Sunday, 31 August 2025

ਸਵ: ਸਰਪੰਚ ਹਰਪ੍ਰੀਤ ਸਿੰਘ ਦੀ ਨਿੱਘੀ ਮਿੱਠੀ ਯਾਦ ਨੂੰ ਸਮਰਪਿਤ ਸਵੈ-ਇੱਛਤ ਖੂਨਦਾਨ ਕੈਂਪ ਲੱਗਾ

ਸਵ: ਸਰਪੰਚ ਹਰਪ੍ਰੀਤ ਸਿੰਘ ਦੀ ਨਿੱਘੀ ਮਿੱਠੀ ਯਾਦ ਨੂੰ ਸਮਰਪਿਤ ਸਵੈ-ਇੱਛਤ ਖੂਨਦਾਨ ਕੈਂਪ ਲੱਗਾ


ਬੰਗਾ 31 ਅਗਸਤ () ਪਿੰਡ ਮੀਰਪੁਰ ਲੱਖਾ ਦੇ ਨੌਜਵਾਨ ਸਰਪੰਚ ਸਵ: ਸ. ਹਰਪ੍ਰੀਤ ਸਿੰਘ (ਹੈਪੀ ਸਰਪੰਚ) ਦੀ ਬਰਸੀ ਮੌਕੇ ਉਹਨਾਂ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਗੁਰਦੁਆਰਾ ਸ਼ਹੀਦ ਬਾਬਾ ਫਤਹਿ ਸਿੰਘ ਮੀਰਪੁਰ ਲੱਖਾ ਵਿਖੇ ਸਮੂਹ ਪਰਿਵਾਰ ਵੱਲੋਂ ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਸਵੈ-ਇਛੱਤ ਖੂਨਦਾਨ ਕੈਂਪ ਲਗਾਇਆ ਗਿਆ । ਇਸ ਮੌਕੇ ਸ੍ਰੀ ਮੋਹਨ ਲਾਲ ਸਾਬਕਾ ਐਮ ਐਲ ਏ ਅਤੇ ਸੀਨੀਅਰ ਆਗੂ ਸਤਵੀਰ ਸਿੰਘ ਪੱਲੀ ਝਿੱਕੀ ਨੇ ਸਵ. ਸਰਪੰਚ ਹਰਪ੍ਰੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸਮੂਹ ਪਰਿਵਾਰ ਵੱਲੋਂ ਮਨੁੱਖਤਾ ਦੇ ਭਲੇ ਲਈ ਖੂਨਦਾਨ ਕੈਂਪ ਲਗਾਉਣ ਦੇ ਨੇਕ ਕਾਰਜ ਦੀ ਸ਼ਲਾਘਾ ਕੀਤੀ । ਬੁਲਾਰਿਆ ਕਿਹਾ ਕਿ ਖੂਨਦਾਨ ਕਰਨਾ ਮਾਨਵਤਾ ਦੀ ਸੱਚੀ ਸੇਵਾ ਹੈ ਅਤੇ ਹਰ ਸਿਹਤਮੰਦ ਇਨਸਾਨ ਨੂੰ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ । ਇਸ ਮੌਕੇ ਉਹਨਾਂ ਨੇ ਖੂਨਦਾਨ ਕਰਨ ਵਾਲੇ 15 ਖੂਨਦਾਨੀਆਂ ਨੂੰ ਯਾਦ ਚਿੰਨ੍ਹ ਅਤੇ ਸਨਮਾਨ ਪੱਤਰ ਦੇ ਕੇ ਵੀ ਸਨਮਾਨਿਤ ਕੀਤਾ । ਇਸ ਮੌਕੇ ਬੀਬੀ ਰਾਜਵੀਰ ਕੌਰ ਸੁਪਤਨੀ ਸਵ: ਹਰਪ੍ਰੀਤ ਸਿੰਘ ਹੈਪੀ ਸਰਪੰਚ, ਸਿਮਰਵੀਰ ਸਿੰਘ (ਬੇਟਾ), ਵੰਸ਼ਪ੍ਰੀਤ ਕੌਰ (ਬੇਟੀ), ਗੁਰਵਿੰਦਰ ਸਿੰਘ (ਭਰਾ), ਸਤਵਿੰਦਰ ਕੌਰ (ਭਰਜਾਈ),  ਦਵਿੰਦਰ ਸਿੰਘ, ਬਲਕਾਰ ਸਿੰਘ, ਸਰਬਜੀਤ ਸਿੰਘ, ਸੁਖਜਿੰਦਰ ਸਿੰਘ ਪੰਚ, ਕੇਸਰ ਸਿੰਘ ਲੰਬੜਦਾਰ, ਚਰਨਜੀਤ ਸਿੰਘ ਠੇਕੇਦਾਰ, ਜਸਵਿੰਦਰ ਸਿੰਘ, ਤਰਸੇਮ ਬਿੱਟੂ, ਨਛੱਤਰ ਸਿੰਘ, ਹਰਪਾਲ ਸਿੰਘ, ਲੱਡੂ ਪੰਡਤ, ਡਾ. ਰਾਹੁਲ ਗੋਇਲ ਬੀ ਟੀ ਉ, ਡਾ. ਕੁਲਦੀਪ ਸਿੰਘ ਮੈਡੀਕਲ ਅਫਸਰ, ਡਾ. ਰਾਹੁਲ ਵਰਮੋਤਾ, ਮਨਜੀਤ ਸਿੰਘ ਬੇਦੀ ਇੰਚਾਰਜ ਬਲੱਡ ਬੈਂਕ, ਮੈਡਮ ਰਾਜ ਰਾਣੀ ਲੈਬ ਇੰਚਾਰਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਤੋਂ ਇਲਾਵਾ ਸਮੂਹ ਨਗਰ‍ ਨਿਵਾਸੀ ਅਤੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ ।

ਫੋਟੋ ਕੈਪਸ਼ਨ : ਸਵ: ਸ. ਹਰਪ੍ਰੀਤ ਸਿੰਘ ਹੈਪੀ ਸਰਪੰਚ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਲੱਗੇ ਸਵੈ-ਇਛੁੱਕ ਖੂਨਦਾਨ ਕੈਂਪ ਵਿਚ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਪਤਵੰਤੇ 


Thursday, 28 August 2025

ਢਾਹਾਂ ਕਲੇਰਾਂ ਹਸਪਤਾਲ ਵਿਖੇ ਗੁਰਦਿਆਂ ਦੀਆਂ ਬਿਮਾਰੀਆਂ, ਪੱਥਰੀਆਂ ਤੇ ਪਿਸ਼ਾਬ ਦੇ ਰੋਗਾਂ ਦਾ 15 ਦਿਨਾਂ ਫਰੀ ਚੈੱਕਅੱਪ ਕੈਂਪ 1 ਸਤੰਬਰ ਤੋਂ

