Wednesday, 31 January 2024

ਢਾਹਾਂ ਕਲੇਰਾਂ ਵਿਖੇ ਫਰੀ ਕੈਂਸਰ ਚੈੱਕਅਪ ਕੈਂਪ 3 ਫਰਵਰੀ ਨੂੰ

ਢਾਹਾਂ ਕਲੇਰਾਂ ਵਿਖੇ ਫਰੀ ਕੈਂਸਰ ਚੈੱਕਅਪ ਕੈਂਪ 3 ਫਰਵਰੀ ਨੂੰ
ਬੰਗਾ 31 ਜਨਵਰੀ ()  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਿਸ਼ਵ ਕੈਂਸਰ ਦਿਵਸ ਨੂੰ ਸਮਰਪਿਤ ਫਰੀ ਕੈਂਸਰ ਚੈੱਕਅਪ ਕੈਂਪ 3 ਫਰਵਰੀ ਦਿਨ ਸ਼ਨੀਵਾਰ ਨੂੰ ਸਵੇਰੇ 11
ਵਜੇ  ਤੋਂ 2 ਵਜੇ ਦੁਪਿਹਰ ਤੱਕ ਲਗਾਇਆ ਜਾ ਰਿਹਾ ਹੈ । ਇਹ ਜਾਣਕਾਰੀ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਮੀਡੀਆਂ ਨੂੰ ਦਿੱਤੀ ।  ਕੈਂਪ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੰਦੇ ਸ ਢਾਹਾਂ ਨੇ ਦੱਸਿਆ ਕਿ ਹਸਪਤਾਲ ਢਾਹਾਂ ਕਲੇਰਾਂ ਦੀ ਉ ਪੀ ਡੀ ਵਿਖੇ 3 ਫਰਵਰੀ ਦਿਨ ਸ਼ਨੀਵਾਰ ਨੂੰ ਵਿਸ਼ਵ ਕੈਂਸਰ ਦਿਵਸ ਨੂੰ ਸਮਰਪਿਤ ਇਹ ਫਰੀ ਕੈਂਸਰ ਚੈੱਕਅਪ ਕੈਂਪ ਲੱਗੇਗਾ । ਜਿਸ ਵਿਚ ਮਰੀਜ਼ਾਂ ਦਾ ਮੁਫਤ ਚੈਕਅੱਪ ਹੋਵੇਗਾ ਅਤੇ ਲੋੜਵੰਦਾਂ ਦੇ ਸ਼ੂਗਰ ਟੈਸਟ ਵੀ ਮੁਫਤ ਕੀਤੇ ਜਾਣਗੇ। ਮੁਫਤ ਜਾਂਚ ਕਰਨ ਤੋਂ ਇਲਾਵਾ ਮਰੀਜ਼ਾਂ ਨੂੰ ਕੈਂਸਰ ਸਕਰੀਨਿੰਗ ਦੇ ਵਿਸ਼ੇਸ਼ ਤਿੰਨ ਟੈਸਟ ਸੀ ਏ 125, ਪੀ.ਐਸ.ਏ., ਸੀ.ਈ.ਏ. ਟੈਸਟਾਂ ਨੂੰ ਕਰਵਾਉਣ 'ਤੇ 50% ਦੀ ਵੱਡੀ ਛੋਟ ਦਿੱਤੀ ਜਾਵੇਗੀ । ਸ. ਢਾਹਾਂ ਨੇ ਦੱਸਿਆ ਕਿ ਕੈਂਸਰ ਦੀ ਬਿਮਾਰੀ ਦਾ ਇਲਾਜ ਕਰਨ ਦੇ ਮਾਹਿਰ ਡਾ. ਨਵਦੀਪ ਸਿੰਘ ਐਮ ਡੀ, ਡੀ ਆਰ ਐਨ ਬੀ ਅਤੇ ਡਾ ਰਾਹੁਲ ਚੌਧਰੀ ਐਮ ਡੀ ਰੇਡੀਏਸ਼ਨ ਇਸ ਕੈਂਪ ਵਿਚ ਮਰੀਜ਼ਾਂ ਦਾ ਫਰੀ ਚੈੱਕਅਪ ਕਰਨਗੇ ।  ਉਹਨਾਂ  ਨੇ ਲੋੜਵੰਦ ਮਰੀਜ਼ਾਂ ਅਤੇ ਇਲਾਕਾ ਨਿਵਾਸੀਆਂ ਨੂੰ ਗੁਰੂ ਨਾਨਕ ਮਿਸ਼ਨ ਢਾਹਾਂ ਕਲੇਰਾਂ ਹਸਪਤਾਲ ਵਿਖੇ 3 ਫਰਵਰੀ ਦਿਨ ਸ਼ਨੀਵਾਰ ਨੂੰ ਲੱਗ ਰਹੇ  ਮੁਫਤ ਕੈਂਸਰ ਚੈੱਕਅਪ ਕੈਂਪ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ । ਕੈਂਪ ਦੀ ਜਾਣਕਾਰੀ ਦੇਣ  ਮੌਕੇ ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸ.ਦਰਸ਼ਨ ਸਿੰਘ ਮਾਹਿਲ ਪ੍ਰਬੰਧਕ ਮੈਂਬਰ, ਸ. ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਵੀ ਹਾਜ਼ਰ ਸਨ ।  
ਫ਼ੋਟੋ ਕੈਪਸ਼ਨ :-   ਢਾਹਾਂ ਕਲੇਰਾਂ ਵਿਖੇ 3 ਫਰਵਰੀ ਨੂੰ ਲੱਗ ਰਹੇ ਫਰੀ ਕੈਂਸਰ ਚੈੱਕਅਪ ਕੈਂਪ ਦੀ ਜਾਣਕਾਰੀ ਦਿੰਦੇ ਹੋਏ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ

Thursday, 25 January 2024

ਚੇਅਰਮੈਨ ਹਰਚੰਦ ਸਿੰਘ ਬਰਸਟ ਨੇ 61 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਲਿੰਕ ਰੋਡ ਦਾ ਰੱਖਿਆ ਨੀਂਹ ਪੱਥਰ

ਚੇਅਰਮੈਨ ਹਰਚੰਦ ਸਿੰਘ ਬਰਸਟ ਨੇ 61 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਲਿੰਕ ਰੋਡ ਦਾ ਰੱਖਿਆ ਨੀਂਹ ਪੱਥਰ
ਕਿਹਾ:  ਆਰ.ਡੀ.ਐਫ. ਮਿਲਣ ਤੇ ਪਿੰਡਾਂ ਦੀਆਂ ਸੜਕਾਂ ਦਾ ਕਰਾਂਗੇ ਨਿਰਮਾਣ - ਸ. ਹਰਚੰਦ ਸਿੰਘ ਬਰਸਟ

