04 ਅਗਸਤ ਦਿਨ ਸ਼ੁੱਕਰਵਾਰ ਨੂੰ ਲੱਗ ਰਹੇ  ਦਵਾਈਆਂ ਦਾ ਲੰਗਰ ਅਤੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ  ਬਾਰੇ  ਜਾਣਕਾਰੀ ਦਿੰਦੇ ਹੋਏ ਹਸਪਤਾਲ ਪ੍ਰਬੰਧਕ

Wednesday, 26 July 2023

ਢਾਹਾਂ ਕਲੇਰਾਂ ਦੇ ਵਿਹੜੇ ਤੀਆਂ ਦਾ ਤਿਉਹਾਰ ਮਨਾਇਆ

ਢਾਹਾਂ ਕਲੇਰਾਂ ਦੇ ਵਿਹੜੇ ਤੀਆਂ ਦਾ ਤਿਉਹਾਰ ਮਨਾਇਆ
ਨਵਜੋਤ ਸਾਹਿਤ ਸੰਸਥਾ ਔੜ ਵਲੋਂ ਪ੍ਰਤੀਯੋਗੀਆਂ ਦਾ ਸਨਮਾਨ

ਬੰਗਾ, 26 ਜੁਲਾਈ ( ) ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਅੇਜ਼ੂਕੇਸ਼ਨਲ ਟਰੱਸਟ (ਰਜਿ.) ਢਾਹਾਂ ਕਲੇਰਾਂ ਦੇ ਵਿਹੜੇ ਵਿਖੇ ਨਵਜੋਤ ਸਾਹਿਤ ਸੰਸਥਾ ਔੜ ਵੱਲੋਂ ਟਰਸੱਟ ਦੇ ਸਹਿਯੋਗ ਨਾਲ  'ਤੀਆਂ ਦਾ ਤਿਉਹਾਰ' ਮਨਾਇਆ ਗਿਆ। ਇਸ ਦੀ ਉਦਘਾਟਨੀ ਰਸਮ ਮਨਜੀਤ ਬਾਲੀ ਸੁਯੰਕਤ ਸਕੱਤਰ ਡਾ. ਅੰਬੇਡਕਰ ਫਾਊਂਡੇਸ਼ਨ ਮਨਿਸਟਰੀ ਆਫ਼ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਭਾਰਤ ਸਰਕਾਰ ਨੇ  ਨਿਭਾਈ। ਉਹਨਾਂ ਕੁੜੀਆਂ ਨੂੰ ਸਵੈ ਮਾਣ ਦੇ ਰਾਹ ਤੁਰਦਿਆਂ ਹਿੰਮਤ  ਅਤੇ ਮਿਹਨਤ ਨਾਲ ਅੱਗੇ ਵੱਧਣ ਦੀ ਪ੍ਰੇਰਨਾ ਦਿੱਤੀ।
      ਉਪਰੰਤ ਤੀਆਂ ਦੇ ਤਿਉਹਾਰ ਦੀ ਸਾਂਝ ਪਾਉਂਦਿਆਂ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੀਆਂ ਵਿਦਿਆਰਥਣਾਂ ਰੇਨੂੰਕਾ, ਰਾਧਿਕਾ ਤੇ ਸਿਮਰਨ, ਗੁਰੂ ਨਾਨਕ ਮਿਸ਼ਨ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੀਆਂ ਵਿਦਿਆਰਥਣਾਂ ਇੰਦਰਪ੍ਰੀਤ ਕੌਰ, ਦੀਆ ਤੇ ਮਨਿੰਦਰ ਮਹਿਮੀ, ਗੁਰੂ ਨਾਨਕ ਨਰਸਿੰਗ ਕਾਲਜ ਢਾਹਾਂ ਕਲੇਰਾਂ ਦੀਆਂ ਵਿਦਿਆਰਥਣਾਂ ਹਰਲੀਨ ਕੌਰ ਤੇ ਕਿਰਨ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮੈਡੀਕਲ ਸਟਾਫ਼ ਤੋਂ ਮਨਪ੍ਰੀਤ ਕੌਰ ਅਤੇ ਹਰਦੀਪ ਕੌਰ ਨੇ ਲੋਕ ਬੋਲੀਆਂ ਨਾਲ ਪੇਸ਼ਕਾਰੀਆਂ ਰਾਹੀਂ ਖੂਬ ਰੰਗ ਬੰਨ੍ਹਿਆਂ। ਆਖਿਰ ਵਿੱਚ ਗੁਰੂ ਨਾਨਕ ਮਿਸ਼ਨ ਨਰਸਿੰਗ ਕਾਲਜ ਢਾਹਾਂ ਕਲੇਰਾਂ ਦੀਆਂ  ਵਿਦਿਆਰਥਣਾਂ ਨੇ ਗਿੱਧੇ ਦੀ ਧਮਾਲ ਨਾਲ ਆਪਣੀ ਕਲਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਬੰਗਾ ਦੇ ਉਪ ਮੰਡਲ ਮਜਿਸਟ੍ਰੇਟ ਮੈਡਮ ਮਨਰੀਤ ਰਾਣਾ ਨੇ ਸ਼ਿਰਕਤ ਕੀਤੀ ਅਤੇ ਸਾਰੇ ਪ੍ਰਤੀਯੋਗੀਆਂ ਨੂੰ  ਪ੍ਰਮਾਣ ਪੱਤਰ, ਯਾਦਗਾਰੀ ਚਿੰਨ੍ਹ ਅਤੇ ਫੁੱਲਾਂ ਦੇ ਹਾਰ ਭੇਟ ਕਰਕੇ ਆਪਣੇ ਕਰ ਕਮਲਾਂ ਨਾਲ ਸਨਮਾਨਿਤ ਕੀਤਾ ।