ਢਾਹਾਂ ਕਲੇਰਾਂ ਹਸਪਤਾਲ ਵਿਖੇ ਗੁਰਦਿਆਂ ਦੀਆਂ ਬਿਮਾਰੀਆਂ, ਪੱਥਰੀਆਂ ਤੇ ਪਿਸ਼ਾਬ ਦੇ ਰੋਗਾਂ ਦਾ 15 ਦਿਨਾਂ ਫਰੀ ਚੈੱਕਅੱਪ ਕੈਂਪ 1 ਸਤੰਬਰ ਤੋਂ
ਬੰਗਾ 28 ਅਗਸਤ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਯੂਰੋਲੋਜੀ ਵਿਭਾਗ ਵਿਚ ਗੁਰਦਿਆਂ ਦੀਆਂ ਬਿਮਾਰੀਆਂ, ਪੱਥਰੀਆਂ ਅਤੇ ਪਿਸ਼ਾਬ ਦੇ ਰੋਗਾਂ ਦਾ 15 ਦਿਨਾਂ ਫਰੀ ਚੈੱਕਅੱਪ ਕੈਂਪ 01 ਸਤੰਬਰ ਤੋਂ 15 ਸਤੰਬਰ ਤੱਕ ਲੱਗੇਗਾ । ਇਹ ਜਾਣਕਾਰੀ ਡਾ. ਕੁਲਵਿੰਦਰ ਸਿੰਘ ਢਾਹਾਂ  ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਮੀਡੀਆ ਨੂੰ ਦਿੱਤੀ । ਡਾ. ਢਾਹਾਂ ਨੇ ਅੱਗੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਇਲਾਕੇ ਦੇ ਲੋੜਵੰਦ ਮਰੀਜ਼ਾਂ ਵਾਸਤੇ ਯੂਰੋਲੋਜੀ ਵਿਭਾਗ ਵਿਚ ਲਗਾਏ ਜਾ ਰਹੇ 15 ਦਿਨਾਂ ਫਰੀ ਚੈੱਕਅੱਪ ਕੈਂਪ ਵਿਚ ਹਸਪਤਾਲ ਦੇ ਯੂਰੋਲੋਜੀ ਵਿਭਾਗ ਦੇ ਮਾਹਿਰ ਡਾਕਟਰ ਡਾ. ਅਮਿਤ ਸੰਧੂ ਐਮ.ਐਸ., ਐਮ.ਸੀ.ਐਚ. ਵੱਲੋਂ ਗੁਰਦਿਆਂ ਦੀਆਂ ਪੱਥਰੀਆਂ, ਗਦੂਦਾਂ, ਪਿਸ਼ਾਬ ਦੀਆਂ ਬਿਮਾਰੀਆਂ, ਗੁਰਦਿਆਂ ਦੀਆਂ ਬਿਮਾਰੀਆਂ, ਪਿਸ਼ਾਬ ਦੀ ਥੈਲੀ (ਬਲੈਡਰ) ਦੇ ਕੈਂਸਰ ਦੇ ਮਰੀਜ਼ਾਂ ਦੀਆਂ ਬਿਮਾਰੀਆਂ ਦਾ ਫਰੀ ਚੈੱਕਅੱਪ ਰੋਜ਼ਾਨਾ ਸਵੇਰੇ 9 ਵਜੇ ਤੋਂ 12 ਵਜੇ ਤੱਕ ਕੀਤਾ ਜਾਵੇਗਾ। ਇਸ ਮੌਕੇ ਮਰੀਜ਼ਾਂ ਦੀ ਰਜਿਟਰੇਸ਼ਨ ਮੁਫਤ ਹੋਵੇਗੀ ਅਤੇ ਅਲਟਰਾ ਸਾਊਂਡ ਸਕੈਨ ਸਿਰਫ 300/- ਰੁਪਏ ਵਿਚ ਕੀਤਾ ਜਾਵੇਗਾ । ਇਸ ਤੋਂ ਇਲਾਵਾ ਕੈਂਪ ਦੌਰਾਨ ਹਸਪਤਾਲ ਵੱਲੋਂ ਮਰੀਜ਼ਾਂ ਨੂੰ ਲੈਬ ਟੈਸਟਾਂ ਜਿਵੇਂ ਪੀ ਐਸ ਏ, ਆਰ ਐਫ ਟੀ, ਸੀ ਬੀ ਸੀ ਅਤੇ ਪਿਸ਼ਾਬ ਦੇ ਟੈਸਟਾਂ ਵਿਚ ਵੀ  50 ਫੀਸਦੀ ਛੋਟ ਮਿਲੇਗੀ । ਮਰੀਜ਼ਾਂ ਦੇ ਅਪਰੇਸ਼ਨ ਵੀ ਰਿਆਇਤੀ ਦਰਾਂ  'ਤੇ ਹੋਣਗੇ । ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਨੇ ਸਮੂਹ ਇਲਾਕਾ ਨਿਵਾਸੀ ਲੋੜਵੰਦ ਮਰੀਜ਼ਾਂ ਨੂੰ 1 ਸਤੰਬਰ ਤੋਂ 15 ਸਤੰਬਰ ਤੱਕ ਲੱਗ ਰਹੇ ਇਸ 15 ਦਿਨਾਂ ਦੇ ਫਰੀ ਚੈੱਕਅੱਪ ਕੈਂਪ ਦਾ ਲਾਭ ਉਠਾਉਣ ਦੀ ਅਪੀਲ ਕੀਤੀ । ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਡਾ. ਬਲਵਿੰਦਰ ਸਿੰਘ ਡੀ ਐਮ ਐਸ, ਡਾ. ਅਮਿਤ ਸੰਧੂ ਸੀਨੀਅਰ ਯੂਰੋਲੌਜਿਸਟ ਅਤੇ ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਢਾਹਾਂ ਕਲੇਰਾਂ ਹਸਪਤਾਲ ਵਿਖੇ 01 ਸਤੰਬਰ ਤੋਂ ਲੱਗ ਰਹੇ 15 ਦਿਨਾਂ ਯੂਰੋਲੋਜੀ ਦੇ ਫਰੀ ਚੈੱਕਅੱਪ ਕੈਂਪ ਬਾਰੇ  ਜਾਣਕਾਰੀ ਦਿੰਦੇ ਹੋਏ ਡਾ. ਕੁਲਵਿੰਦਰ ਸਿੰਘ ਢਾਹਾਂ

Tuesday, 26 August 2025

ਡਾ. ਪਰਮਿੰਦਰ ਸਿੰਘ ਵਾਰੀਆ ਵੱਲੋਂ ਹਸਪਤਾਲ ਢਾਹਾਂ ਕਲੇਰਾਂ ਵਿਖੇ ਘਰੇਲੂ ਹਾਦਸਿਆਂ ਦੇ ਸ਼ਿਕਾਰ ਦੋ ਬੱਚਿਆਂ ਦੇ ਸਫਲ ਅਪਰੇਸ਼ਨ