ਬੰਗਾ 25 ਜਨਵਰੀ () ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦੀ ਅਗਵਾਈ ਵਿੱਚ ਪੰਜਾਬ ਦੀਆਂ ਮੰਡੀਆਂ ਅਤੇ ਪੇਂਡੂ ਖੇਤਰਾਂ ਦਾ ਵਿਕਾਸ ਜ਼ੋਰਾਂ ਨਾਲ ਹੋ ਰਿਹਾ ਹੈ। ਇਸੇ ਲੜੀ ਤਹਿਤ ਅੱਜ ਨੈਸ਼ਨਲ ਹਾਈਵੇ ਬੰਗਾ-ਫਗਵਾੜਾ ਸੜਕ ਤੋਂ  ਪਿੰਡ ਕਲੇਰਾਂ ਤੱਕ ਦੀ ਲਿੰਕ ਰੋਡ ਦਾ ਨੀਂਹ ਪੱਥਰ ਰੱਖਣ ਲਈ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ. ਹਰਚੰਦ ਸਿੰਘ ਬਰਸਟ, ਚੇਅਰਮੈਨ, ਪੰਜਾਬ ਮੰਡੀ ਬੋਰਡ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਕੇ 61 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਪਿੰਡ ਕਲੇਰਾਂ ਲਿੰਕ ਰੋਡ ਦਾ ਨੀਂਹ ਪੱਥਰ ਗੁਰੂ ਨਾਨਕ ਮਿਸ਼ਨ ਪਬਿਲਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ  ਕੋਲ  ਰੱਖਿਆ ।
ਇਸ ਦੌਰਾਨ ਸ. ਹਰਚੰਦ ਸਿੰਘ ਬਰਸਟ, ਚੇਅਰਮੈਨ, ਪੰਜਾਬ ਮੰਡੀ ਬੋਰਡ ਨੇ ਲੋਕਾਂ ਨੂੰ ਕੌਮੀ ਵੋਟਰ ਦਿਵਸ ਦੀ ਵਧਾਈ ਦਿੰਦੀਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਰਹਿਨੁਮਾਈ ਅਤੇ ਲੋਕਾਂ ਦੇ ਸਾਥ ਸਦਕਾ ਹੀ ਭਾਰੀ ਵਿਕਾਸ ਕਾਰਜ ਹੋ ਰਹੇ ਹਨ ।  ਨੈਸ਼ਨਲ ਹਾਈਵੇ ਬੰਗਾ-ਫਗਵਾੜਾ ਸੜਕ ਤੋਂ  ਪਿੰਡ ਕਲੇਰਾਂ ਤੱਕ ਦੀ ਲਿੰਕ ਰੋਡ ਦੇ ਬਣਨ ਨਾਲ ਜਿੱਥੇ ਲੋਕਾਂ ਨੂੰ ਆਵਾਜਾਈ ਵਿੱਚ ਆਸਾਨੀ ਹੋ ਜਾਵੇਗੀ,  ਉੱਥੇ ਹੀ ਸਕੂਲਾਂ ਤੇ ਕਾਲਜਾਂ ਨੂੰ ਜਾਣ ਵਾਲੇ ਵਿਦਿਆਰਥੀਆਂ ਨੂੰ ਵੀ ਸਹੂਲਤ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਾਰਿਸ਼ਾਂ ਤੇ ਹੜ੍ਹਾਂ ਕਾਰਨ ਪੇਂਡੂ ਖੇਤਰਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਕੇਂਦਰ ਸਰਕਾਰ ਵੱਲੋਂ ਆਰ.ਡੀ.ਐਫ. ਰੋਕ ਕੇ ਪੰਜਾਬ ਦੇ ਪਿੰਡਾ ਦੇ ਵਿਕਾਸ ਨੂੰ ਠੱਪ ਕੀਤਾ ਗਿਆ ਹੈ, ਜੇਕਰ ਇਹ ਆਰ.ਡੀ.ਐਫ. ਜਾਰੀ ਹੋ ਜਾਵੇ ਤਾਂ ਪੰਜਾਬ ਦੇ ਪਿੰਡਾਂ ਦੀਆਂ ਲਗਭਗ 8880 ਕਿਮੀ. ਸੜਕਾਂ ਬਣ ਸਕਦੀਆਂ ਹਨ । ਪਰ ਇਸ ਸਭ ਦੇ ਬਾਵਜੂਦ ਮੰਡੀ ਬੋਰਡ ਵੱਲੋਂ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਈਆਂ ਜਾ ਰਿਹਾ ਹੈ । ਸ. ਹਰਚੰਦ ਸਿੰਘ ਬਰਸਟ ਨੇ ਲੋਕਾਂ ਨੂੰ ਵਾਅਦਾ ਕੀਤਾ ਕਿ ਜਿਵੇਂ ਹੀ ਸਾਡੇ ਕੋਲ ਕੇਂਦਰ ਸਰਕਾਰ ਵੱਲੋਂ ਆਰ.ਡੀ.ਐਫ. ਆਵੇਗਾ, ਪਹਿਲ ਦੇ ਆਧਾਰ ਤੇ ਸਾਰੀਆਂ ਸੜਕਾਂ ਨੂੰ ਨੇਪਰੇ ਚਾੜ੍ਹਿਆ ਜਾਵੇਗਾ ।
            ਚੇਅਰਮੈਨ ਨੇ ਦੱਸਿਆ ਕਿ ਮੰਡੀ ਬੋਰਡ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਲਈ ਜਿੱਥੇ ਮੰਡੀਆਂ ਵਿੱਚ ਏ.ਟੀ.ਐਮ. ਅਤੇ ਯੂਨੀਪੋਲ ਲਗਾਉਣ ਦੇ ਕਾਰਜ ਤੇ ਜੋਰ ਦਿੱਤਾ ਜਾ ਰਿਹਾ ਹੈ, ਉਥੇ ਹੀ ਮਾਰਕਿਟ ਕਮੇਟੀ ਬੰਗਾ ਵੱਲੋਂ ਕਾਰਨੀਵਲ ਲਗਵਾ ਕੇ ਆਫ਼ ਸੀਜ਼ਨ ਵਿੱਚ ਮੰਡੀ ਦੀ ਵਰਤੋਂ ਕੀਤੀ ਗਈ ਹੈ ।  ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੋਰਨਾਂ ਮਾਰਕੀਟ ਕਮੇਟੀਆਂ ਨੂੰ ਵੀ ਅਜਿਹੇ ਉਪਰਾਲੇ ਕਰਨ ਦੀ ਲੋੜ ਹੈ, ਤਾਂ ਜੋ ਮੰਡੀ ਬੋਰਡ ਆਰਥਿਕ ਤੌਰ ਤੇ ਮਜਬੂਤ ਹੋ ਸਕੇ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਤੇ ਕਰਜ਼ਈ ਕੀਤਾ ਹੋਇਆ ਹੈ ਅਤੇ ਹਾਲ ਹੀ ਵਿੱਚ ਪਿਛਲੀਆਂ ਸਰਕਾਰ ਵੱਲੋਂ ਲਏ ਕਰਜੇ ਦੇ 1386 ਕਰੋੜ ਰੁਪਏ ਮੰਡੀ ਬੋਰਡ ਵੱਲੋਂ ਭਰੇ ਗਏ ਹਨ ।
ਇਸ ਮੌਕੇ  ਹੋਏ ਸਮਾਗਮ ਵਿਚ  ਕੁਲਜੀਤ ਸਿੰਘ ਸਰਹਾਲ, ਵਾਇਸ ਚੇਅਰਮੈਨ, ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਅਤੇ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦਾ ਪਿੰਡ ਕਲੇਰਾਂ ਲਿੰਕ ਰੋਡ ਦਾ ਨੀਂਹ ਪੱਥਰ ਰੱਖਣ ਤੇ ਧੰਨਵਾਦ ਕੀਤਾ ।  ਅੰਤ ਵਿੱਚ ਮੁੱਖ ਮਹਿਮਾਨ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸ. ਗੁਰਦੀਪ ਸਿੰਘ ਇੰਜੀਨਿਅਰ-ਇਨ-ਚੀਫ਼ ਪੰਜਾਬ ਮੰਡੀ ਬੋਰਡ, ਸ. ਗੁਰਿੰਦਰ ਸਿੰਘ ਚੀਮਾ ਮੁੱਖ ਇੰਜੀਨਿਅਰ,  ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਸ. ਦਰਸ਼ਨ ਸਿੰਘ ਮਾਹਲ ਪ੍ਰਬੰਧਕ ਮੈਂਬਰ ਟਰੱਸਟ, ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ ਟਰੱਸਟ,  ਪੋ. ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਿੱਖਿਆ ਗੁਰੂ ਨਾਨਕ ਮਿਸ਼ਨ ਪਬਲਿਕ ਸੀ.ਸੈ. ਸਕੂਲ ਢਾਹਾਂ ਕਲੇਰਾਂ, ਸ੍ਰੀ ਰੁਪਿੰਦਰ ਮਿਨਹਾਸ ਜਿਲ੍ਹਾ ਮੰਡੀ ਅਫਸਰ, ਸ੍ਰੀ ਵਰਿੰਦਰ ਕੁਮਾਰ ਸਕੱਤਰ, ਦਿਲਪ੍ਰੀਤ ਸਿੰਘ ਕਾਰਕਾਰੀ ਇੰਜੀਨਿਅਰ,  ਜਥੇਦਾਰ ਸਤਨਾਮ ਸਿੰਘ ਲਾਦੀਆਂ, ਬੀਬਾ ਹਰਜੋਤ ਕੌਰ ਲੋਹਟੀਆ, ਮੈਡਮ ਵਨੀਤਾ ਚੋਟ ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸੀ.ਸੈ. ਸਕੂਲ ਢਾਹਾਂ ਕਲੇਰਾਂ, ਸ. ਗੁਰਦੀਪ ਸਿਂਘ ਢਾਹਾਂ, ਸ੍ਰੀ ਸੰਦੀਪ ਜੱਸੀ ਐਸ.ਡੀ.ਓ., ਸ. ਚਰਨਜੀਤ ਸਿੰਘ ਜੇਈ, ਮਹਿੰਦਰਪਾਲ ਸਿੰਘ ਸੁਪਰਡੈਂਟ ਵੀ ਹਾਜ਼ਰ ਸਨ ।

