40ਵਾਂ ਸਥਾਪਨਾ ਦਿਵਸ ਮੌਕੇ ਪ੍ਰਵਾਸੀ ਭਾਰਤੀਆਂ ਵਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਲਈ 8 ਕਰੋੜ ਦਾ ਦਾਨ
ਕਨੈਡੀਅਨ ਹਾਈ ਕਮਿਸ਼ਨ ਤੇ ਪੰਜਾਬ ਦੇ ਸਪੀਕਰ ਵਲੋਂ ਹਸਪਤਾਲ ਦੀਆਂ 40 ਸਾਲ ਦੀਆਂ ਸੇਵਾਵਾਂ ਦੀ ਸ਼ਲਾਘਾ
ਬੰਗਾ 17 ਅਪ੍ਰੈਲ () ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ 40ਵਾਂ ਸਥਾਪਨਾ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮਾਗਮ ਦੇ ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਦੀ 40ਵੀਂ ਸਥਾਪਨਾ ਲਈ ਵਧਾਈ ਦਿੰਦਿਆਂ ਟਰੱਸਟ ਦੇ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਅਤੇ ਉਹਨਾਂ ਦੇ ਸਮੂਹ ਸਾਥੀਆਂ ਦੇ ਆਮ ਲੁਕਾਈ ਲਈ ਰਿਆਇਤੀ ਦਰਾਂ 'ਤੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਉੱਦਮ ਨੂੰ ਸਿਜਦਾ ਕੀਤਾ | ਉਹਨਾਂ ਨੇ ਕੈਨੇਡਾ ਤੇ ਪੰਜਾਬੀਆਂ ਦੇ ਸਬੰਧਾਂ ਦਾ ਵਰਨਣ ਕਰਦਿਆਂ ਕੈਨੇਡਾ ਨੂੰ ਪੰਜਾਬੀਆਂ ਦਾ ਦੂਜਾ ਘਰ ਦੱਸਿਆ |
ਕਨੈਡੀਅਨ ਹਾਈ ਕਮਿਸ਼ਨ ਸਟੀਅਰਟ ਵੀਲਰ ਨੇ ਹਸਪਤਾਲ ਦੇ ਚਾਲੀ ਸਾਲ ਦੇ ਸਫ਼ਲ ਸਫ਼ਰ ਲਈ ਵਧਾਈ ਦਿੱਤੀ ਅਤੇ ਹਸਪਤਾਲ ਦੇ ਬਾਨੀ ਬਾਬਾ ਬੁੱਧ ਸਿੰਘ ਦੀਆਂ ਸਮਾਜ ਪ੍ਰਤੀ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ | ਉਹਨਾਂ ਕਿਹਾ ਕਿ ਬਾਬਾ ਬੁੱਧ ਸਿੰਘ ਨੇ ਸਾਂਝੇ ਉੱਦਮਾਂ ਨਾਲ ਕੈਨੇਡਾ 'ਚ ਰਹਿੰਦਿਆਂ ਆਪਣੇ ਵਤਨ 'ਚ ਸਿੱਖਿਆ ਅਤੇ ਸਿਹਤ ਸਹੂਲਤਾਂ ਪ੍ਰਦਾਨ ਕਰਨੀਆਂ ਸਮਾਜ ਲਈ ਉਦਾਹਰਣ ਹਨ | ਸਮਾਗਮ ਦੇ ਆਰੰਭ 'ਚ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਐਂਡ ਮੈਡੀਕਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਮਹਿਮਾਨਾਂ ਅਤੇ ਸਮੂਹ ਹਾਜ਼ਰੀਨ ਦਾ ਨਿੱਘਾ ਸਵਾਗਤ ਕੀਤਾ ਅਤੇ ਹਸਪਤਾਲ ਦੇ ਚਾਲੀ ਸਾਲ ਦੇ ਸਫ਼ਰ ਬਾਰੇ ਚਾਨਣਾ ਪਾਇਆ | ਮੀਤ ਪ੍ਰਧਾਨ ਬਰਜਿੰਦਰ ਸਿੰਘ ਢਾਹਾਂ ਨੇ ਦੱਸਿਆ ਕਿ ਪ੍ਰਵਾਸੀ ਪੰਜਾਬੀਆਂ ਦੇ ਦਿਲਾਂ ਵਿੱਚ ਢਾਹਾਂ ਕਲੇਰਾਂ ਵਿੱਖੇ ਚਲ ਰਹੇ ਸੇਵਾ ਕਾਰਜਾਂ ਲਈ ਭਾਰੀ ਸਤਿਕਾਰ ਹੈ | ਉਹਨਾਂ ਅੱਗੇ ਦੱਸਿਆ ਕਿ ਅੱਜ ਚਾਲੀ ਸਾਲਾਂ ਸਥਾਪਨਾ ਦਿਵਸ ਮੌਕੇ ਵੱਡੀ ਗਿਣਤੀ 'ਚ ਪ੍ਰਵਾਸੀ ਭਾਰਤੀ ਸ਼ਾਮਲ ਹੋਏ ਹਨ ਅਤੇ ਉਹਨਾਂ ਵਲੋਂ ਵੱਖ ਵੱਖ ਪ੍ਰੋਜੈਕਟਾਂ ਲਈ 8 ਕਰੋੜ ਤੋਂ ਵੱਧ ਕੀਮਤ ਦੀਆਂ ਮੈਡੀਕਲ ਸੇਵਾਵਾਂ ਲਈ ਮਾਇਕ ਸਹਿਯੋਗ ਦਾ ਅਹਿਦ ਕੀਤਾ ਗਿਆ |
ਸਮਾਗਮ ਵਿੱਚ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਡਾ. ਮਹਿਲ ਸਿੰਘ ਪ੍ਰਿੰਸੀਪਲ ਖਾਲਸਾ ਕਾਲਜ ਅਮ੍ਰਿੰਤਸਰ, ਡਾ. ਤਜਿੰਦਰ ਕੌਰ ਧਾਲੀਵਾਲ ਸਾਬਕਾ ਚੇਅਰਪਰਸਨ ਪੰਜਾਬ ਸਕੂਲ ਸਿੱਖਿਆ ਬੋਰਡ, ਰਾਣਾ ਗੁਰਜੀਤ ਸਿੰਘ ਵਿਧਾਇਕ ਕਪੂਰਥਲਾ ਨੇ ਵੀ ਵਿਚਾਰ ਰੱਖੇ | ਇਹਨਾਂ ਬੁਲਾਰਿਆਂ ਨੇ ਕਿਹਾ ਕਿ ਬਾਬਾ ਬੁੱਧ ਸਿੰਘ ਢਾਹਾਂ ਅਤੇ ਉਹਨਾਂ ਦੇ ਸਾਥੀਆਂ ਨੇ ਕੱਲਰੀ ਧਰਤੀ ਨੂੰ ਸਮਾਜ ਸੇਵਾ ਨਾਲ ਭਾਗ ਲਾਏ ਹਨ ਜੋ ਕਿ ਸਿਹਤ ਦੇ ਨਾਲ ਨਾਲ ਸਿੱਖਿਆ ਖੇਤਰ 'ਚ ਲੋੜਵੰਦ ਸਮਾਜ ਦਾ ਸਹਾਰਾ ਬਣੇ ਹਨ |
ਸਮਾਗਮ ਦੌਰਾਨ ਹਸਪਤਾਲ ਦੇ ਚਾਲੀ ਸਾਲ ਦੇ ਸਫ਼ਰ ਨੂੰ ਬਿਆਨ ਕਰਦੀ ਡਾਕੂਮੈਂਟਰੀ ਫ਼ਿਲਮ ਤੋਂ ਇਲਾਵਾ ਤਸਵੀਰਾਂ ਰਾਹੀਂ ਇਤਿਹਾਸ ਦਰਸਾਉਂਦਾ ਪਾਵਰ ਪੁਆਇੰਟ ਸ਼ੋਅ ਅਤੇ ਗੀਤ ਨਾਲ ਸਾਂਝ ਪਾਈ ਗਈ | ਇਸ ਮੌਕੇ ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ, ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ, ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਜੁਗਿੰਦਰ ਸਿੰਘ ਸਾਧੜਾ, ਸਕੱਤਰ ਅਮਰਜੀਤ ਸਿੰਘ ਕਲੇਰਾਂ, ਖਜ਼ਾਨਚੀ ਬੀਬੀ ਬਲਵਿੰਦਰ ਕੌਰ ਕਲਸੀ, ਸੀਨੀਅਰ ਟਰੱਸਟ ਮੈਂਬਰ ਸੁਰਿੰਦਰ ਸਿੰਘ ਥੰਮਣਵਾਲ ਸਾਬਕਾ ਮੰਤਰੀ ਪੰਜਾਬ, ਟਰਸਟ ਮੈਂਬਰ ਸੀਤਲ ਸਿੰਘ ਸਿਧੂ ਯੂ ਕੇ, ਡਾ. ਜੰਗ ਬਹਾਦਰ ਸਿੰਘ, ਅਮਰਜੀਤ ਸਿੰਘ ਸੰਦੋਆ, ਜਥੇਦਾਰ ਸੁਖਦੀਪ ਸਿੰਘ ਸ਼ੁਕਾਰ, ਨਵਦੀਪ ਸਿੰਘ ਅਨੋਖਰਵਾਲ, ਤਰਲੋਚਨ ਸਿੰਘ ਦੁਪਾਲਪੁਰ, ਜਸਪਾਲ ਸਿੰਘ ਗਿਦਾ ਉਪਕਾਰ ਸੁਸਾਇਟੀ, ਮਾਸਟਰ ਗੁਰਚਰਨ ਸਿੰਘ ਬਸਿਆਲਾ, ਇੰਦਰਜੀਤ ਸਿੰਘ ਵਾਰੀਆਂ ਏਕ ਨੂਰ ਸਵੈ ਸੇਵੀ ਸੰਸਥਾ, ਪ੍ਰਵੀਨ ਬੰਗਾ, ਜਥੇਦਾਰ ਸਵਰਨਜੀਤ ਸਿੰਘ ਤੋਂ ਇਲਾਵਾ ਸਿਆਸੀ, ਸਮਾਜਿਕ, ਧਾਰਮਿਕ ਸੰਸਥਾਵਾਂ ਦੇ ਮੁੱਖੀ ਅਤੇ ਨੁਮਾਇੰਦਿਆਂ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾਕਟਰ ਸਹਿਬਾਨ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ | ਮੰਚ ਦਾ ਸੰਚਾਲਨ ਸਤਨਾਮ ਸਿੰਘ ਲਾਦੀਆਂ ਅਤੇ ਮੈਡਮ ਰਮਨਦੀਪ ਕੌਰ ਕੰਗ ਨੇ ਕੀਤਾ |
ਕੈਪਸ਼ਨ :- 1 ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾਂ ਦਾ ਸਨਮਾਨ ਕਰਦੇ ਹੋਏ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਅਤੇ ਮੀਤ ਪ੍ਰਧਾਨ ਬਰਜਿੰਦਰ ਸਿੰਘ ਢਾਹਾਂ |
ਕੈਪਸ਼ਨ :- 2 ਕਨੇਡੀਅਨ ਹਾਈ ਕਮਿਸ਼ਨਰ ਸਟੀਅਰਟ ਵੀਲਰ ਦਾ ਸਨਮਾਨ ਕਰਨ ਸਮੇਂ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਅਤੇ ਮੀਤ ਪ੍ਰਧਾਨ ਬਰਜਿੰਦਰ ਸਿੰਘ ਢਾਹਾਂ|