*ਡਾ. ਪਰਮਿੰਦਰ ਸਿੰਘ ਵਾਰੀਆ ਵੱਲੋਂ ਹਸਪਤਾਲ ਢਾਹਾਂ ਕਲੇਰਾਂ ਵਿਖੇ ਘਰੇਲੂ ਹਾਦਸਿਆਂ ਦੇ ਸ਼ਿਕਾਰ ਦੋ ਬੱਚਿਆਂ ਦੇ ਸਫਲ ਅਪਰੇਸ਼ਨ*
*ਮਾਪੇ ਬੱਚਿਆਂ ਦਾ ਧਿਆਨ ਰੱਖਣ , ਤਾਂ ਬੱਚਿਆਂ ਨੂੰ ਘਰੇਲੂ ਹਾਦਸਿਆਂ ਤੋਂ ਬਚਾਇਆ ਜਾ ਸਕਦਾ  : ਡਾ. ਪਰਮਿੰਦਰ ਸਿੰਘ ਵਾਰੀਆ*
ਬੰਗਾ 26 ਅਗਸਤ () ਮਾਪਿਆਂ ਵੱਲੋਂ ਆਪਣੇ ਬੱਚਿਆਂ ਦਾ ਘਰਾਂ ਅੰਦਰ ਧਿਆਨ ਨਾ ਰੱਖਣ ਦੀ ਸੂਰਤ ਵਿਚ ਉਹ ਵੱਖ-ਵੱਖ ਘਰੇਲ਼ੂ ਹਾਦਸਿਆਂ ਦਾ ਸ਼ਿਕਾਰ ਹੋ ਕੇ ਗੰਭੀਰ ਜ਼ਖਮੀ ਹੋ ਜਾਂਦੇ ਹਨ ਅਤੇ ਜਿਸ ਕਰਕੇ ਬੱਚਿਆਂ ਦੇ ਨਾਲ-ਨਾਲ ਉਹਨਾਂ ਦੇ ਮਾਪਿਆਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਉਕਤ ਵਿਚਾਰਾਂ ਦਾ ਪ੍ਰਗਟਾਵਾ ਸੂਬੇ ਦੇ ਦੁਆਬਾ ਖੇਤਰ ਦੇ ਪ੍ਰਸਿੱਧ ਮਲਟੀਸਪੈਸ਼ਲਿਟੀ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਆਰਥੋਪੈਡਿਕ ਸਰਜਨ ਡਾ. ਪਰਮਿੰਦਰ ਸਿੰਘ ਵਾਰੀਆਂ ਐਮ ਐਸ ਵੱਲੋਂ ਦੋ ਵੱਖ-ਵੱਖ ਘਰੇਲੂ ਹਾਦਸਿਆਂ ਦਾ ਸ਼ਿਕਾਰ ਬੱਚਿਆਂ ਦਾ ਸਫਲ ਅਪਰੇਸ਼ਨ ਕਰਨ ਉਪਰੰਤ ਆਮ ਲੋਕਾਈ ਨੂੰ ਜਾਗਰੂਕ ਕਰਨ ਮੌਕੇ ਪ੍ਰਗਟਾਏ । ਉਹਨਾਂ ਦੱਸਿਆ ਕਿ ਪਿਛਲੇ ਦਿਨੀ ਕਸਬਾ ਅੱਪਰਾ ਦੇ ਨੇੜਲੇ ਪਿੰਡ ਤੂਰਾਂ ਦੇ ਸਕੂਲ ਪੜ੍ਹਦੇ ਫਰਹਾਨ ਮੁਹੰਮਦ ਦਾ ਹੱਥ ਟੋਕਾ ਮਸ਼ੀਨ ਵਿਚ ਆ ਜਾਣ ਕਰਕੇ ਚਾਰੇ ਉਂਗਲਾਂ ਕੱਟੀਆਂ ਗਈਆਂ ਸਨ । ਇਸ ਦੇ ਹੱਥ ਅਤੇ ਅੰਗੂਠੇ ਨੂੰ ਬਚਾਉਣ ਲਈ ਵੱਖ-ਵੱਖ ਚਾਰ ਅਪਰੇਸ਼ਨਾਂ ਤੋਂ ਇਲਾਵਾ ਜਟਿਲ ਰੀਕੰਸਟ੍ਰੈਕਟਿਵ ਸਰਜਰੀ ਕੀਤੀ ਗਈ । ਇਸ ਤੋਂ ਇਲਾਵਾ ਖਾਨਖਾਨਾ ਦੀ 8 ਸਾਲਾ ਬੱਚੀ ਸ਼ਬੀਨਾ ਜਿਸ ਦੀਆਂ ਖੱਬੇ ਹੱਥ ਦੀਆਂ ਉਂਗਲਾਂ ਮਸ਼ੀਨ ਵਿਚ ਆ ਜਾਣ ਨਾਲ ਟੁੱਟ ਗਈਆਂ ਸਨ, ਇਹਨਾਂ ਉਗਲਾਂ ਦੀਆਂ ਹੱਡੀਆਂ ਨੂੰ ਅਪਰੇਸ਼ਨ ਕਰਕੇ ਜੋੜਿਆ ਗਿਆ । ਇਹ ਦੋਵੇਂ ਬੱਚੇ ਹੁਣ ਤੰਦਰੁਸਤ ਹਨ । ਦੋਵਾਂ ਬੱਚਿਆਂ ਦੇ ਪਰਿਵਾਰਾਂ ਨੇ ਵੀ ਉਹਨਾਂ ਬੱਚਿਆਂ ਦਾ ਸ਼ਾਨਦਾਰ ਇਲਾਜ ਕਰਨ ਲਈ  ਡਾ. ਪਰਮਿੰਦਰ ਸਿੰਘ ਵਾਰੀਆਂ ਐਮ ਐਸ (ਆਰਥੋਪੈਡਿਕ) ਅਤੇ ਡਾ. ਦੀਪਕ ਦੁੱਗਲ ਐਮ ਡੀ (ਐਨਾਥੀਸੀਆ) ਦਾ ਅਤੇ ਸਮੂਹ ਹਸਪਤਾਲ ਸਟਾਫ ਦਾ ਹਾਰਦਿਕ ਧੰਨਵਾਦ ਕੀਤਾ । ਇਸ ਮੌਕੇ ਡਾ. ਵਾਰੀਆ ਨੇ ਕਿਹਾ ਜੇ ਅਸੀਂ ਆਪਣੇ ਬੱਚਿਆਂ ਦਾ ਉਹਨਾਂ ਦੇ ਖੇਡਣ ਸਮੇਂ ਅਤੇ ਉਹਨਾਂ ਵੱਲੋਂ ਕਿਸੇ ਪ੍ਰਕਾਰ ਦੇ ਘਰੇਲੂ ਕੰਮ ਕਰਨ ਮੌਕੇ ਧਿਆਨ ਰੱਖਾਂਗੇ ਤਾਂ ਇਸ ਤਰ੍ਹਾਂ ਦੇ ਹਾਦਸੇ ਰੋਕੇ ਜਾ ਸਕਦੇ ਹਨ । ਵਰਨਣਯੋਗ ਹੈ ਹਸਪਤਾਲ ਢਾਹਾਂ ਕਲੇਰਾਂ ਵਿਖੇ ਹੱਡੀਆਂ ਦੇ ਅਤੇ ਜੋੜ ਬਦਲੀ ਵਿਭਾਗ ਵਿਚ ਸੜਕ ਦੁਰਘਨਾਵਾਂ, ਹੱਡੀਆਂ ਤੇ ਜੋੜਾਂ ਦੇ ਫਰੈਕਰਚਰ ਅਤੇ ਹੋਰ ਵੱਖ ਵੱਖ ਹਾਦਸਿਆਂ ਵਿਚ ਜ਼ਖਮੀ ਮਰੀਜ਼ਾਂ ਦੇ ਇਲਾਜ ਲਈ ਅਤਿ ਆਧੁਨਿਕ ਯੰਤਰਾਂ ਨਾਲ ਲੈਸ ਉੱਚ ਪੱਧਰੀ ਟਰੌਮਾ ਕੇਅਰ ਸੈਂਟਰ, ਐਮਰਜੈਂਸੀ, ਆਈ ਸੀ ਯੂ ਅਤੇ  ਚਾਰ ਮਾਡੂਲਰ ਉਪਰੇਸ਼ਨ ਥੀਏਟਰ ਹਨ, ਜਿੱਥੇ ਮਾਹਿਰ ਡਾਕਟਰ ਸਾਹਿਬਾਨ 24 ਘੰਟੇ ਹਾਜ਼ਰ ਰਹਿੰਦੇ ਹਨ ।
 ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ  ਬੱਚਾ ਫਰਹਾਨ ਮੁਹੰਮਦ ਤੰਦਰੁਸਤੀ ਉਪਰੰਤ ਡਾ. ਪਰਮਿੰਦਰ ਸਿੰਘ ਵਾਰੀਆਂ ਅਤੇ ਡਾ. ਦੀਪਕ  ਦੁੱਗਲ ਨਾਲ ਖੁਸ਼ੀ ਭਰੇ ਮਾਹੌਲ ਵਿਚ

Sunday, 24 August 2025

ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ 85 ਵੀਂ ਬਰਸੀ ਨੂੰ ਸਮਰਪਿਤ ਸਵੈ-ਇੱਛਤ ਖੂਨਦਾਨ ਕੈਂਪ ਲੱਗਾ

ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ 85 ਵੀਂ ਬਰਸੀ ਨੂੰ ਸਮਰਪਿਤ ਸਵੈ-ਇੱਛਤ ਖੂਨਦਾਨ ਕੈਂਪ ਲੱਗਾ
ਬੰਗਾ 24 ਅਗਸਤ - ਰੋਟਰੀ ਕਲੱਬ ਬੰਗਾ ਅਤੇ ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਲੋਂ ਸਾਂਝੇ ਤੌਰ 'ਤੇ ਹਜ਼ੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ 85ਵੀਂ ਬਰਸੀ ਨੂੰ ਸਮਰਪਿਤ ਸਵੈ ਇਛੱਤ ਖੂਨਦਾਨ ਕੈਂਪ ਗੁਰਦੁਆਰਾ ਸਰੋਵਰ ਸਾਹਿਬ ਵਿਖੇ  ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਅਤੇ ਇਸ ਮੌਕੇ 25 ਖੂਨਦਾਨੀਆਂ ਨੇ ਖੂਨਦਾਨ ਕੀਤਾ।  ਇਸ ਕੈਂਪ ਦੀ ਸਫ਼ਲਤਾ ਲਈ  ਰੋਟਰੀ ਕਲੱਬ ਬੰਗਾ ਦੇ ਪ੍ਰਧਾਨ ਪ੍ਰਵੀਨ ਕੁਮਾਰ ਨੇ ਸਮੂਹ ਰੋਟਰੀ ਕਲੱਬ ਮੈਂਬਰਾਂ ਵੱਲੋਂ ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਬੰਧਕਾਂ ਦਾ ਅਤੇ ਸਮੂਹ ਸੰਗਤਾਂ ਦਾ ਹਾਰਦਿਕ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਮਨੁੱਖਤਾ ਦੇ ਭਲੇ ਅਤੇ ਕੀਮਤੀ ਜਾਨਾਂ ਬਚਾਉਣ ਲਈ ਖੂਨ ਦਾਨ ਦੀ ਲਹਿਰ ਪ੍ਰਤੀ ਸਮਾਜ ਨੂੰ ਜਾਗੁਰਕਤਾ ਕਰਨ ਲਈ ਰੋਟਰੀ ਕਲੱਬ ਬੰਗਾ ਵੱਲੋਂ ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ। ਕਿਉਂਕਿ ਖੂਨ ਦਾਨ ਕਰਨਾ ਸਮਾਜ ਦੀ ਸੱਚੀ ਸੇਵਾ ਹੈ, ਇਸ ਲਈ ਹਰ ਸਿਹਤਮੰਦ ਮਨੁੱਖ ਨੂੰ ਤਿੰਨ ਮਹੀਨੇ ਬਾਅਦ ਖੂਨਦਾਨ ਕਰਨਾ ਚਾਹੀਦਾ ਹੈ । ਇਸ ਮੌਕੇ ਉਹਨਾਂ ਨੇ ਖੂਨਦਾਨੀਆਂ ਨੂੰ ਯਾਦ ਚਿੰਨ੍ਹ ਅਤੇ ਸਨਮਾਨ ਪੱਤਰ ਦੇ ਕੇ ਵੀ ਸਨਮਾਨਿਤ ਕੀਤਾ । ਇਸ ਸਵੈ-ਇਛੁੱਕ ਖੂਨਦਾਨ ਕੈਂਪ ਵਿਚ ਇਕਬਾਲ ਸਿੰਘ ਬਾਜਵਾ 79ਵੀਂ ਵਾਰ ਖੂਨਦਾਨ ਕਰਕੇ ਸਮੂਹ ਖੂਨਦਾਨੀਆਂ ਲਈ ਪ੍ਰਰੇਣਾ ਸਰੋਤ ਬਣੇ । ਇਸ ਮੌਕੇ ਖੂਨਦਾਨੀਆਂ ਦੀ ਸੇਵਾ ਸੰਭਾਲ ਲਈ ਸ਼ਰਨਜੀਤ ਸਿੰਘ ਮੀਤ ਪ੍ਰਧਾਨ, ਰਾਜ ਬਾਜਾੜ ਸਾਬਕਾ ਪ੍ਰਧਾਨ, ਮਨਧੀਰ ਸਿੰਘ ਚੱਠਾ ਸਾਬਕਾ ਪ੍ਰਧਾਨ, ਸੁਰਿੰਦਰ ਸਿੰਘ ਢੀਂਡਸਾ ਸਾਬਕਾ ਪ੍ਰਧਾਨ, ਪ੍ਰੌਜੈਕਟ ਡਾਇਰੈਕਟਰ ਇਕਬਾਲ ਸਿੰਘ ਬਾਜਵਾ, ਪਰਮਜੀਤ ਸਿੰਘ ਭੋਗਲ,  ਗੁਰਿੰਦਰ ਸਿੰਘ ਲਾਡੀ, ਐਡਵੋਕੇਟ ਅਨਿਲ ਕਟਾਰੀਆ, ਇੰਦਰਜੀਤ ਸਿੰਘ, ਵਿਜੈ ਗੁਣਾਚੌਰ, ਡਾ. ਰਾਹੁਲ ਗੋਇਲ ਬੀ ਟੀ ਉ, ਡਾ. ਕੁਲਦੀਪ ਸਿੰਘ ਮੈਡੀਕਲ ਅਫਸਰ, ਮਨਜੀਤ ਸਿੰਘ ਬੇਦੀ ਇੰਚਾਰਜ ਬਲੱਡ ਬੈਂਕ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰਦੁਆਰਾ ਸਰੋਵਰ ਸਾਹਿਬ ਵਿਖੇ ਲੱਗੇ ਸਵੈ-ਇਛੁੱਕ ਖੂਨਦਾਨ ਕੈਂਪ ਵਿਚ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ  ਪ੍ਰਵੀਨ ਕੁਮਾਰ ਪ੍ਰਧਾਨ ਅਤੇ ਪਤਵੰਤੇ ਸੱਜਣ