Wednesday, 24 January 2024

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਲਈ ਕੈਨੇਡਾ ਨਿਵਾਸੀ ਸ.ਮਨਦੀਪ ਸਿੰਘ ਸ਼ੇਰਗਿੱਲ ਨੇ ਇਕ ਲੱਖ ਰੁਪਏ ਦਾਨ ਦਿੱਤਾ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਲਈ ਕੈਨੇਡਾ ਨਿਵਾਸੀ ਸ.ਮਨਦੀਪ ਸਿੰਘ ਸ਼ੇਰਗਿੱਲ ਨੇ ਇਕ ਲੱਖ ਰੁਪਏ ਦਾਨ ਦਿੱਤਾ
ਬੰਗਾ 24 ਜਨਵਰੀ : ਕੈਨੇਡਾ ਦੇ ਪ੍ਰਸਿੱਧ ਸ਼ਹਿਰ ਟੋਰਾਂਟੋ ਵਾਸੀ ਅਤੇ  ਪਿੰਡ ਫੀਰੋਜ਼ਪੁਰ ਦੇ ਜੰਮਪਲ ਸ. ਮਨਦੀਪ ਸਿੰਘ ਸ਼ੇਰਗਿੱਲ ਨੇ ਆਪਣੀ ਨੇਕ ਕਮਾਈ ਵਿਚੋਂ  ਇਕ ਲੱਖ  ਰੁਪਏ ਦੀ ਰਾਸ਼ੀ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਚਲਾਏ ਜਾ ਰਹੇ  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਚ ਮਰੀਜ਼ਾਂ ਦੀ ਸਹੂਲਤ ਲਈ ਲੱਗ ਰਹੀ ਨਵੀਂ ਲਿਫਟ ਲਈ ਭੇਟ ਕੀਤੀ ਹੈ । ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ.ਹਰਦੇਵ ਸਿੰਘ ਕਾਹਮਾ ਨੇ ਢਾਹਾਂ ਕਲੇਰਾਂ ਵਿਖੇ ਸ.ਮਨਦੀਪ ਸਿੰਘ ਸ਼ੇਰਗਿੱਲ ਦਾ ਨਿੱਘਾ ਸਵਾਗਤ ਕੀਤਾ ਅਤੇ  ਇੱਕ ਲੱਖ ਪਏ ਦਾਨ ਦੇਣ ਲਈ ਤਹਿਦਿਲੋਂ ਧੰਨਵਾਦ ਕੀਤਾ ।  ਇਸ ਮੌਕੇ ਸ.ਮਨਦੀਪ ਸਿੰਘ ਸ਼ੇਰਗਿੱਲ ਨੇ ਕਿਹਾ ਉਹ ਆਪਣੇ ਸਤਿਕਾਰਯੋਗ ਪਿਤਾ ਜੀ ਨਰਿੰਦਰ ਸਿੰਘ ਸ਼ੇਰਗਿੱਲ ਵੱਲੋਂ ਸਿਖਾਏ ਸੇਵਾ ਮਾਰਗ ਤੇ ਚੱਲਦੇ ਹੋਏ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਲਈ ਆਪਣਾ ਦਸਵੰਧ ਕੱਢ ਕੇ ਸੇਵਾ ਕਰ ਰਹੇ ਹਨ । ਸਮੂਹ ਟਰੱਸਟ ਵਲੋਂ ਸ.ਹਰਦੇਵ ਸਿੰਘ ਕਾਹਮਾ ਪ੍ਰਧਾਨ ਨੇ ਸ.ਮਨਦੀਪ ਸਿੰਘ ਸ਼ੇਰਗਿੱਲ ਅਤੇ ਉਹਨਾਂ ਦੇ ਪਿਤਾ ਜੀ ਸ.ਨਰਿੰਦਰ ਸਿੰਘ ਸ਼ੇਰਗਿੱਲ ਪ੍ਰਬੰਧਕ ਟਰੱਸਟ ਮੈਂਬਰ ਦਾ ਸਨਮਾਨ ਵੀ ਕੀਤਾ ਗਿਆ । ਇਸ ਮੌਕੇ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ, ਸ.ਅਮਰਜੀਤ ਸਿੰਘ ਚੇਅਰਮੈਨ ਫਾਈਨਾਂਸ ਕਮੇਟੀ, ਸ. ਦਰਸ਼ਨ ਸਿੰਘ ਮਾਹਿਲ ਪ੍ਰਬੰਧਕ ਮੈਂਬਰ ਵੀ ਹਾਜ਼ਰ ਸੀ । ਵਰਨਣਯੋਗ ਹੈ ਕਿ ਕੈਨੇਡਾ ਨਿਵਾਸੀ ਸ.ਮਨਦੀਪ ਸਿੰਘ ਸ਼ੇਰਗਿੱਲ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧਕ ਮੈਂਬਰ ਸ. ਨਰਿੰਦਰ ਸਿੰਘ ਸ਼ੇਰਗਿੱਲ ਦੇ ਹੋਣਹਾਰ ਸਪੁੱਤਰ ਹਨ ਅਤੇ ਟਰੱਸਟ ਅਧੀਨ ਢਾਹਾਂ ਕਲੇਰਾਂ ਵਿਖੇ ਚੱਲਦੇ ਮੈਡੀਕਲ ਅਤੇ ਵਿਦਿਅਕ ਸੰਸਥਾਵਾਂ ਲਈ ਹਰ ਸਾਲ ਦਾਨ ਦਿੰਦੇ ਹਨ ।
ਫੋਟੋ ਕੈਪਸ਼ਨ : ਟਰੱਸਟ ਦਫਤਰ ਢਾਹਾਂ ਕਲੇਰਾਂ ਵਿਖੇ ਮਨਦੀਪ ਸਿੰਘ ਸ਼ੇਰਗਿੱਲ ਟੋਰਾਂਟੋ(ਕੈਨੇਡਾ) ਅਤੇ ਉਹਨਾਂ ਦੇ ਪਿਤਾ ਜੀ ਨਰਿੰਦਰ ਸਿੰਘ ਸ਼ੇਰਗਿੱਲ ਪ੍ਰਬੰਧਕ ਨੂੰ ਸਨਮਾਨਿਤ ਕਰਦੇ ਹੋਏ ਸ.ਹਰਦੇਵ ਸਿੰਘ ਕਾਹਮਾ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਅਮਰਜੀਤ ਸਿੰਘ ਚੇਅਰਮੈਨ ਫਾਈਨਾਂਸ ਕਮੇਟੀ ਅਤੇ ਸ. ਦਰਸ਼ਨ ਸਿੰਘ ਮਾਹਿਲ ਪ੍ਰਬੰਧਕ ਮੈਂਬਰ 

Tuesday, 23 January 2024

ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੀ 42ਵੀਂ ਬਰਸੀ ਸਮਾਗਮ ਮੌਕੇ ਖੂਨਦਾਨ ਕੈਂਪ ਅਤੇ ਫਰੀ ਮੈਡੀਕਲ ਚੈੱਕ ਕੈਂਪ ਲੱਗਾ

ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੀ 42ਵੀਂ ਬਰਸੀ ਸਮਾਗਮ ਮੌਕੇ ਖੂਨਦਾਨ ਕੈਂਪ ਅਤੇ ਫਰੀ ਮੈਡੀਕਲ ਚੈੱਕ ਕੈਂਪ ਲੱਗਾ
ਬੰਗਾ 23 ਜਨਵਰੀ ()  ਸੇਵਾ ਦੇ ਪੁੰਜ ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ, ਅਨੰਦਪੁਰ ਸਾਹਿਬ ਦੀ 42ਵੀਂ ਬਰਸੀ ਮੌਕੇ ਬਾਬਾ ਜੀ ਦੀ ਨਿੱਘੀ ਅਤੇ ਮਿੱਠੀ ਯਾਦ ਨੂੰ ਸਮਰਪਿਤ ਸਵੈਇੱਛਕ ਖੂਨਦਾਨ ਕੈਂਪ ਅਤੇ ਫਰੀ ਮੈਡੀਕਲ ਕੈਂਪ ਗੁਰੂ ਗੋਬਿੰਦ ਸਿੰਘ ਜੀ ਲੋਹ ਲੰਗਰ ਸਟੋਰ, ਪਿੰਡ ਨੌਰਾ ਵਿਖੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਗਿਆ । ਖੂਨਦਾਨ ਕੈਂਪ ਵਿਚ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸੰਤ ਬਾਬਾ ਸੁੱਚਾ ਸਿੰਘ ਜੀ, ਸੰਤ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ, ਸੰਤ ਬਾਬਾ ਭਾਗ ਸਿੰਘ ਜੀ ਕਜਲਿਆਂ ਵਾਲੇ, ਸੰਤ ਬਾਬਾ ਗੁਰਬਚਨ ਸਿੰਘ ਜੀ ਪਠਲਾਵੇ ਵਾਲੇ ਅਤੇ ਬਾਬਾ ਅਜੀਤ ਸਿੰਘ ਹਲਵਾਈ ਵਿਸ਼ੇਸ਼ ਤੌਰ 'ਤੇ ਪੁੱਜੇ । ਉਹਨਾਂ ਨੇ ਸੰਗਤਾਂ ਨੂੰ ਮਾਨਵਤਾ ਦੀ ਸੇਵਾ ਲਈ ਖੂਨਦਾਨ ਕਰਨ ਲਈ ਅਪੀਲ ਕੀਤੀ ਅਤੇ ਖੂਨਦਾਨੀਆਂ ਨੂੰ ਯਾਦਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ । ਫਰੀ ਮੈਡੀਕਲ ਕੈਂਪ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਾਹਿਰ ਡਾਕਟਰ ਸਾਹਿਬਾਨ ਵਲੋਂ ਮਰੀਜ਼ਾਂ ਦਾ ਮੁਫਤ ਮੈਡੀਕਲ ਚੈੱਕਐੱਪ ਕੀਤਾ ਗਿਆ । ਮਰੀਜ਼ਾਂ ਨੂੰ ਫਰੀ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ ਅਤੇ ਸ਼ੂਗਰ ਟੈਸਟ ਵੀ ਕੀਤਾ ਗਿਆ । ਬਾਬਾ ਜੀ ਦੀ ਨਿੱਘੀ ਅਤੇ ਮਿੱਠੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਅਤੇ ਫਰੀ ਮੈਡੀਕਲ ਕੈਂਪ  ਵਿਚ ਜਥੇਦਾਰ ਸੁਖਦੇਵ ਸਿੰਘ ਭੌਰ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਦਰਸ਼ਨ ਸਿੰਘ ਮਾਹਿਲ ਕੈਨੇਡਾ ਪ੍ਰਬੰਧਕ ਮੈਂਬਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ,  ਬਾਬਾ ਜਰਨੈਲ ਸਿੰਘ, ਭਾਈ ਹਰਮਿੱਤਰ ਸਿੰਘ ਕਥਾ ਵਾਚਕ, ਕਰਮਜੀਤ ਸਿੰਘ ਯੂ ਕੇ (ਦੋਹਤ ਜਵਾਈ ਸੰਤ ਬਾਬਾ ਸੇਵਾ ਸਿੰਘ ਜੀ), ਚਰਨਜੀਤ ਸਿੰਘ ਯੂ ਕੇ, ਪਰਮਜੀਤ ਸਿੰਘ ਯੂ ਕੇ, ਧਨਵੰਤ ਸਿੰਘ, ਸੁਖਜਿੰਦਰ ਸਿੰਘ ਪੰਚ, ਸਤਵਿੰਦਰ ਸਿੰਘ ਰਾਜੂ (ਸਾਰੇ ਪੋਤਰੇ ਸੰਤ ਬਾਬਾ ਸੇਵਾ ਸਿੰਘ ਜੀ), ਜਰਨੈਲ ਸਿੰਘ ਨੌਰਾ, ਸਤਵੀਰ ਸਿੰਘ ਪੱਲੀ ਝੱਕੀ, ਅੰਗਦ ਸਿੰਘ ਨਵਾਂਸ਼ਹਿਰ, ਹਰਜਿੰਦਰ ਸਿੰਘ, ਮਿੱਤ ਸਿੰਘ, ਦਰਸ਼ਨ ਸਿੰਘ ਉੜਾਪੜ, ਕਮਲਜੀਤ ਸਿੰਘ ਬੰਗਾ, ਕੇਸਰ ਸਿੰਘ ਸਾਬਕਾ ਸਰਪੰਚ,  ਡਾ. ਰਾਹੁਲ ਗੋਇਲ ਬੀ ਟੀ ਉ, ਡਾ. ਕੁਲਦੀਪ ਸਿੰਘ, ਡਾ. ਵਿਭੂ ਚੌਧਰੀ, ਮਨਜੀਤ ਸਿੰਘ ਬੇਦੀ ਇੰਚਾਰਜ ਬਲੱਡ ਬੈਂਕ, ਭਾਈ ਜੋਗਾ ਸਿੰਘ, ਸੁਰਜੀਤ ਸਿੰਘ ਤੋਂ ਇਲਾਵਾ ਸਮੂਹ ਸੰਤਾ ਦਾ ਪਰਿਵਾਰ, ਗ੍ਰਾਮ ਪੰਚਾਇਤ ਨੌਰਾ ਅਤੇ ਇਲਾਕਾ ਨਿਵਾਸੀ ਸੰਗਤਾਂ ਸ਼ਾਮਿਲ ਹੋਈਆਂ ।
ਤਸਵੀਰ : ਪਿੰਡ ਨੌਰਾ ਵਿਖੇ ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੀ 42ਵੀਂ ਬਰਸੀ ਸਮਾਗਮ ਮੌਕੇ ਲੱਗੇ ਖੂਨਦਾਨ ਕੈਂਪ ਵਿਚ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਸੰਤ ਬਾਬਾ ਸੁੱਚਾ ਸਿੰਘ ਜੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਨਾਲ ਹਨ  ਹੋਰ ਸੰਤ ਮਹਾਂਪੁਰਸ਼ ਅਤੇ ਪਤਵੰਤੇ ਸੱਜਣ 