    ਇਸ ਮੌਕੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੈਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਜਨਰਲ ਸਕੱਤਰ ਸ. ਕੁਲਵਿੰਦਰ ਸਿੰਘ ਢਾਹਾਂ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਧੀਆਂ ਦੇ ‍ ''ਤੀਆਂ ਦਾ ਤਿਉਹਾਰ''  ਸਮਾਗਮ ਵਿਚ ਪੁੱਜੇ ਸਮੂਹ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਸਮਾਜ ਦੇ ਬਹੁਪੱਖੀ ਵਿਕਾਸ ਵਿੱਚ ਔਰਤਾਂ ਵੱਲੋਂ ਪਾਏ ਜਾਂਦੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਨਵਜੋਤ ਸਾਹਿਤ ਸੰਸਥਾ ਔੜ ਦੇ ਪ੍ਰਧਾਨ ਮੈਡਮ ਰਜਨੀ ਸ਼ਰਮਾ ਨੇ ਸੰਸਥਾ ਵਲੋਂ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਸਿਮਰਨਜੀਤ ਸ਼ੇਰਗਿੱਲ, ਕਵਿਤਾ ਅਤੇ ਸੁਰਜੀਤ ਮਜਾਰੀ ਨੇ ਸਾਂਝੇ ਤੌਰ 'ਤੇ ਕੀਤਾ ।
    ਇਸ ਮੌਕੇ ਟਰੱਸਟ ਦੇ ਸਿੱਖਿਆ ਨਿਰਦੇਸ਼ਕ ਪ੍ਰੋ. ਹਰਬੰਸ ਸਿੰਘ ਬੋਲੀਨਾ, ਜਥੇਦਾਰ ਸਤਨਾਮ ਸਿੰਘ ਲਾਦੀਆਂ, ਸਮਾਜ ਸੇਵਕ ਗੁਰਦੀਪ ਸਿੰਘ ਢਾਹਾਂ,  ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ, ਪ੍ਰੌ: ਨਵਜੋਤ ਕੌਰ ਸਹੋਤਾ, ਪ੍ਰੌ: ਪ੍ਰਭਜੋਤ ਕੌਰ ਖਟਕੜ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਤਪਾਲ ਢਾਹਾਂ ਕਲੇਰਾਂ, ਮੈਡਮ ਜਗਜੀਤ ਕੌਰ ਆਈ ਸੀ ਐਨ ਅਤੇ ਨਵਜੋਤ ਸਾਹਿਤ ਸੰਸਥਾ ਤੋਂ  ਸਕੱਤਰ ਅਮਰ ਜਿੰਦ, ਖਜ਼ਾਨਚੀ ਨੀਰੂ ਜੱਸਲ, ਹਰਬੰਸ ਕੌਰ, ਬਲਵਿੰਦਰ ਕੌਰ ਬਾਲੀ,  ਸਤਪਾਲ ਸਾਹਲੋਂ, ਦਵਿੰਦਰ ਬੇਗਮਪੁਰੀ, ਗੁਰਨੇਕ ਸ਼ੇਰ, ਹਰੀ ਕ੍ਰਿਸ਼ਨ ਪਟਵਾਰੀ, ਪਿਆਰੇ ਲਾਲ ਬੰਗੜ, ਬਿੰਦਰ ਮੱਲ੍ਹਾਬੇਦੀਆਂ, ਰਾਜਿੰਦਰ ਜੱਸਲ, ਚਮਨ ਮੁੱਲਪੁਰੀ, ਦੇਸ ਰਾਜ ਬਾਲੀ ਆਦਿ ਵੀ ਸ਼ਾਮਲ ਸਨ।
ਫੋਟੋ ਕੈਪਸ਼ਨ : ਢਾਹਾਂ ਕਲੇਰਾਂ ਦੇ ਵਿਹੜੇ ਤੀਆਂ ਦਾ ਤਿਉਹਾਰ ਦੀਆਂ ਝਲਕਾਂ