Friday, 22 August 2025

ਢਾਹਾਂ ਕਲੇਰਾਂ ਹਸਪਤਾਲ ਦੇ ਡਾ. ਵਿਵੇਕ ਗੁੰਬਰ ਦੁਆਰਾ ਮਲਟੀ ਆਰਗਨ ਫੇਲੀਅਰ ਮਰੀਜ਼ ਦਾ ਸਫ਼ਲ ਇਲਾਜ

ਢਾਹਾਂ ਕਲੇਰਾਂ ਹਸਪਤਾਲ ਦੇ ਡਾ. ਵਿਵੇਕ ਗੁੰਬਰ ਦੁਆਰਾ ਮਲਟੀ ਆਰਗਨ ਫੇਲੀਅਰ ਮਰੀਜ਼ ਦਾ ਸਫ਼ਲ ਇਲਾਜ
ਬੰਗਾ 22 ਅਗਸਤ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੈਡੀਕਲ ਵਿਭਾਗ ਦੇ ਮੁਖੀ ਡਾ. ਵਿਵੇਕ ਗੁੰਬਰ ਨੇ ਮਲਟੀ ਆਰਗਨ ਡਿਸਟਰੈੱਸ ਸਿੰਡਰੋਮ (ਇਨਫੈਕਸ਼ਨ ਤੇ ਹੋਰ ਕਾਰਨਾਂ ਕਰਕੇ ਸਰੀਰ ਦੇ ਅੰਦਰੂਨੀ ਅੰਗਾਂ ਦਾ ਕੰਮ ਕਰਨਾ ਬੰਦ ਹੋਣਾ) ਦੀ ਗੰਭੀਰ ਬਿਮਾਰੀ ਕਰਕੇ ਫੇਫੜਿਆਂ ਵਿੱਚ ਸੋਜਿਸ਼ ਦੇ ਕਾਰਨ,  ਸਰੀਰ ਅੰਦਰ ਕਾਰਬਨਡਾਈਆਕਸਾਈਡ ਗੈਸ ਦੀ ਨਿਯਤ ਮਾਤਰਾ ਤੋਂ ਜਿਆਦਾ ਵਧਣ ਕਰਕੇ,  ਦਿਲ ਦੀ ਕਾਰਜ ਪ੍ਰਣਾਲੀ 'ਤੇ ਪਏ ਬੁਰੇ ਪ੍ਰਭਾਵਾਂ, ਜਿਗਰ ਦੀ ਸੋਜਿਸ਼  ਅਤੇ ਪੀਲੀਆ ਨਾਲ ਪੀੜ੍ਹਤ ਮਰੀਜ਼ ਸੋਨੀਆ ਉਮਰ 44 ਸਾਲ ਦੀ ਜਾਨ 8 ਦਿਨ ਆਈ.ਸੀ.ਯੂ. ਅਤੇ ਤਿੰਨ ਦਿਨ ਐਚ.ਡੀ.ਯੂ. ਵਾਰਡ ਵਿੱਚ ਰੱਖ ਕੇ ਵੈਂਟੀਲੇਟਰ (ਸਾਹ ਦੇਣ ਵਾਲੀ ਮਸ਼ੀਨ) ਦੀ ਮਦਦ ਨਾਲ ਬਚਾਏ ਜਾਣ ਦਾ ਸਮਾਚਾਰ ਹੈ।  ਡਾ. ਵਿਵੇਕ ਗੁੰਬਰ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਕਤ ਮਰੀਜ਼ ਨੂੰ ਅਤਿ ਗੰਭੀਰ ਹਾਲਤ  ਵਿਚ ਢਾਹਾਂ ਕਲੇਰਾਂ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਸੀ। ਮਰੀਜ਼ ਦੇ ਸਰੀਰ ਵਿਚ ਆਕਸੀਜਨ ਦਾ ਪੱਧਰ ਘਟਣ ਕਰਕੇ ਅਤੇ ਕਾਰਬਨਡਾਈਆਕਸਾਈਡ ਗੈਸ ਦੀ ਨਿਯਤ ਮਾਤਰਾ ਤੋਂ ਜਿਆਦਾ ਵਧਣ ਕਰਕੇ ਫੇਫੜਿਆਂ ਨੇ ਲਗਪਗ ਕੰਮ ਕਰਨਾ ਬੰਦ ਕਰ ਦਿੱਤਾ ਸੀ, ਜਿਸ ਦਾ ਅਸਰ ਮਰੀਜ਼ ਦੇ ਦਿਲ ਦੀ ਕਾਰਜ ਪ੍ਰਣਾਲੀ 'ਤੇ ਪੈਣ ਜਾਣ ਕਰਕੇ ਮਰੀਜ਼ ਨੀਮ-ਬੇਹੋਸ਼ ਹੋ ਚੁੱਕਾ ਸੀ। ਗੁਰਦਿਆਂ ਨੇ ਵੀ ਲਗਪਗ ਕੰਮ ਕਰਨਾ ਬੰਦ ਕਰ ਦਿੱਤਾ ਸੀ। ਡਾ. ਸਾਹਿਬ ਨੇ ਦੱਸਿਆ ਕਿ ਹਸਪਤਾਲ ਵਿੱਚ ਦਾਖਲੇ ਸਮੇਂ ਮਰੀਜ਼ ਦਾ ਬਲੱਡ ਪੈ੍ਸ਼ਰ ਕਾਫੀ ਘੱਟ ਸੀ ਜਿਸ ਕਾਰਨ ਮਰੀਜ਼ ਦੀ ਜਾਨ ਨੂੰ ਖਤਰਾ ਸੀ। ਖੂਨ ਦੇ ਟੈਸਟਾਂ ਵਿੱਚ ਪਲੇਟਲੈਟਸ ਸੈੱਲ ਸਿਰਫ 36 ਹਜ਼ਾਰ ਸਨ , ਜਿਸ ਲਈ ਦੋ ਯੂਨਿਟ ਪਲੇਟਲੈਟਸ ਅਤੇ ਇੱਕ ਯੂਨਿਟ ਖੂਨ ਚੜਾਇਆ ਗਿਆ। ਇਸ ਦੇ ਨਾਲ ਹੋਰ ਵੀ ਸਹਾਇਕ ਦਵਾਈਆਂ ਅਤੇ ਵੈਂਟੀਲੇਟਰ ਦੀ ਮਦਦ ਲਈ ਗਈ ਜਿਸ ਨਾਲ ਮਰੀਜ਼ ਦੀ ਹਾਲਤ ਵਿੱਚ ਸੁਧਾਰ ਆਇਆ । ਡਾਕਟਰ ਵਿਵੇਕ ਗੁੰਬਰ ਦੀ ਅਗਵਾਈ ਵਿਚ ਮਰੀਜ਼ ਦਾ ਪਹਿਲੇ ਅੱਠ ਦਿਨ ਆਈ.ਸੀ.ਯੂ. ਵਿਚ ਵੈਂਟੀਲੇਟਰ ਅਤੇ ਹੋਰ ਆਧੁਨਿਕ ਮੈਡੀਕਲ ਯੰਤਰਾਂ ਦੀ ਸਹਾਇਤਾ ਨਾਲ ਵਧੀਆ ਇਲਾਜ ਤੇ ਨਰਸਿੰਗ ਕੇਅਰ ਕਰਨ ਉਪਰੰਤ  ਤਿੰਨ ਦਿਨ ਵਿਸ਼ੇਸ਼ ਐਚ.ਡੀ.ਯੂ. ਵਾਰਡ ਵਿਚ ਕੀਤੇ ਇਲਾਜ ਉਪਰੰਤ ਮਰੀਜ਼ ਬਿਲਕੁਲ ਤੰਦਰੁਸਤ ਹੈ। ਇਸ ਮੌਕੇ ਮਰੀਜ਼ ਦੇ ਪਰਿਵਾਰ ਵੱਲੋਂ  ਮਰੀਜ਼ ਸੋਨੀਆ ਦਾ ਵਧੀਆ ਇਲਾਜ ਕਰਕੇ ਜਾਨ ਬਚਾਉਣ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾਕਟਰ ਵਿਵੇਕ ਗੁੰਬਰ, ਸਮੂਹ ਮੈਡੀਕਲ ਅਫਸਰਾਂ ਅਤੇ ਨਰਸਿੰਗ ਸਟਾਫ਼ ਦਾ ਹਾਰਦਿਕ ਧੰਨਵਾਦ ਕੀਤਾ। ਡਾ. ਵਿਵੇਕ ਗੁੰਬਰ ਨੇ ਦੱਸਿਆ ਕਿ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੈਡੀਕਲ ਵਿਭਾਗ ਆਧੁਨਿਕ ਆਈ ਸੀ ਯੂ, ਆਈ ਸੀ ਸੀ ਯੂ, ਆਧੁਨਿਕ ਵੈਂਟੀਲੇਟਰਾਂ, ਆਟੋਮੈਟਿਕ ਇਨਫਿਊਜਨ ਪੰਪ, ਕਾਰਡੀਅਕ ਮੋਨੀਟਰ ਅਤੇ ਹੋਰ ਨਵੀਨਤਮ ਉਪਕਰਨਾਂ ਨਾਲ ਲੈਸ ਹੈ, ਜਿਸ ਕਰਕੇ ਇਥੇ ਹਰ ਤਰ੍ਹਾਂ ਦੇ ਗੰਭੀਰ ਹਾਲਤ ਵਾਲੇ ਮਰੀਜ਼ਾਂ ਦਾ ਵਧੀਆ ਇਲਾਜ ਹੋ ਰਿਹਾ ਹੈ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਦੇ ਐਚ.ਡੀ.ਯੂ. ਵਾਰਡ ਵਿਖੇ ਤੰਦਰੁਸਤ ਹੋਏ ਮਰੀਜ਼ ਸੋਨੀਆ ਨਾਲ ਡਾਕਟਰ ਵਿਵੇਕ ਗੁੰਬਰ ਤੇ ਹਸਪਤਾਲ ਸਟਾਫ

Tuesday, 19 August 2025

ਢਾਹਾਂ ਕਲੇਰਾਂ ਹਸਪਤਾਲ ਵਿਚ ਚਮੜੀ ਦੇ ਰੋਗਾਂ ਦਾ ਮੁਫ਼ਤ ਮੈਡੀਕਲ ਕੈਂਪ ਲੱਗਾ, 176 ਮਰੀਜਾਂ ਨੇ ਕਰਵਾਇਆ ਮੁਫਤ ਚੈੱਕਅੱਪ