Sunday, 21 January 2024

ਗਣਤੰਤਰ ਦਿਵਸ ਨੂੰ ਸਮਰਪਿਤ ਲੱਗੇ ਵਿਸ਼ੇਸ਼ ਸਵੈ ਇੱਛਤ ਖੂਨਦਾਨ ਕੈਂਪ ਵਿਚ 30 ਯੂਨਿਟ ਖੂਨਦਾਨ

ਗਣਤੰਤਰ ਦਿਵਸ ਨੂੰ ਸਮਰਪਿਤ ਲੱਗੇ ਵਿਸ਼ੇਸ਼ ਸਵੈ ਇੱਛਤ ਖੂਨਦਾਨ ਕੈਂਪ ਵਿਚ 30 ਯੂਨਿਟ ਖੂਨਦਾਨ  
ਬੰਗਾ 21 ਜਨਵਰੀ () ਅੰਬੇਡਕਰ ਸੈਨਾ ਪੰਜਾਬ ਵੱਲੋਂ ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਦੇ ਸਹਿਯੋਗ ਨਾਲ ਗਣਤੰਤਰ ਦਿਵਸ ਨੂੰ ਸਮਰਪਿਤ ਨਿਸ਼ਕਾਮ ਲੋਕ ਸੇਵਾ ਹਿੱਤ ਦੂਜਾ ਸਵੈ-ਇਛੱਕ ਖੂਨਦਾਨ ਕੈਂਪ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ, ਭੀਮ ਰਾਉ ਕਲੋਨੀ ਬੰਗਾ ਵਿਖੇ ਲਗਾਇਆ ਗਿਆ । ਇਸ ਕੈਂਪ ਵਿਚ ਖੂਨਦਾਨੀ ਵਾਲੰਟੀਅਰਾਂ ਵੱਲੋਂ ਨਿਸ਼ਕਾਮ ਸੇਵਾ ਕਰਦੇ ਹੋਏ 30 ਯੂਨਿਟ ਖੂਨਦਾਨ ਕੀਤਾ ਗਿਆ । ਇਸ ਖੂਨਦਾਨ ਕੈਂਪ ਦਾ ਉਦਘਾਟਨ ਸੰਤ ਬਾਬਾ ਕੁਲਵੰਤ ਰਾਮ ਭਰੋ ਮਜਾਰਾ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਅਤੇ ਸਭ ਤੋਂ ਪਹਿਲਾਂ ਖੂਨਦਾਨ ਕਰਕੇ ਖੂਨਦਾਨੀਆਂ ਦੇ ਪ੍ਰੇਰਣਾ ਸਰੋਤ ਬਣੇ ।  ਡਾ. ਸੁਖਵਿੰਦਰ ਕੁਮਾਰ ਸੁੱਖੀ ਐਮ ਐਲ ਏ ਬੰਗਾ  ਨੇ ਇਕੱਤਰ ਖੂਨਦਾਨੀਆਂ ਨੂੰ ਮਨੁੱਖੀ ਜੀਵਨ ਵਿਚ ਖੂਨਦਾਨ ਦੀ ਮਹੱਤਤਾ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਅਤੇ ਦੱਸਿਆ ਕਿ ਖੂਨਦਾਨ ਦੁਨੀਆਂ ਦਾ ਵੱਡਮੁੱਲਾ ਅਤੇ ਸਭ ਤੋਂ ਵੱਡਾ ਮਹਾਂਦਾਨ ਹੈ । ਜੋ ਅਤਿ ਕੀਮਤੀ ਮਨੁੱਖੀ ਜ਼ਿੰਦਗੀਆਂ ਬਚਾਉਣ ਕੰਮ ਆਉਂਦਾ ਹੈ । ਉਹਨਾਂ ਨੇ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰਨ ਲਈ ਵੀ ਇਕੱਤਰ ਜਨ ਸਮੂਹ ਨੂੰ ਪ੍ਰੇਰਿਤ ਕੀਤਾ ।  ਪਤਵੰਤੇ ਸੱਜਣਾਂ ਵੱਲੋਂ ਸਵੈ-ਇੱਛਤ ਖੂਨਦਾਨ ਕੈਂਪ ਵਿਚ ਖੂਨਦਾਨੀ ਵਾਲੰਟੀਅਰਾਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫੀਕੇਟ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ । ਖੂਨਦਾਨ ਕੈਂਪ ਮੌਕੇ ਸ. ਸਰਵਣ ਸਿੰਘ ਬੱਲ ਡੀ ਐਸ ਪੀ ਬੰਗਾ ਵਿਸ਼ੇਸ਼ ਮਹਿਮਾਨ ਸਨ।  ਹਰਜਿੰਦਰ ਕੁਮਾਰ ਸੋਨੂੰ ਮੈਂਬਰ ਸੂਬਾ ਕਮੇਟੀ ਅੰਬਡੇਕਰ ਸੈਨਾ ਨੇ ਦੱਸਿਆ ਕਿ ਖੂਨਦਾਨ ਕੈਂਪ ਸੇਵਾ ਦਾ ਕਾਰਜ ਅੰਬੇਡਕਰ ਸੈਨਾ ਪੰਜਾਬ ਪ੍ਰਧਾਨ ਸੁਰਿੰਦਰ ਢੰਡਾ ਦੀ ਸਰਪ੍ਰਸਤੀ ਹੇਠ ਲਗਾਇਆ ਗਿਆ । ਉਹਨਾਂ ਨੇ ਖੂਨਦਾਨ ਕੈਂਪ ਨੂੰ ਸਫਲ ਕਰਨ ਲਈ ਸਮੂਹ ਖੂਨਦਾਨੀਆਂ ਦਾ ਅਤੇ ਤਕਨੀਕੀ ਸਹਿਯੋਗ ਲਈ ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਹਾਰਦਿਕ ਧੰਨਵਾਦ ਕੀਤਾ । ਇਸ ਸਵੈ-ਇਛੱਕ ਖੂਨਦਾਨ ਕੈਂਪ ਵਿਚ ਖੂਨਦਾਨੀਆਂ ਦੀ ਹੌਂਸਲਾ ਅਫਜਾਈ ਲਈ ਸਰਵ ਸ੍ਰੀ ਬਾਬਾ ਕੁਲਵੰਤ ਰਾਮ ਜੀ, ਡਾ. ਸੁਖਵਿੰਦਰ ਕੁਮਾਰ ਸੁੱਖੀ ਐਮ ਐਲ ਏ ਬੰਗਾ, ਸਰਵਣ ਸਿੰਘ ਬੱਲ ਡੀ ਐਸ ਪੀ ਬੰਗਾ, ਸੁਰਿੰਦਰ ਢੰਡਾ ਪ੍ਰਧਾਨ ਅੰਬਡੇਕਰ ਸੈਨਾ,  ਹਰਜਿੰਦਰ ਕੁਮਾਰ ਸੋਨੂੰ ਮੈਂਬਰ ਸੂਬਾ ਕਮੇਟੀ ਅੰਬਡੇਕਰ ਸੈਨਾ, ਧਰਮਿੰਦਰ ਭੁੱਲਾਰਾਈ, ਰਜਿੰਦਰ ਘੇੜਾ, ਬਲਵਿੰਦਰ ਬੌਬੀ, ਤਰਲੋਕ ਰਾਮ, ਰਣਜੀਤ ਰਾਮ, ਸੰਜੀਵ ਕੁਮਾਰ, ਸਟੀਫਨ ਮੱਲ, ਧੰਨਪਤ ਰਾਏ, ਹਰਜਿੰਦਰ ਜੰਡਾਲੀ, ਮਨਜੀਤ ਸਿੰਘ ਬੇਦੀ ਇੰਚਾਰਜ ਬਲੱਡ ਬੈਂਕ, ਸੁਰਜੀਤ ਸਿੰਘ ਤੋਂ ਇਲਾਵਾ ਅੰਬੇਡਕਰ ਸੈਨਾ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਵੀ ਹਾਜ਼ਰ ਸਨ । ਇਸ ਮੌਕੇ ਖੂਨਦਾਨੀਆਂ ਲਈ ਵਿਸ਼ੇਸ਼ ਰਿਫਰੈਸ਼ਮੈਂਟ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਸੀ ।
ਫੋਟੋ ਕੈਪਸ਼ਨ :- ਗਣਤੰਤਰ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਵੈ-ਇੱਛਤ ਖੂਨਦਾਨ ਕੈਂਪ ਵਿਚ ਖੂਨਦਾਨ ਕਰਦੇ ਹੋਏ ਬਾਬਾ ਕੁਲਵੰਤ ਰਾਮ ਜੀ ਅਤੇ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਡਾ. ਸੁਖਵਿੰਦਰ ਕੁਮਾਰ ਸੁੱਖੀ ਐਮ ਐਲ ਏ ਬੰਗਾ ਅਤੇ ਹੋਰ ਪਤਵੰਤੇ ਸੱਜਣ

Saturday, 20 January 2024

ਡਾ.ਵਿਕਰਾਂਤ ਰਾਏ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਕੈਨਿੰਗ ਸੈਂਟਰ ਦਾ ਚਾਰਜ ਸੰਭਾਲਿਆ