Friday, 21 July 2023

ਸਿਹਤ ਵਿਭਾਗ ਵੱਲੋਂ ਪਲਸ ਪੋਲੀਉ ਮਹਿੰਮ ਵਿਚ ਭਾਗ ਲੈਣ ਵਾਲੇ ਗੁਰੂ ਨਾਨਕ ਨਰਸਿੰਗ ਕਾਲਜ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਦਾ ਸਨਮਾਨ

ਸਿਹਤ ਵਿਭਾਗ ਵੱਲੋਂ ਪਲਸ ਪੋਲੀਉ ਮਹਿੰਮ ਵਿਚ ਭਾਗ ਲੈਣ ਵਾਲੇ ਗੁਰੂ ਨਾਨਕ ਨਰਸਿੰਗ ਕਾਲਜ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਦਾ ਸਨਮਾਨ
ਬੰਗਾ :  21  ਜੁਲਾਈ   :-() ਸਿਹਤ ਵਿਭਾਗ ਪੰਜਾਬ ਵੱਲੋਂ ਦੇਸ਼ ਨੂੰ ਪੋਲੀਉ ਮੁਕਤ ਬਣਾਈ ਰੱਖਣ ਲਈ ਚੱਲ ਰਹੀ ਪਲਸ ਪੋਲੀਉ ਮੁਹਿੰਮ ਵਿਚ ਭਾਗ ਲੈਣ ਵਾਲੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਨਰਸਿੰਗ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।   ਇਸ ਮੌਕੇ  ਡਾ.ਨਿਰਜੰਨ ਰਾਮ ਪਾਲ ਐਸ ਐਮ ਉ,  ਪੀ ਐਚ ਸੀ ਸੁੱਜੋ  ਨੇ ਦੱਸਿਆ ਕਿ ਸਿਵਲ ਸਰਜਨ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾਂ ਨਿਰਦੇਸ਼ਾਂ  ਅਨੁਸਾਰ  ਪੀ ਐਚ ਸੀ ਸੁੱਜੋ ਦੇ ਪਿੰਡਾਂ ਵਿਚ 0 ਤੋਂ 5 ਸਾਲ ਦੀ ਉਮਰ ਦੇ ਤੱਕ ਦੇ ਬੱਚਿਆਂ ਨੂੰ ਪੋਲੀਉ ਬੂੰਦਾਂ ਪਿਲਾਉਣ ਦਾ ਟੀਚਾ ਪੂਰੀ ਕਾਮਯਾਬੀ ਨਾਲ ਪੂਰਾ ਕੀਤਾ ਗਿਆ। ਇਸ ਮੁਹਿੰਮ ਨੂੰ ਸਫਲ ਕਰਨ ਲਈ  ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਨਰਸਿੰਗ ਵਿਦਿਆਰਥੀਆਂ ਵੱਲੋਂ ਦਿੱਤੇ ਵਿਸ਼ੇਸ਼ ਸਹਿਯੋਗ ਕਰਕੇ ਇਹਨਾਂ ਦਾ ਸਨਮਾਨ ਸਿਹਤ ਵਿਭਾਗ ਵੱਲੋਂ ਕੀਤਾ ਗਿਆ ।
ਇਸ ਮੌਕੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਦੇ  ਪ੍ਰਧਾਨ ਹਰਦੇਵ ਸਿੰਘ ਕਾਹਮਾ ਨੇ ਨਰਸਿੰਗ ਵਿਦਿਆਰਥੀਆਂ ਤੋਂ ਇਲਾਵਾ ਡਾ.ਨਿਰਜੰਨ ਰਾਮ ਪਾਲ ਐਸ ਐਮ ਉ, ਪੀ ਐਚ ਸੀ ਸੁੱਜੋ ਤੇ ਰਾਜ ਕੁਮਾਰ ਬਲਾਕ ਐਕਸਟੈਸ਼ਨ ਅਫਸਰ ਦਾ ਵੀ ਮਾਣ-ਸਤਿਕਾਰ ਕੀਤਾ ।  ਉਹਨਾਂ ਨੇ ਕਿਹਾ ਕਿ  ਪੰਜਾਬ ਵਾਸੀਆਂ ਲਈ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਸਿਹਤ ਜਾਗਰੁਕਤਾ ਮੁਹਿੰਮਾਂ ਵਿਚ ਢਾਹਾਂ ਕਲੇਰਾਂ ਨਰਸਿੰਗ ਕਾਲਜ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ, ਜਿਸ ਲਈ ਗਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦਾ 
ਸਮੂਹ  ਸਟਾਫ ਅਤੇ ਸਮੂਹ ਨਰਸਿੰਗ ਵਿਦਿਆਰਥੀ ਵਧਾਈ ਦੇ ਪਾਤਰ ਹਨ ।  ਇਸ ਮੌਕੇ  ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ,  ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ, ਵਾਈਸ ਪ੍ਰਿੰਸੀਪਲ ਰਮਨਦੀਪ ਕੌਰ, ਮੈਡਮ ਜੋਤਸਨਾ ਕੁਮਾਰੀ ਅਤੇ ਨਰਸਿੰਗ ਅਧਿਆਪਕ ਵੀ ਹਾਜ਼ਰ ਸਨ।
ਕੈਪਸ਼ਨ :  ਪੋਲੀਉ ਮੁਕਤ ਮੁਹਿੰਮ ਵਿਚ ਭਾਗ ਲੈਣ ਵਾਲੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ  ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਦੀ ਪ੍ਰਧਾਨ ਹਰਦੇਵ ਸਿੰਘ ਕਾਹਮਾ ਅਤੇ ਹੋਰ ਮਹਿਮਾਨਾਂ ਨਾਲ ਯਾਦਗਾਰੀ ਤਸਵੀਰ