ਢਾਹਾਂ ਕਲੇਰਾਂ ਹਸਪਤਾਲ ਵਿਚ ਚਮੜੀ ਦੇ ਰੋਗਾਂ ਦਾ ਮੁਫ਼ਤ ਮੈਡੀਕਲ ਕੈਂਪ ਲੱਗਾ, 176 ਮਰੀਜਾਂ ਨੇ ਕਰਵਾਇਆ ਮੁਫਤ ਚੈੱਕਅੱਪ
ਬੰਗਾ  19 ਅਗਸਤ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਚਮੜੀ ਦੇ ਰੋਗਾਂ ਦੇ ਵਿਭਾਗ ਵਿਚ  ਚਮੜੀ ਦੇ ਰੋਗਾਂ ਦਾ ਮੁਫਤ ਚੈਕਅਪ ਕੈਂਪ ਲਗਾਇਆ ਗਿਆ । ਜਿਸ ਦਾ 176 ਮਰੀਜ਼ਾਂ ਨੇ ਆਪਣੀ ਮੁਫਤ ਜਾਂਚ ਕਰਵਾਕੇ ਅਤੇ ਮੁਫਤ ਦਵਾਈਆਂ ਪ੍ਰਾਪਤ ਕਰਕੇ ਲਾਭ ਪ੍ਰਾਪਤ ਕੀਤਾ । ਇਸ ਮੌਕੇ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਦੱਸਿਆ ਗੁਰੂ ਨਾਨਕ ਮਿਸ਼ਨ ਹਸਪਤਾਲ ਵੱਲੋਂ ਲੋੜਵੰਦ ਮਰੀਜ਼ਾਂ ਦੀ ਮਦਦ ਕਰਨ ਲਈ ਚਮੜੀ ਦੇ ਰੋਗਾਂ ਦਾ ਮੁਫਤ ਕੈਂਪ ਲਗਾਇਆ ਗਿਆ ਹੈ। ਜਿਸ ਵਿਚ ਹਸਪਤਾਲ ਚਮੜੀ ਰੋਗਾਂ ਦੇ ਮਾਹਿਰ ਡਾ. ਕਰਨ ਛਾਬੜਾ ਵੱਲੋਂ ਕੈਂਪ ਦੌਰਾਨ 176 ਦੇ ਕਰੀਬ ਮਰੀਜ਼ਾਂ ਦੀ ਮੁਫਤ ਜਾਂਚ ਕਰਕੇ  ਉਹਨਾਂ ਨੂੰ ਮੁਫਤ ਦਵਾਈ ਦਿੱਤੀ । ਸ. ਢਾਹਾਂ ਨੇ ‍ਕਿਹਾ ਕਿ ਭਵਿੱਖ ਵਿੱਚ ਇਲਾਕੇ ਦੀ ਲੋੜ ਨੂੰ ਮੁੱਖ ਰੱਖਦਿਆਂ ਹੋਇਆਂ ਹੋਰ ਵੀ ਵੱਡੇ ਮੁਫਤ ਮੈਡੀਕਲ ਚੈਕਅਪ ਕੈਂਪ ਲਗਾਏ ਜਾਣਗੇ । ਇਸ ਮੌਕੇ ਡਾ. ਕਰਨ ਛਾਬੜਾ ਨੇ ਚੈਕਅੱਪ ਕਰਵਾਉਣ ਆਏ ਮਰੀਜ਼ਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਉਹਨਾਂ ਨੂੰ ਤੰਦਰੁਸਤ ਰਹਿਣ ਲਈ ਆਪਣੇ ਖਾਣ-ਪੀਣ ਵੱਲ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਹੈ ਅਤੇ ਚਮੜੀ ਰੋਗਾਂ ਤੋਂ ਬਚਣ ਲਈ ਹਰ ਪ੍ਰਕਾਰ ਦੇ ਜੰਕ ਫੂਡ ਤੋਂ ਪ੍ਰਹੇਜ਼ ਕਰਨ ਦੀ ਲੋੜ ਹੈ । ਧੁੱਪ ਵਿਚ ਜਾਣ ਸਮੇਂ ਸਾਵਧਾਨੀ ਵਰਤਣ ਦੀ ਲੋੜ ਹੈ । ਉਹਨਾਂ ਨੇ ਮਰੀਜ਼ਾਂ ਦੀ ਮੁਫਤ ਜਾਂਚ ਕਰਨ ਮੌਕੇ ਮਰੀਜ਼ਾਂ ਨੂੰ ਚਮੜੀ ਦੀਆਂ ਬਿਮਾਰੀਆਂ ਤੋਂ ਬਚਣ ਦੇ ਅਹਿਮ ਨੁਕਤੇ ਸਾਂਝੇ ਕੀਤੇ । ਕੈਂਪ 'ਚ ਮਰੀਜ਼ਾਂ ਦੀ ਸਾਂਭ ਸੰਭਾਲ ਲਈ ਡਾ. ਕੁਲਦੀਪ ਸਿੰਘ, ਮੈਡਮ ਜੋਤੀ ਭਾਟੀਆ, ਮੈਡਮ ਪਵਨਦੀਪ ਕੌਰ,  ਸ. ਰਣਜੀਤ ਸਿੰਘ ਮਾਨ, ਸ੍ਰੀ ਕਰਨ ਸਰਗੰਲ, ਸ੍ਰੀ ਵਿਸ਼ਾਲ ਚੌਧਰੀ, ਸ੍ਰੀ ਰਾਹੁਲ ਵਰਮਾ, ਹਸਪਤਾਲ ਦਾ ਨਰਸਿੰਗ ਅਤੇ ਸਹਾਇਕ ਸਟਾਫ ਮੌਜੂਦ ਸੀ ।
ਤਸਵੀਰ :  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲੱਗੇ ਮੁਫਤ ਚਮੜੀ ਦੇ ਰੋਗਾਂ ਦਾ ਮੁਫਤ ਕੈਂਪ ਡਾ. ਕਰਨ ਛਾਬੜਾ ਮਰੀਜ਼ਾਂ ਦੀ ਜਾਂਚ ਕਰਨ ਮੌਕੇ 

Thursday, 14 August 2025

ਪੰਜਾਬੀ ਦੇ ਸਭ ਤੋਂ ਵੱਡੇ 51 ਹਜ਼ਾਰ ਡਾਲਰ ਵਾਲੇ ਢਾਹਾਂ ਸਾਹਿਤ ਇਨਾਮ - 2025 ਲਈ ਬਲਬੀਰ ਪਰਵਾਨਾ, ਮੁਦੱਸਰ ਬਸ਼ੀਰ ਤੇ ਭਗਵੰਤ ਰਸੂਲਪੁਰੀ ਦੀਆਂ ਪੁਸਤਕਾਂ ਦੀ ਚੋਣ

*ਸਾਲ 2025 ਦੇ 51,000 ਕੈਨੇਡੀਅਨ ਡਾਲਰ ਦੇ ਢਾਹਾਂ ਸਾਹਿਤ ਇਨਾਮ ਦੇ ਫਾਈਨਲ ਵਿਚ ਪੁੱਜੀਆਂ ਤਿੰਨ ਪੰਜਾਬੀ ਪੁਸਤਕਾਂ ਤੇ ਉਨ੍ਹਾਂ ਲੇਖਕਾਂ ਦੇ ਨਾਵਾਂ ਦਾ ਐਲਾਨ*

*ਮਾਂ-ਬੋਲੀ ਪੰਜਾਬੀ ਦੇ ਸਭ ਤੋਂ ਵੱਡੇ ਢਾਹਾਂ ਸਾਹਿਤ  ਇਨਾਮ  - 2025 ਵਾਸਤੇ ਤਿੰਨ ਪੰਜਾਬੀ ਪੁਸਤਕਾਂ ਤੇ ਉਨ੍ਹਾਂ ਲੇਖਕਾਂ ਦੇ ਨਾਵਾਂ ਐਲਾਨ*

*ਪੰਜਾਬੀ ਦੇ ਸਭ ਤੋਂ ਵੱਡੇ 51 ਹਜ਼ਾਰ ਡਾਲਰ ਵਾਲੇ ਢਾਹਾਂ ਸਾਹਿਤ  ਇਨਾਮ - 2025 ਲਈ ਬਲਬੀਰ ਪਰਵਾਨਾ, ਮੁਦੱਸਰ ਬਸ਼ੀਰ ਤੇ ਭਗਵੰਤ ਰਸੂਲਪੁਰੀ ਦੀਆਂ ਪੁਸਤਕਾਂ ਦੀ ਚੋਣ*

ਸਰੀ (ਬੀ.ਸੀ.) / ਬੰਗਾ 15 ਅਗਸਤ : ਕੈਨੇਡਾ ਦੀ ਧਰਤੀ ਤੋਂ ਸਾਲ 2013 ਵਿਚ ਆਰੰਭ ਹੋਏ ਅਤੇ ਪੰਜਾਬੀ ਸਾਹਿਤ ਦੇ ਪ੍ਰਚਾਰ-ਪ੍ਰਸਾਰ ਨੂੰ ਸਮਰਪਿਤ 51000 ਕੈਨੇਡੀਅਨ ਡਾਲਰ ਦੇ ਢਾਹਾਂ ਸਾਹਿਤ ਇਨਾਮ 2025 ਦੇ ਆਖਰੀ ਪੜਾਅ ਵਿਚ ਪੁੱਜੀਆਂ ਤਿੰਨ ਪੁਸਤਕਾਂ ਅਤੇ ਉਹਨਾਂ ਦੇ ਲੇਖਕਾਂ ਦੇ ਨਾਵਾਂ ਦਾ ਐਲਾਨ ਸਰੀ ਲਾਇਬ੍ਰੇਰੀ ਦੀ ਨਿਊਟਨ ਸ਼ਾਖਾ ਵਿਖੇ ਹੋਈ ਪ੍ਰੈਸ ਕਾਨਫਰੰਸ ਦੌਰਾਨ ਕਰ ਦਿੱਤਾ ਗਿਆ ਹੈ । ਇਸ ਮੌਕੇ ਸ. ਬਰਜਿੰਦਰ ਸਿੰਘ ਢਾਹਾਂ ਬਾਨੀ ਢਾਹਾਂ ਸਾਹਿਤ ਇਨਾਮ ਨੇ ਸੰਬੋਧਨ ਕਰਦੇ ਤਿੰਨ ਫਾਈਨਲਿਸਟਾਂ ਸ੍ਰੀ ਬਲਬੀਰ ਪਰਵਾਨਾ (ਜਲੰਧਰ) ਦੇ ਨਾਵਲ 'ਰੌਲਿਆਂ ਵੇਲੇ', ਸ੍ਰੀ ਮੁਦੱਸਰ ਬਸ਼ੀਰ (ਲਾਹੌਰ) ਦੇ ਨਾਵਲ 'ਗੋਇਲ' ਅਤੇ ਸ੍ਰੀ ਭਗਵੰਤ ਰਸੂਲਪੁਰੀ (ਜਲੰਧਰ) ਦੇ ਕਹਾਣੀ ਸੰਗ੍ਰਹਿ 'ਡਲਿਵਰੀ ਮੈਨ' ਦੇ ਨਾਵਾਂ ਦਾ ਐਲਾਨ ਕੀਤਾ । ਉਹਨਾਂ ਦੱਸਿਆ ਕਿ ਨੌਰਥਵਿਊ ਗੋਲਫ ਐਂਡ ਕੰਟਰੀ ਕਲੱਬ ਸਰੀ ਵਿਚ 13 ਨਵੰਬਰ 2025 ਨੂੰ ਹੋ ਰਹੇ ਸਨਮਾਨ ਸਮਾਰੋਹ ਵਿਚ ਇਹਨਾਂ ਵਿਚੋਂ ਇੱਕ ਪੁਸਤਕ ਨੂੰ 25 ਹਜ਼ਾਰ ਕੈਨੇਡੀਅਨ ਡਾਲਰ ਦਾ ਇਨਾਮ ਅਤੇ ਦੋਵਾਂ ਨੂੰ 10-10 ਹਜ਼ਾਰ ਕੈਨੇਡੀਅਨ ਡਾਲਰ ਦਾ ਢਾਹਾਂ ਸਾਹਿਤ ਇਨਾਮ ਬਹੁਤ ਸਤਿਕਾਰ ਸਹਿਤ ਭੇਟ ਕੀਤਾ ਜਾਵੇਗਾ । ਇਸ ਮੌਕੇ ਜੇਤੂ ਕਿਤਾਬਾਂ ਦੇ ਗੁਰਮੁਖੀ ਜਾਂ ਸ਼ਾਹਮੁਖੀ ਵਿੱਚ ਲਿਪੀਅੰਤਰਨ ਕਰਨ ਲਈ ਵੀ 6,000 ਕੈਨੇਡੀਅਨ ਡਾਲਰ ਦਾ ਸਨਮਾਨ ਭੇਟ ਕੀਤਾ ਜਾਵੇਗਾ ।
  ਸ. ਬਰਜਿੰਦਰ ਸਿੰਘ ਢਾਹਾਂ ਨੇ ਗੱਲਬਾਤ ਕਰਦੇ ਕਿਹਾ ਕਿ ਢਾਹਾਂ ਸਾਹਿਤ ਇਨਾਮ ਦਾ ਉਦੇਸ਼ ਮਾਂ ਬੋਲੀ ਪੰਜਾਬੀ ਵਿਚ ਰਚੇ ਪੰਜਾਬੀ ਸਾਹਿਤ ਦਾ ਵਿਸ਼ਵ ਪੱਧਰ 'ਤੇ ਪ੍ਰਚਾਰ ਅਤੇ ਪਸਾਰ ਕਰਨਾ, ਪੰਜਾਬੀ ਗਲਪ ਦੀਆਂ ਨਵੀਆਂ ਉੱਤਮ ਰਚਨਾਵਾਂ ਲਈ ਪੰਜਾਬੀ ਪਾਠਕਾਂ ਨੂੰ ਪ੍ਰੇਰਿਤ ਕਰਨਾ, ਲੇਖਕਾਂ ਦੀ ਹੌਂਸਲਾ ਅਫ਼ਜ਼ਾਈ ਕਰਨੀ ਅਤੇ ਸਰਹੱਦੋਂ ਪਾਰ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ । ਇਸ ਦੇ ਇਨਾਮ ਦੇ ਜੇਤੂ ਜਿੱਥੇ ਪੰਜਾਬੀ ਸਾਹਿਤ ਜਗਤ ਦੇ ਉੱਚ ਕੋਟੀ ਦੇ ਨਾਵਲਕਾਰ ਅਤੇ ਕਹਾਣੀਕਾਰ ਹਨ, ਉੱਥੇ ਉਹਨਾਂ ਦੀਆਂ ਪੁਸਤਕਾਂ ਦੇ ਵਿਸ਼ੇ ਪੰਜਾਬੀ ਸਾਹਿਤ ਜਗਤ ਨੂੰ ਇਕ ਵਿੱਲਖਣ ਸੁਨੇਹਾ ਦਿੰਦੀਆਂ ਹਨ । ਸ. ਢਾਹਾਂ ਨੇ ਦੱਸਿਆ ਕਿ ਜਿਊਰੀ ਨੂੰ ਇਸ ਸਾਲ ਇਨਾਮ ਲਈ ਕੈਨੇਡਾ, ਭਾਰਤ, ਪਾਕਿਸਤਾਨ, ਆਸਟ੍ਰੇਲੀਆ, ਅਮਰੀਕਾ ਅਤੇ ਯੂ.ਕੇ. ਤੋਂ 55 ਪੁਸਤਕਾਂ ਪ੍ਰਾਪਤ ਹੋਈਆਂ । ਸ. ਢਾਹਾਂ ਨੇ ਕਿਹਾ ਕਿ ਢਾਹਾਂ ਸਾਹਿਤ ਇਨਾਮ ਨੇ ਹੱਦਾਂ-ਸਰਹੱਦਾਂ ਤੋਂ ਉੱਪਰ ਉੱਠਕੇ ਗੁਰਮੁਖੀ ਅਤੇ ਸ਼ਾਹਮੁਖੀ ਦੋਵਾਂ ਲਿਪੀਆਂ ਵਿੱਚ ਪੰਜਾਬੀ ਸਾਹਿਤ ਦੇ ਸਥਾਪਿਤ ਅਤੇ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ ਤੇ ਦੋਵਾਂ ਪੰਜਾਬਾਂ ਵਿਚ ਸਾਂਝਾਂ ਦਾ ਪੁਲ ਬਣ ਰਿਹਾ ਹੈ । ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ 13 ਨਵੰਬਰ ਨੂੰ ਹੋ ਰਹੇ ਸਨਮਾਨ ਸਮਾਰੋਹ ਵਿੱਚ ਪ੍ਰਸਿੱਧ ਕੈਨੇਡੀਅਨ ਨਾਵਲਕਾਰ ਗੁਰਜਿੰਦਰ ਬਸਰਾਨ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਣਗੇ ਅਤੇ ਇਸ ਮੌਕੇ ਕਲਾਕਾਰਾਂ ਵੱਲੋਂ ਸ਼ਾਨਦਾਰ ਸੰਗੀਤਕ ਪੇਸ਼ਕਾਰੀਆਂ ਵੀ ਹੋਣਗੀਆਂ ।
     ਢਾਹਾਂ ਇਨਾਮ ਸਲਾਹਕਾਰ ਕਮੇਟੀ ਦੇ ਚੇਅਰਮੈਨ ਸ੍ਰੀ ਬਲਬੀਰ ਮਾਧੋਪੁਰੀ ਨੇ ਕਿਹਾ ਕਿ ਜਿਊਰੀ ਵੱਲੋਂ ਇਨਾਮਾਂ ਲਈ ਪ੍ਰਾਪਤ ਅਰਜ਼ੀਆਂ ਵਿੱਚੋਂ ਤਿੰਨ ਫਾਈਨਲਿਸਟਾਂ ਦੀ ਚੋਣ ਬਹੁਤ ਹੀ ਯੋਗ ਤੇ ਨਿਰਪੱਖ ਢੰਗ ਨਾਲ ਕੀਤੀ ਗਈ ਹੈ । ਸਨਮਾਨਿਤ ਪੁਸਤਕਾਂ ਦਾ ਐਲਾਨ ਕਰਨ ਮੌਕੇ ਹੋਏ ਸਮਾਗਮ ਦੇ ਮੁੱਖ ਮਹਿਮਾਨ ਕੈਨੇਡੀਅਨ ਸੈਨੇਟਰ ਬਲਤੇਜ ਸਿੰਘ ਢਿੱਲੋਂ ਸਨ । ਇਸ ਮੌਕੇ ਪ੍ਰਸਿੱਧ ਨਾਵਲਕਾਰ ਸ. ਜਰਨੈਲ ਸਿੰਘ ਸੇਖਾ, ਸ਼ਾਇਰ ਸ੍ਰੀ ਮੋਹਨ ਗਿੱਲ, ਸ੍ਰੀ ਅਜਮੇਰ ਰੋਡੇ, ਸ੍ਰੀ ਸਾਧੂ ਬਿਨਿੰਗ ਤੋਂ ਇਲਾਵਾ ਅਨੇਕਾਂ ਸਾਹਿਤ ਪ੍ਰੇਮੀ ਵੀ ਹਾਜ਼ਰ ਸਨ ।
          ਵਰਨਣਯੋਗ ਹੈ ਕਿ ਢਾਹਾਂ ਸਾਹਿਤ ਇਨਾਮ ਵੈਨਕੂਵਰ, ਕੈਨੇਡਾ ਵਿਚ ਕੈਨੇਡਾ ਇੰਡੀਆ ਐਜੂਕੇਸ਼ਨ ਸੋਸਾਇਟੀ ਦੁਆਰਾ ਦਿੱਤਾ ਜਾਂਦਾ ਹੈ ਅਤੇ ਜੋ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਡਿਪਾਰਟਮੈਂਟ ਆਫ ਏਸ਼ੀਅਨ ਸਟੱਡੀਜ਼ ਦੇ ਸਹਿਯੋਗ ਨਾਲ ਬਣਾਇਆ ਗਿਆ ਸੀ। ਇਸ ਇਨਾਮ ਦੇ ਬਾਨੀ ਸੰਸਥਾਪਕ ਸ. ਬਰਜਿੰਦਰ ਸਿੰਘ ਢਾਹਾਂ ਤੇ ਉਹਨਾਂ ਸੁਪਤਨੀ ਬੀਬੀ ਰੀਟਾ ਢਾਹਾਂ ਹਨ । ਦੱਖਣ ਏਸ਼ਿਆਈ ਭਾਸ਼ਾਵਾਂ ਵਿੱਚੋਂ ਢਾਹਾਂ ਸਾਹਿਤ ਇਨਾਮ ਪੰਜਾਬੀ ਭਾਸ਼ਾ ਦੀ ਗੁਰਮੁਖੀ ਜਾਂ ਸ਼ਾਹਮੁਖੀ ਲਿਪੀ ਦੀਆਂ ਗਲਪ ਪੁਸਤਕਾਂ ਲਈ ਸਭ ਤੋਂ ਵੱਡਾ ਅੰਤਰਰਾਸ਼ਟਰੀ ਸਾਹਿਤਕ ਇਨਾਮ ਹੈ, ਜੋ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਵਿਖੇ ਸਾਲ 2013 ਵਿਚ ਸਥਾਪਿਤ ਕੀਤਾ ਗਿਆ ਸੀ, ਜਿੱਥੇ ਪੰਜਾਬੀ ਲੋਕਾਂ ਦਾ, ਪੰਜਾਬੀ ਭਾਸ਼ਾ ਦਾ ਅਤੇ ਪੰਜਾਬੀ ਸੱਭਿਆਚਾਰ ਦਾ ਇੱਕ ਅਮੀਰ ਇਤਿਹਾਸ ਹੈ । ਪੰਜਾਬੀ ਹੁਣ ਕੈਨੇਡਾ ਵਿੱਚ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਅਤੇ ਦੇਸ਼ ਦੇ ਬਹੁ-ਸੱਭਿਆਚਾਰ ਦਾ ਪ੍ਰਮੁੱਖ ਹਿੱਸਾ ਹੈ ।
ਫੋਟੋ ਕੈਪਸ਼ਨ : ਸਾਲ 2025 ਦੇ ਢਾਹਾਂ ਸਾਹਿਤ ਇਨਾਮ ਲਈ ਚੁਣੇ ਗਏ ਤਿੰਨ ਲੇਖਕਾਂ ਬਲਬੀਰ ਪਰਵਾਨਾ, ਮੁਦੱਸਰ ਬਸ਼ੀਰ ਤੇ ਭਗਵੰਤ ਰਸੂਲਪੁਰੀ ਅਤੇ ਉਹਨਾਂ ਪੁਸਤਕਾਂ ਦੀ ਤਸਵੀਰ