ਡਾ.ਵਿਕਰਾਂਤ ਰਾਏ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਕੈਨਿੰਗ ਸੈਂਟਰ ਦਾ ਚਾਰਜ ਸੰਭਾਲਿਆ
ਬੰਗਾ 20 ਜਨਵਰੀ ()  ਅਲਟਰਾਸਾਊਂਡ ਸਕੈਨਿੰਗ ਅਤੇ ਸੀ ਟੀ ਸਕੈਨਿੰਗ ਦੇ ਮਾਹਿਰ ਡਾ.ਵਿਕਰਾਂਤ ਰਾਏ ਐਮ ਡੀ (ਰੇਡੀਓਡਾਇਗਨੋਸਿਸ) ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਅਲਟਰਾਸਾਊਂਡ ਸਕੈਨਿੰਗ ਸੈਂਟਰ ਦਾ ਚਾਰਜ ਸੰਭਾਲ ਕੇ ਮਰੀਜ਼ਾਂ ਦੀ ਅਲਟਰਾਸਾਊਂਡ ਸਕੈਨਿੰਗ ਦਾ ਕੰਮ ਆਰੰਭ ਕਰ ਦਿੱਤਾ ਹੈ। ਇਹ ਜਾਣਕਾਰੀ ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਨੇ ਮੀਡੀਆ ਨੂੰ ਪ੍ਰਦਾਨ ਕੀਤੀ। ਸ. ਕਾਹਮਾ ਨੇ ਦੱਸਿਆ ਕਿ ਡਾ.ਵਿਕਰਾਂਤ ਰਾਏ  ਐਮ ਡੀ ਨੇ ਐਸ ਐਮ ਐਸ ਆਰ ਯੂਨੀਵਰਸਿਟੀ ਗਰੇਟਰ ਨੋਇਡਾ ਤੋਂ ਰੇਡੀਓਡਾਇਗਨੋਸਿਸ ਵਿਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੋਈ ਹੈ ਅਤੇ ਉਹ  ਅਲਟਰਾਸਾਊਂਡ ਸਕੈਨਿੰਗ ਅਤੇ ਸੀ ਟੀ ਸਕੈਨ ਦੇ ਮਾਹਿਰ ਡਾਕਟਰ ਹਨ । ਇਸ ਤੋਂ ਪਹਿਲਾਂ ਉਹ ਸਿਵਲ ਹਸਪਤਾਲ ਬੰਗਾ, ਪੀ ਐਚ ਸੀ ਸੁੱਜੋ ਤੋਂ ਇਲਾਵਾ ਹੋਰ ਵੱਡੇ ਹਸਪਤਾਲਾਂ ਵਿਚ ਆਪਣੀਆਂ ਸ਼ਾਨਦਾਰ ਸੇਵਾਵਾਂ ਦੇ ਚੁੱਕੇ ਹਨ। ਸ. ਕਾਹਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਥਾਪਿਤ ਸਕੈਨਿੰਗ ਸੈਂਟਰ ਵਿੱਚ ਆਧੁਨਿਕ ਅਲਟਰਾਸਾਊਂਡ ਸਕੈਨਿੰਗ ਮਸ਼ੀਨ ਨਾਲ ਮਰੀਜ਼ਾਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਜਾਂਦੀ ਹੈ । ਇੱਥੇ ਸਿਹਤ ਵਿਭਾਗ ਦੇ ਜਾਰੀ ਨਿਯਮਾਂ ਅਨੁਸਾਰ ਪੇਟ ਦੀ ਹਰ ਤਰ੍ਹਾਂ ਦੀ ਸਕੈਨ, ਕਲਰ ਡੌਪਲਰ, ਸੋਨੋਮੈਮੋਗਰਾਫੀ, ਗਰਭਵਤੀ ਔਰਤਾਂ ਦੀ ਹਰ ਤਰ੍ਹਾਂ ਦੀ ਸਕੈਨ ਦੀ ਸੁਵਿਧਾ, ਥਾਇਰਾਇਡ ਦੀ ਅਲਟਰਾਸਾਊਂਡ  ਤੋਂ ਇਲਾਵਾ ਸਰੀਰ ਦੀ ਹਰ ਤਰ੍ਹਾਂ ਦੀ ਅਲਟਰਾ ਸਾਊਂਡ ਸਕੈਨਿੰਗ ਅਤੇ ਹਰ ਤਰ੍ਹਾਂ ਦੇ ਸੀ ਟੀ ਸਕੈਨ ਕਰਨ ਦਾ ਪ੍ਰਬੰਧ ਹੈ । ਉਹਨਾਂ ਦੱਸਿਆ ਕਿ ਲੋੜਵੰਦ ਮਰੀਜ਼ ਰੋਜ਼ਾਨਾ ਸਵੇਰੇ 9.30 ਤੋਂ 10.30 ਵਜੇ ਤੱਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੁੱਜ ਕੇ ਡਾਕਟਰ ਸਾਹਿਬ ਤੋਂ ਆਪਣੀ ਅਲਟਰਾਸਾਊਂਡ ਸਕੈਨਿੰਗ ਸਕੈਨਿੰਗ ਕਰਵਾ ਸਕਦੇ ਹਨ । ਇਹ ਜਾਣਕਾਰੀ ਦੇਣ ਮੌਕੇ  ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਨਰਿੰਦਰ ਸਿੰਘ ਸ਼ੇਰਗਿੱਲ ਪ੍ਰਬੰਧਕ ਮੈਂਬਰ, ਦਰਸ਼ਨ ਸਿੰਘ ਮਾਹਿਲ ਪ੍ਰਬੰਧਕ ਮੈਂਬਰ, ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ, ਡਾ ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ.ਵਿਕਰਾਂਤ ਰਾਏ ਐਮ ਡੀ ਰੇਡੀਓਡਾਇਗਨੋਸਿਸ, ਵਰਿੰਦਰ ਸਿੰਘ ਬਰਾੜ ਐਚ ਆਰ ਐਡਿਮਨ,  ਮਹਿੰਦਰਪਾਲ ਸਿੰਘ ਸੁਪਰਡੈਂਟ ਵੀ ਹਾਜ਼ਰ ਸਨ।
ਫੋਟੋ : ਡਾ. ਵਿਕਰਾਂਤ ਰਾਏ ਐਮ ਡੀ ਰੇਡੀਓਡਾਇਗਨੋਸਿਸ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ

Friday, 19 January 2024

ਢਾਹਾਂ ਕਲੇਰਾਂ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ

ਢਾਹਾਂ ਕਲੇਰਾਂ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ
ਬੰਗਾ 19 ਜਨਵਰੀ : ਗੁਰਦੁਆਰਾ ਗੁਰੂ ਨਾਨਕ ਮਿਸ਼ਨ  ਢਾਹਾਂ ਕਲੇਰਾਂ ਵਿਖੇ ਅੱਜ ਸਰਬੰਸਦਾਨੀ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ । ਇਸ ਮੌਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਉਪਰੰਤ ਸਜੇ ਮਹਾਨ ਗੁਰਮਤਿ ਸਮਾਗਮ ਵਿਚ ਭਾਈ ਜਬਰਤੋੜ ਸਿੰਘ  ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਭਾਈ ਜੋਗਾ ਸਿੰਘ ਹਜ਼ੁਰੀ ਰਾਗੀ ਗੁ: ਗੁਰੂ ਨਾਨਕ ਮਿਸ਼ਨ  ਢਾਹਾਂ ਕਲੇਰਾਂ ਦੇ ਕੀਰਤਨੀ ਜਥਿਆਂ  ਨੇ ਇਲਾਹੀ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ।
  ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਸੰਗਤਾਂ ਨੂੰ ਦਸ਼ਮੇਸ਼ ਪਿਤਾ  ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ । ਉਹਨਾਂ ਕਿਹਾ ਕਿ ਗੁਰੂ ਜੀ ਨੇ ਸਮੂਹ ਸੰਗਤਾਂ ਨੂੰ ਮਾਨਵਤਾ ਦੀ ਭਲਾਈ ਦਾ ਸੰਦੇਸ਼ ਦਿੱਤਾ ਹੈ ।  ਸ. ਕਾਹਮਾ ਨੇ ਸੰਗਤਾਂ ਨੂੰ ਢਾਹਾਂ ਕਲੇਰਾਂ ਵਿਖੇ ਚੱਲ ਰਹੇ ਵੱਖ ਵੱਖ ਮੈਡੀਕਲ ਅਤੇ ਵਿਦਿਅਕ ਅਦਾਰਿਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ । ਜਥੇਦਾਰ ਕੁਲਵਿੰਦਰ ਸਿੰਘ ਜਨਰਲ ਸਕੱਤਰ ਅਤੇ ਪ੍ਰੌ: ਹਰਬੰਸ ਸਿੰਘ ਬੋਲੀਨਾ ‍ਡਾਇਰੈਕਟਰ ਸਿੱ‍ਖਿਆ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਦੇ ਗੁਰ ਇਤਿਹਾਸ, ਉਦੇਸ਼ ਅਤੇ ਜੀਵਨ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਗੁਰੂ 'ਤੇ ਵਿਸ਼ਵਾਸ਼ ਰੱਖਣ ਵਾਲੇ ਨੂੰ ਹੀ ਬਖਸ਼ਿਸ਼ਾਂ  ਪ੍ਰਾਪਤ ਹੁੰਦੀਆਂ ਹਨ ।  ਢਾਹਾਂ ਕਲੇਰਾਂ ਵਿਖੇ ਹੋਏ ਮਹਾਨ ਗੁਰਮਤਿ ਸਮਾਗਮ ਵਿਚ ਹਰਦੇਵ ਸਿੰਘ ਕਾਹਮਾ ਪ੍ਰਧਾਨ,  ਕੁਲਵਿੰਦਰ ਸਿੰਘ ਢਾਹਾਂ ਜਨਰਲ ਸੱਕਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਦਰਸ਼ਨ ਸਿੰਘ ਮਾਹਿਲ ਕੈਨੇਡਾ ਪ੍ਰਬੰਧਕ ਮੈਂਬਰ, ਬਰਜਿੰਦਰ ਸਿੰਘ ਹੈਪੀ ਕਲੇਰਾਂ, ਐਡਵੋਕੇਟ ਅਮਰੀਕ ਸਿੰਘ ਅਬੱਲ ਬੰਗਾ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਬਲਵਿੰਦਰ ਸਿੰਘ  ਡੀ ਐਮ ਐਸ, ਪ੍ਰੌ: ਹਰਬੰਸ ਸਿੰਘ ਬੋਲੀਨਾ ‍ਡਾਇਰੈਕਟਰ ਸਿੱ‍ਖਿਆ, ਮੈਡਮ ਵਨੀਤਾ ਚੋਟ ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ, ਮੈਡਮ ਰਮਨਦੀਪ ਕੌਰ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਮਹਿੰਦਰਪਾਲ ਸਿੰਘ ਸੁਪਰਡੈਂਟ, ਭਾਈ ਮਨਜੀਤ ਸਿੰਘ ਤੋਂ ਇਲਾਵਾ ਟਰੱਸਟ ਦੇ ਪ੍ਰਬੰਧ ਹੇਠਾਂ ਚੱਲ ਰਹੇ ਅਦਾਰਿਆਂ ਦਾ ਸਮੂਹ ਸਟਾਫ਼, ਡਾਕਟਰ ਸਾਹਿਬਾਨ, ਨਰਸਿੰਗ ਅਤੇ ਪੈਰਾ ਮੈਡੀਕਲ ਵਿਦਿਆਰਥੀਆਂ ਅਤੇ ਇਲਾਕਾ ਨਿਵਾਸੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਇਸ ਮੌਕੇ ਸੰਗਤਾਂ ਨੇ ਪੰਗਤਾਂ ਵਿਚ ਬੈਠ ਕੇ ਬੜੇ ਸਤਿਕਾਰ ਨਾਲ ਗੁਰੂ ਕਾ ਲੰਗਰ ਛਕਿਆ।
ਫੋਟੋ ਕੈਪਸ਼ਨ : ਢਾਹਾਂ ਕਲੇਰਾਂ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਦੀਆਂ ਝਲਕੀਆਂ

Saturday, 13 January 2024

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ

ਮੂੰਗਫ਼ਲੀ ਦੀ ਖੁਸ਼ਬੂ ਤੇ ਗੁੜ ਦੀ ਮਿਠਾਸ, ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ,
ਦਿਲ ਦੀ ਖੁਸ਼ੀ ਤੇ ਆਪਣਿਆਂ ਦਾ ਪਿਆਰ,
ਆਪ ਜੀ ਅਤੇ ਆਪ ਜੀ ਦੇ ਸਮੂਹ ਪਰਿਵਾਰ ਨੂੰ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਜੀ।


ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ
ਬੰਗਾ 13 ਜਨਵਰੀ () ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਸਮੂਹ ਨਰਸਿੰਗ ਵਿਦਿਆਰਥੀਆਂ ਵੱਲੋਂ ਅੱਜ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਲੋਹੜੀ ਦੀ ਧੂਣੀ ਨੂੰ ਅਗਨੀ ਦਿਖਾਉਣ ਦੀ ਰਸਮ ਅਦਾ ਕੀਤੀ।  ਇਕੱਤਰ ਨਰਸਿੰਗ ਸਟਾਫ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਸ. ਦਰਸ਼ਨ ਸਿੰਘ ਮਾਹਿਲ ਕੈਨੇਡਾ ਪ੍ਰਬੰਧਕ ਮੈਂਬਰ, ਜਗਜੀਤ ਸਿੰਘ ਸੋਢੀ ਅਤੇ  ਸ. ਵਰਿੰਦਰ ਸਿੰਘ ਬਰਾੜ ਐਚ ਆਰ, ਨੇ ਸਾਰੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਲੋਹੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ । ਉਨ੍ਹਾਂ ਕਿਹਾ ਕਿ ਧੀਆਂ ਨੂੰ ਵੀ ਪੁੱਤਰਾਂ ਵਾਂਗੂ ਪਾਲਿਆ ਜਾਵੇ ਅਤੇ ਲੋਹੜੀ ਦੇ ਤਿਉਹਾਰ ਦੀ ਖ਼ੁਸ਼ੀਆਂ ਨੂੰ ਵਧਾਉਣ ਲਈ ਧੀਆਂ ਦੀ ਲੋਹੜੀ ਵੀ ਪਾਈ ਜਾਣੀ ਚਾਹੀਦੀ ਹੈ। ਉਹਨਾਂ ਨੇ ਸਮੂਹ ਨਰਸਿੰਗ ਵਿਦਿਆਰਥੀਆਂ ਨੂੰ ਵਧੀਆ ਪੜ੍ਹਾਈ ਕਰਕੇ ਆਪਣੇ ਨਰਸਿੰਗ ਕਾਲਜ ਦਾ ਰੋਸ਼ਨ ਕਰਨ ਲਈ ਵੀ ਪ੍ਰੇਰਿਤ ਕੀਤਾ। ਲੋਹੜੀ ਸਮਾਗਮ ਵਿਚ ਮੈਡਮ ਰਮਨਦੀਪ ਕੌਰ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ ਵੱਲੋਂ ਵਿਦਿਆਰਥੀਆਂ ਲਈ ਸ਼ਾਨਦਾਰ ਲੋਹੜੀ ਸਮਾਗਮ ਕਰਵਾਉਣ ਲਈ ਸਮੂਹ ਕਾਲਜ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ। ਨਰਸਿੰਗ ਕਾਲਜ ਵਿਖੇ ਲੋਹੜੀ ਦਾ ਤਿਉਹਾਰ ਮਨਾਉਣ ਮੌਕੇ ਹੋਏ ਸੱਭਿਆਚਾਰਕ ਸਮਾਗਮ ਵਿਚ ਵੱਖ-ਵੱਖ ਕਲਾਸਾਂ ਦੇ ਨਰਸਿੰਗ ਵਿਦਿਆਰਥੀਆਂ ਵੱਲੋਂ ਲੋਹੜੀ ਦੇ ਗੀਤ ਗਾਏ ਗਏ ਅਤੇ ਗਿੱਧਾ-ਭੰਗੜਾ ਪਾ ਕੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਹਨਾਂ ਖੁਸ਼ੀਆਂ ਦੇ ਪਲਾਂ ਮੌਕੇ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ  ਜਨਰਲ ਸਕੱਤਰ, ਸ. ਦਰਸ਼ਨ ਸਿੰਘ ਮਾਹਿਲ ਕੈਨੇਡਾ ਪ੍ਰਬੰਧਕ ਮੈਂਬਰ, ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ, ਸ. ਵਰਿੰਦਰ ਸਿੰਘ ਬਰਾੜ ਐਚ ਆਰ(ਐਡਮਿਨ), ਮਹਿੰਦਰਪਾਲ ਸਿੰਘ ਸੁਪਰਡੈਂਟ, ਮੈਡਮ ਰਮਨਦੀਪ ਕੌਰ ਵਾਈਸ ਪ੍ਰਿੰਸੀਪਲ, ਮੈਡਮ ਨਵਜੋਤ ਕੌਰ ਸਹੋਤਾ ਤੋਂ ਇਲਾਵਾ ਸਮੂਹ ਨਰਸਿੰਗ ਕਾਲਜ ਸਟਾਫ਼ ਅਤੇ ਨਰਸਿੰਗ ਵਿਦਿਆਰਥੀ ਹਾਜ਼ਰ ਸਨ।
ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਲੋਹੜੀ ਦਾ ਤਿਉਹਾਰ ਮਨਾਏ ਜਾਣ ਮੌਕੇ ਦੀਆਂ ਤਸਵੀਰਾਂ