Thursday, 20 July 2023

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਰਲਡ ਮਿਲਟ ਡੇਅ 2023 ਨੂੰ ਸਮਰਪਿਤ ਜਾਗਰੁਕਤਾ ਸਮਾਗਮ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਰਲਡ ਮਿਲਟ ਡੇਅ 2023 ਨੂੰ ਸਮਰਪਿਤ ਜਾਗਰੁਕਤਾ ਸਮਾਗਮ
ਬੰਗਾ 20 ਜੁਲਾਈ :-() ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਹੈਲਥੀ ਫੂਡ ਹੈਪੀ ਲਾਈਫ ਸੰਸਥਾ ਜਲੰਧਰ ਦੇ ਸਹਿਯੋਗ ਨਾਲ ਇੰਟਰਨੈਸ਼ਨਲ ਮਿਲਟ ਦਿਵਸ ਨੂੰ ਸਮਰਪਿਤ ਜਾਗਰੁਕਤਾ ਸਮਾਗਮ ਕਰਵਾਇਆ ਗਿਆ । ਸਮਾਗਮ ਦੇ ਮੁੱਖ ਮਹਿਮਾਨ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ  ਨੇ ਸੰਬੋਧਨ ਕਰਦੇ ਹੋਏ ਇਕੱਤਰ ਜਨ ਸਮੂਹ ਨੂੰ ਵਰਲਡ ਮਿਲਟ ਡੇਅ 2023 ਦੀਆਂ ਵਧਾਈਆਂ ਦਿੱਤੀਆਂ ਅਤੇ ਦੱਸਿਆ ਕਿ ਪੁਰਾਤਨ ਸਮੇਂ ਤੋ ਕੋਧਰਾ, ਕੁਟਕੀ, ਸਵਾਂਕ, ਕੰਗਣੀ, ਹਰੀ ਕੰਗਣੀ ਅਤੇ ਹੋਰ ਮਿਲਟਸ ਦੇਸ਼ ਦੇ ਲੋਕਾਂ ਦੀ ਰੋਜ਼ਾਨਾ ਦੀ ਖੁਰਾਕ ਦਾ ਅਨਿੱਖੜਵਾਂ ਅੰਗ ਰਹੇ ਸਨ। ਇਹ ਸੰਸਾਰ ਵਿਚ ਮਨੁੱਖਾਂ ਲਈ ਸਭ ਤੋਂ ਪੁਰਾਣੇ ਜਾਣੇ ਜਾਂਦੇ ਪੌਸ਼ਟਿਕ ਭੋਜਨਾਂ ਵਿੱਚੋਂ ਇੱਕ ਹਨ, ਜਿਹਨਾਂ ਦੇ ਖਾਣ ਨਾਲ ਅਨੇਕਾਂ  ਮਨੁੱਖੀ ਸਰੀਰਿਕ ਬਿਮਾਰੀਆਂ ਠੀਕ ਹੁੰਦੀਆਂ ਹਨ ।
ਇਸ ਮੌਕੇ ਮਿਲਟਸ (ਪੁਰਾਤਨ ਅਨਾਜਾਂ) ਦੇ ਵਿਸ਼ਾ ਮਾਹਿਰ ਡਾ. ਲਾਲ ਸਿੰਘ ਮੁਖੀ ਹੈਲਥੀ ਫੂਡ ਹੈਪੀ ਲਾਈਫ ਸੰਸਥਾ ਜਲੰਧਰ ਨੇ  ਕੋਧਰਾ, ਕੁਟਕੀ, ਸਵਾਂਕ, ਕੰਗਣੀ, ਹਰੀ ਕੰਗਣੀ ਅਤੇ ਹੋਰ ਅਨਾਜਾਂ ਦੀ ਮਹਾਨਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਇਹ ਅਨਾਜ ਸਾਡੇ ਸਰੀਰ ਦੀਆਂ ਅਨੇਕਾਂ ਬਿਮਾਰੀਆਂ ਤੋਂ ਦੂਰ ਕਰਦੇ ਹਨ,  ਘੱਟ ਪਾਣੀ ਨਾਲ ਪੈਦਾ ਹੁੰਦੇ ਹਨ ਅਤੇ ਵਾਤਾਵਰਣ ਨੂੰ ਬਚਾਉਣ ਵਿਚ ਵੀ ਸਹਾਇਕ ਹੁੰਦੇ ਹਨ । ਇਸ ਲਈ ਮਿਲਟਾਂ ਸਬੰਧੀ ਜਾਗਰੁਕਤਾ ਪੈਦਾ ਕਰਨ ਅਤੇ ਇਹਨਾਂ ਦੇ ਉਤਪਾਦਨ ਅਤੇ ਖਪਤ ਨੂੰ ਵਧਾਉਣ ਦੇ ਉਦੇਸ਼ ਨਾਲ, ਸੰਯੁਕਤ ਰਾਸ਼ਟਰ ਨੇ ਭਾਰਤ ਸਰਕਾਰ ਦੇ ਕਹਿਣ 'ਤੇ ਸਾਲ 2023 ਨੂੰ  ਅੰਤਰਰਾਸ਼ਟਰੀ ਮਿਲਟ ਯੀਅਰ -2023 (ਪੁਰਾਤਨ ਅਨਾਜ ਦਿਵਸ) ਐਲਾਨਿਆ ਹੈ।
            ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਭਾਰਤ ਸਰਕਾਰ ਵੱਲੋਂ ਕੋਧਰਾ, ਕੁਟਕੀ, ਸਵਾਂਕ, ਕੰਗਣੀ, ਹਰੀ ਕੰਗਣੀ ਅਤੇ ਹੋਰ ਪੁਰਾਤਨ ਪੌਸ਼ਟਿਕ ਮੋਟੇ ਅਨਾਜਾਂ ਪ੍ਰਤੀ ਜਾਗੁਰਕਤਾ ਪੈਦਾ ਕਰਨ ਦੀ ਮੁਹਿੰਮ ਆਰੰਭ ਕਰਕੇ ਬਹੁਤ ਵਧੀਆ ਉਪਰਾਲਾ ਕੀਤਾ ਹੈ। ਇਹਨਾਂ ਪੌਸ਼ਟਿਕ ਭੋਜਨਾਂ ਦੇ ਖਾਣ ਨਾਲ ਲੋਕਾਂ ਦਾ ਬਿਮਾਰੀਆਂ ਤੋਂ ਬਚਾਅ ਹੋਵੇਗਾ । ਇਸੇ ਸੇਵਾ ਮਿਸ਼ਨ ਤਹਿਤ ਪਿਛਲੇ ਡੇਢ ਸਾਲ ਤੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਖੇ ਦਾਖਲ ਮਰੀਜ਼ਾਂ ਅਤੇ ਉਹਨਾਂ ਦੇ ਸਹਾਇਕਾਂ ਨੂੰ ਇਹ ਪੁਰਾਤਨ ਪੌਸ਼ਟਿਕ ਮਿਲਟ ਦੀ ਖਿੱਚੜੀ ਮੁਫਤ ਪ੍ਰਦਾਨ ਕੀਤੀ ਜਾ ਰਹੀ ਹੈ । ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇੰਟਰਨੈਸ਼ਨਲ ਮਿਲਟ ਦਿਵਸ ਮੌਕੇ ਸਮਾਗਮ ਵਿਚ ਮੁੱਖ ਮਹਿਮਾਨ ਅਤੇ ਸਹਿਯੋਗੀਆਂ ਨੂੰ ਯਾਦਚਿੰਨ੍ਹ ਪ੍ਰਦਾਨ ਕਰਕੇ ਸਨਮਾਨਿਤ ਵੀ ਕੀਤਾ ਗਿਆ।  ਸਮਾਗਮ ਦੌਰਾਨ ਸਟੇਜ ਸੰਚਾਲਨਾ ਦੀ ਜ਼ਿੰਮੇਵਾਰੀ ਜਗਜੀਤ ਕੌਰ ਆਈ ਸੀ ਐਨ ਨੇ ਬਾਖੂਬੀ ਨਿਭਾਈ ।
             ਵਰਲਡ ਮਿਲਟ ਡੇਅ 2023 ਸਮਾਗਮ ਵਿਚ ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਕਮੇਟੀ, ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ, ਡਾ. ਆਰ ਕੇ ਅਮਨਦੀਪ (ਔਰਤਾਂ ਦੀਆਂ ਬਿਮਾਰੀਆਂ ਦਾ ਮਾਹਿਰ),  ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਮੈਡਮ ਰਮਨਦੀਪ ਕੌਰ ਵਾਈਸ ਪ੍ਰਿੰਸੀਪਲ, ਸ. ਮਹਿੰਦਰਪਾਲ ਸਿੰਘ ਸੁਪਰਡੈਂਟ, ਟਰੱਸਟ ਅਧੀਨ ਚੱਲਦੇ ਸਮੂਹ ਅਦਾਰਿਆਂ ਦਾ ਸਟਾਫ਼, ਡਾਕਟਰ ਸਾਹਿਬਾਨ, ਮੈਡੀਕਲ ਸਟਾਫ, ਪੈਰਾ ਮੈਡੀਕਲ ਸਟਾਫ, ਨਰਸਿੰਗ ਕਾਲਜ ਅਤੇ ਪੈਰਾ ਮੈਡੀਕਲ ਕਾਲਜ ਦੇ ਵਿਦਿਆਰਥੀਆਂ  ਹਾਜ਼ਰ ਸਨ । ਸਮਾਗਮ ਮੌਕੇ ਕੋਧਰਾ ਅਤੇ ਹੋਰ ਮਿਲਟਸ ਦੀ ਬਣਾਈ ਖੀਰ ਅਤੇ ਪੁਲਾਅ ਵੀ ਹਾਜ਼ਰ ਸਰੋਤਿਆ ਅਤੇ ਮਹਿਮਾਨਾਂ ਨੂੰ ਵਰਤਾਇਆ ਗਿਆ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਰਲਡ ਮਿਲਟ ਡੇਅ 2023 ਨੂੰ  ਸਮਰਪਿਤ ਜਾਗਰੁਕਤਾ ਸਮਾਗਮ ਦੀਆਂ ਤਸਵੀਰਾਂ