 

Tuesday, 2 January 2024

ਯੂ ਕੇ ਵਾਸੀ ਅੱਖਾਂ ਦੇ ਅਪਰੇਸ਼ਨਾਂ ਦੇ ਮਾਹਿਰ ਡਾ. ਸੰਦੀਪ ਸਿੰਘ ਦਿਉਲ ਦਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਨਮਾਨ

ਯੂ ਕੇ ਵਾਸੀ ਅੱਖਾਂ ਦੇ ਅਪਰੇਸ਼ਨਾਂ ਦੇ ਮਾਹਿਰ ਡਾ. ਸੰਦੀਪ ਸਿੰਘ ਦਿਉਲ ਦਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਨਮਾਨ
ਬੰਗਾ 02 ਜਨਵਰੀ :- () ਯੂ ਕੇ ਵਾਸੀ ਅਡਵਾਂਸ ਗਲੂਕੋਮਾ ਅਤੇ ਅੱਖਾਂ ਦੇ ਅਪਰੇਸ਼ਨਾਂ ਦੇ ਮਾਹਿਰ ਡਾ. ਸੰਦੀਪ ਸਿੰਘ ਦਿਉਲ ਐਫ ਆਰ ਸੀ (ਔਪਥੈਲਮੋ), ਐਮ ਐਸ ਸੀ, ਪੀ ਐਚ ਡੀ, ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਪਣੇ ਭਾਰਤ ਦੇ ਵਿਸ਼ੇਸ਼ ਦੌਰੇ ਦੌਰਾਨ ਪੁੱਜੇ ਅਤੇ ਇਸ ਮੌਕੇ ਉਹਨਾਂ ਨੇ ਅੱਖਾਂ ਦੇ ਵਿਭਾਗ ਵਿਚ  ਅੱਖਾਂ ਦੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਹਸਪਤਾਲ ਦਾ ਦੌਰਾ ਕੀਤਾ । ਇਸ ਮੌਕੇ  ਟਰੱਸਟ ਦੇ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ ਨੇ ਡਾ.ਸੰਦੀਪ ਸਿੰਘ ਦਿਉਲ ਦਾ ਅੱਜ ਢਾਹਾਂ ਕਲੇਰਾਂ ਵਿਖੇ ਪੁੱਜਣ 'ਤੇ ਨਿੱਘਾ ਸਵਾਗਤ  ਅਤੇ ਸਨਮਾਨ ਕੀਤਾ । ਸ. ਕਾਹਮਾ ਨੇ ਦੱਸਿਆ ਕਿ  ਡਾ. ਸੰਦੀਪ ਸਿੰਘ ਦਿਉਲ ਨੇ ਆਪਣੀ ਡਾਕਟਰੀ ਦੀ ਪੜ੍ਹਾਈ ਆਕਸਫੋਰਡ, ਇੰਗਲੈਂਡ ਅਤੇ  ਅਮਰੀਕਾ ਤੋਂ ਕਰਨ ਉਪਰੰਤ  ਨੌਰਥੈਂਪਟਨਸ਼ਾਇਰ ਯੂ.ਕੇ ਵਿਖੇ ਅਡਵਾਂਸ ਗਲੂਕੋਮਾ (ਕਾਲਾ ਮੋਤੀਆ)  ਅਤੇ ਕੈਟਾਰੈਕਟ (ਚਿੱਟਾ ਮੋਤੀਆ) ਸਰਜਨ ਦੀਆਂ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਹਨ । ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਨੇ  ਡਾ.ਸੰਦੀਪ ਸਿੰਘ ਦਿਉਲ ਨੂੰ ਟਰੱਸਟ ਦੇ ਪ੍ਰਬੰਧ ਹੇਠਾਂ ਚੱਲ ਰਹੀਆਂ ਸੰਸਥਾਵਾਂ ਬਾਰੇ ਜਾਣੂੰ ਕਰਵਾਇਆ ਅਤੇ ਲੋਕ ਸੇਵਾ ਹਿੱਤ ਟਰੱਸਟ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰਾਜੈਕਟਾਂ ਸਬੰਧੀ ਜਾਣਕਾਰੀ ਦਿੱਤੀ । ਡਾ. ਸੰਦੀਪ ਸਿੰਘ ਦਿਉਲ ਨੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਰਾਹੀਂ ਗ਼ਰੀਬ ਅਤੇ ਲੋੜਵੰਦ ਲੋਕਾਂ ਨੂੰ ਵਧੀਆ ਮੈਡੀਕਲ ਸੇਵਾਵਾਂ ਦੇਣ ਤੋਂ ਇਲਾਵਾ ਲੋੜਵੰਦ ਅੱਖਾਂ ਦੇ ਮਰੀਜ਼ਾਂ ਲਈ ਚਲਾਈ ਜਾ ਰਹੀ ਚਿੱਟਾ ਮੋਤੀਆ ਮੁਕਤ ਲਹਿਰ ਤਹਿਤ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਭਾਰੀ ਸ਼ਲਾਘਾ ਕੀਤੀ । ਉਨ੍ਹਾਂ ਨੇ ਸੰਸਥਾਵਾਂ ਦੇ ਵਿਕਾਸ ਲਈ ਆਪਣੇ ਕੀਮਤੀ ਸੁਝਾਅ ਵੀ ਦਿੱਤੇ ਅਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ । ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਡਾ. ਸੰਦੀਪ ਸਿੰਘ ਦਿਉਲ ਐਫ ਆਰ ਸੀ (ਔਪਥੈਲਮੋ), ਐਮ ਐਸ ਸੀ, ਪੀ ਐਚ ਡੀ, ਦਾ ਸਨਮਾਨ  ਕੀਤਾ ਅਤੇ ਢਾਹਾਂ ਕਲੇਰਾਂ ਵਿਖੇ ਆਉਣ ਲਈ ਹਾਰਦਿਕ ਧੰਨਵਾਦ ਵੀ ਕੀਤਾ । ਇਸ ਮੌਕੇ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਹਰਬੰਤ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ ਅਤੇ ਡਾ. ਵਿਵੇਕ ਗੁੰਬਰ ਮੈਡੀਕਲ ਸ਼ਪੈਸ਼ਲਿਸਟ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ :- ਟਰੱਸਟ ਕੰਪਲੈਕਸ ਢਾਹਾਂ ਕਲੇਰਾਂ ਵਿਖੇ  ਡਾ. ਸੰਦੀਪ ਸਿੰਘ ਦਿਉਲ ਦਾ ਸਨਮਾਨ ਕਰਦੇ ਹੋਏ ਹਰਦੇਵ ਸਿੰਘ ਕਾਹਮਾ ਪ੍ਰਧਾਨ, ਨਾਲ ਹਨ ਪਤਵੰਤੇ