Wednesday, 19 July 2023

ਗੁਰੂ ਨਾਨਕ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦੇਣ ਟਰੈਫਿਕ ਸੈਮੀਨਾਰ ਲੱਗਾ

ਗੁਰੂ ਨਾਨਕ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦੇਣ ਟਰੈਫਿਕ ਸੈਮੀਨਾਰ ਲੱਗਾ
ਟਰੈਫਿਕ ਨਿਯਮਾਂ ਦਾ ਪਾਲਣਾ ਕਰਕੇ ਹੋਏ ਦੇਸ ਦੇ ਚੰਗੇ ਨਾਗਰਿਕ ਬਣੋ : ਏ ਐਸ ਆਈ ਪਰਵੀਨ ਸਿੰਘ

ਬੰਗਾ  19 ਜੁਲਾਈ  () ਜੇ ਅਸੀਂ ਸਹੀ ਢੰਗ ਨਾਲ ਟਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹਾਂ ਤਾਂ ਅਸੀਂ ਸਾਰੇ ਦੇਸ ਦੇ ਚੰਗੇ ਨਾਗਰਿਕ ਬਣ ਸਕਦੇ ਹਾਂ, ਇ੍ਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਏ ਐਸ ਆਈ ਪ੍ਰਵੀਨ  ਸਿੰਘ ਇੰਚਾਰਜ ਟਰੈਫਿਕ ਐਜ਼ੂਕੇਸ਼ਨਲ ਸੈੱਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਅੱਜ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦੇਣ ਲਈ ਲਗਾਏ ਗਏ ਟਰੈਫਿਕ ਸੈਮੀਨਾਰ ਵਿਚ ਪ੍ਰਗਟਾਏ । ਉਹਨਾਂ ਕਿਹਾ ਕਿ ਜ਼ਿਲ੍ਹਾ ਭਰ ਵਿਚ ਵਿਦਿਆਰਥੀਆਂ ਲਈ ਆਰੰਭੀ ਟਰੈਫਿਕ ਜਾਗਰੁਕਤਾ ਮੁਹਿੰਮ ਵਿਚ ਸਕੂਲ-ਕਾਲਜ ਵਿਦਿਆਰਥੀਆਂ ਨੂੰ ਸਕੂਟਰ, ਮੋਟਰ ਸਾਈਕਲ, ਕਾਰਾਂ ਨੂੰ   ਚਲਾਉਣ ਸਮੇਂ, ਡਰਾਈਵਿੰਗ ਲਾਇਸੰਸ ਬਣਾਉਣ ਸਬੰਧੀ, ਹੈਲਮਟ ਪਹਿਨਣ ਸਬੰਧੀ, ਸੀਟ ਬੈਲਟ ਲਗਾਉਣ ਅਤੇ ਸੜਕਾਂ ਤੇ ਆਣ- ਜਾਣ ਵੇਲੇ ਦੇ ਟਰੈਫਿਕ ਨਿਯਮਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕੀਤੀ ਜਾ ਰਹੀ ਹੈ। ਉਹਨਾਂ ਨੇ ਸਕੂਲ ਵਿਦਿਆਰਥੀਆਂ ਨਾਲ ਸਵਾਲ-ਜਵਾਬ ਕਰਦੇ ਦੱਸਿਆ ਕਿ 16 ਤੋਂ 18 ਸਾਲ ਦੀ ਉਮਰ ਦੇ ਵਿਦਿਆਰਥੀ ਵੀ ਡਰਾਈਵਿੰਗ ਲਾਇਸੰਸ ਬਣਵਾਕੇ ਬਿਨਾਂ ਗੇਅਰ ਵਾਲਾ ਸਕੂਟਰ ਚਲਾ ਸਕਦੇ ਹਨ । ਉਹਨਾਂ ਨੇ ਵਿਦਿਆਰਥੀਆਂ ਅਤੇ ਸਕੂਲ ਬੱਸ ਡਰਾਈਵਰਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਦੱਸਿਆ ਕਿ ਟਰੈਫਿਕ ਵਿਭਾਗ ਵੱਲੋਂ ਟਰੈਫਿਕ ਨਿਯਮਾਂ ਦਾ ਪਾਲਣਾ ਨਾ ਕਰ ਵਾਲਿਆਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ।
       ਇਸ ਮੌਕੇ ਪ੍ਰੌਫੈਸਰ ਹਰਬੰਸ ਸਿੰਘ ਬੋਲੀਨਾ ਡਾਇਰੈਕਟਰ (ਸਿੱਖਿਆ) ਅਤੇ ਪ੍ਰਿੰਸੀਪਲ ਮੈਡਮ ਵਨੀਤਾ ਚੋਟ ਨੇ ਪੰਜਾਬ ਪੁਲੀਸ, ਟਰੈਫਿਕ ਐਜ਼ੂਕੇਸ਼ਨਲ ਸੈੱਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸਕੂਲ ਵਿਖੇ ਵਿਸ਼ੇਸ਼ ਸੈਮੀਨਾਰ ਲਗਾ ਕੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਗਰੁਕ ਕਰਨ ਲਈ  ਏ ਐਸ ਆਈ ਪਰਵੀਨ ਸਿੰਘ ਅਤੇ ਏ ਐਸ ਆਈ ਸਤਨਾਮ ਸਿੰਘ  ਦਾ ਹਾਰਦਿਕ ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਲਾਲ ਚੰਦ ਵਾਈਸ ਪ੍ਰਿੰਸੀਪਲ, ਸ.ਸੁਖਜਿੰਦਰ ਸਿੰਘ, ਸ੍ਰੀ ਰਮਨ ਕੁਮਾਰ ਅਤੇ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ :  ਗੁਰੂ ਨਾਨਕ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ  ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦੇਣ ਲਈ ਵਿਸ਼ੇਸ਼ ਟਰੈਫਿਕ ਸੈਮੀਨਾਰ ਵਿਚ  ਏ ਐਸ ਆਈ ਪਰਵੀਨ ਸਿੰਘ ਇਸ ਮੌਕੇ ਇਕੱਤਰ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ , ਨਾਲ ਹਨ  ਪ੍ਰਿੰਸੀਪਲ ਮੈਡਮ ਵਨੀਤਾ ਚੋਟ 

ਢਾਹਾਂ ਕਲੇਰਾਂ ਵਿਖੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ

ਢਾਹਾਂ ਕਲੇਰਾਂ ਵਿਖੇ  ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ
ਬੰਗਾ : 19 ਜੁਲਾਈ () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਅੱਜ ਸਮੂਹ ਸਾਧ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ  ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ  ਮਨਾਇਆ ਗਿਆ । ਅੱਜ ਸਵੇਰੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਵਿਦਿਆਰਥੀ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿਚ ਕੀਤੇ । ਇਸ ਉਪਰੰਤ ਸਜੇ ਦੀਵਾਨ ਵਿਚ ਵਿਚ ਭਾਈ ਸੁਖਜੀਤ ਸਿੰਘ ਕੋਹਾੜਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਰਸ ਭਿੰਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਉਹਨਾਂ ਨੇ ਸੰਗਤਾਂ ਨੂੰ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਚਾਨਣਾ ਪਾਉਂਦੇ ਹੋਏ ਗੁਰੂ ਜੀ ਵੱਲੋਂ ਦਰਸਾਏ ਸੇਵਾ ਮਾਰਗ ਤੇ ਚੱਲਣ ਲਈ ਜਾਗਰੁਕ ਕੀਤਾ । ਸਮਾਗਮ ਵਿਚ ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ  ਅਤੇ  ਨਰਸਿੰਗ ਕਾਲਜ ਦੇ ਵਿਦਿਆਰਥੀਆਂ ਦੇ ਕੀਰਤਨੀ ਜਥਿਆਂ ਨੇ ਵੀ ਹਾਜ਼ਰੀ ਭਰੀ । ਇਸ ਮੌਕੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ ਨੇ ਇਕੱਤਰ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਨੇ ਸਟੇਜ ਸੰਚਾਲਨਾ ਕਰਦੇ ਹੋਏ ਸਮੂਹ ਸੰਗਤਾਂ ਨੂੰ ਗੁਰੂ ਸਾਹਿਬਾਨ ਵੱਲੋਂ ਦਿਖਾਏ ਸਿੱਖੀ ਦੇ ਮਾਰਗ ਤੇ ਚੱਲਣ ਲਈ ਪ੍ਰੇਰਿਆ ।
               ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਵਿਚ ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਕਮੇਟੀ, ਪ੍ਰੌ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ (ਸਿੱਖਿਆਾ), ਜਥੇਦਾਰ ਤਰਲੋਕ ਸਿੰਘ ਫਲੋਰਾ, ਡਾ ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਮੈਡਮ ਰਮਨਦੀਪ ਕੌਰ ਵਾਈਸ ਪ੍ਰਿੰਸੀਪਲ, ਮੈਡਮ ਵਨੀਤਾ ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਭਾਈ ਮਨਜੀਤ ਸਿੰਘ, ਸ. ਮਹਿੰਦਰਪਾਲ ਸਿੰਘ ਸੁਪਰਡੈਂਟ, ਭਾਈ ਪ੍ਰਵੀਨ ਸਿੰਘ ਢਾਹਾਂ, ਭਾਈ ਨਰਿੰਦਰ ਸਿੰਘ ਢਾਹਾਂ, ਟਰੱਸਟ ਅਧੀਨ ਚੱਲਦੇ ਸਮੂਹ ਅਦਾਰਿਆਂ ਦਾ ਸਟਾਫ਼,  ਡਾਕਟਰ ਸਾਹਿਬਾਨ, ਮੈਡੀਕਲ ਸਟਾਫ, ਪੈਰਾ ਮੈਡੀਕਲ ਸਟਾਫ, ਸਮੂਹ ਅਦਾਰਿਆਂ ਦੇ ਵਿਦਿਆਰਥੀਆਂ ਤੋਂ ਇਲਾਵਾ ਇਲਾਕਾ ਨਿਵਾਸੀ ਸਾਧ-ਸੰਗਤਾਂ ਨੇ ਵੀ ਹਾਜ਼ਰੀਆਂ ਭਰੀਆਂ । ਸਮਾਗਮ ਮੌਕੇ ਦੁੱਧ ਦੀ ਛਬੀਲ ਅਤੇ ਛੋਲਿਆਂ ਦਾ ਪ੍ਰਸ਼ਾਦਿ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ ।

ਫੋਟੋ ਕੈਪਸ਼ਨ :  ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ  ਢਾਹਾਂ ਕਲੇਰਾਂ ਵੱਲੋਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਸਮਾਗਮ ਦੀਆਂ ਝਲਕੀਆਂ