ਢਾਹਾਂ ਕਲੇਰਾਂ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਤਾਬਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ

ਢਾਹਾਂ ਕਲੇਰਾਂ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਤਾਬਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ  
ਬੰਗਾ 14 ਅਗਸਤ () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਅਨਿੰਨ ਸੇਵਕਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਧਰਮ ਪ੍ਰਚਾਰ ਕਮੇਟੀ ਸ੍ਰੀ ਅਮ੍ਰਿੰਤਸਰ ਸਾਹਿਬ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ । ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਸਜੇ ਦੀਵਾਨ ਵਿਚ ਭਾਈ ਗਗਨਦੀਪ ਸਿੰਘ ਕੀਰਤਨੀ ਜਥਾ ਧਰਮ ਪ੍ਰਚਾਰ ਕਮੇਟੀ ਅਤੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਵੱਲੋਂ ਰਸ ਭਿੰਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ । ਸਮਾਗਮ ਦੌਰਾਨ ਕਥਾਵਾਚਕ ਗਿਆਨੀ ਅੰਮ੍ਰਿਤਪਾਲ ਸਿੰਘ ਸਰਲੀ ਧਰਮ ਪ੍ਰਚਾਰ ਕਮੇਟੀ ਨੇ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ, ਉਹਨਾਂ ਦੇ ਪਰਿਵਾਰ, ਗੁਰ ਇਤਿਹਾਸ ਅਤੇ ਹਿੰਦੂ ਧਰਮ ਦੀ ਰੱਖਿਆ ਲਈ ਕੀਤੀ ਲਾਸਾਨੀ ਸ਼ਹਾਦਤ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ । ਉਹਨਾਂ ਕਿਹਾ ਕਿ ਗੁਰੂ ਜੀ ਦੀ ਸ਼ਹਾਦਤ ਪੂਰੀ ਮਨੁੱਖਤਾ ਲਈ ਪ੍ਰੇਰਣਾ ਸਰੋਤ ਹੈ । ਉਹਨਾਂ ਜਾਣਕਾਰੀ ਦਿੰਦੇ ਦੱਸਿਆ ਕਿ ਧਰਮ ਪ੍ਰਚਾਰ ਕਮੇਟੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਵੰਬਰ 2025 ਵਿਚ ਹੋ ਰਹੇ ਕੌਮੀ ਸ਼ਹੀਦੀ ਸ਼ਤਾਬਦੀ ਸਮਾਗਮ ਦੇ ਸਬੰਧ ਵਿੱਚ ਸੰਗਤਾਂ ਨੂੰ ਜਾਗਰੁਕ ਕਰਨ ਹਿੱਤ ਧਰਮ ਪ੍ਰਚਾਰ ਦੀ ਲਹਿਰ ਚਲਾਈ ਜਾ ਰਹੀ ਹੈ  ।  ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂ ਧਰਮ ਦੀ ਰੱਖਿਆ ਖਾਤਰ ਆਪਣੇ ਗੁਰਸਿੱਖਾਂ ਨਾਲ ਆਪਣੇ ਸੀਸ ਦਾ ਜੋ ਬਲੀਦਾਨ ਦਿੱਤਾ, ਉਹ ਸਮੁੱਚੀ ਦੁਨੀਆਂ ਲਈ ਸ਼ਹਾਦਤ ਦੀ ਇੱਕ ਨਿਵੇਕਲੀ ਅਤੇ ਅਦੁੱਤੀ ਮਿਸਾਲ ਹੈ । ਉਹਨਾਂ ਨੇ ਧਰਮ ਪ੍ਰਚਾਰ ਕਮੇਟੀ ਅਤੇ ਸਮੂਹ ਸੰਗਤਾਂ ਦਾ ਗੁਰਮਤਿ ਸਮਾਗਮ ਲਈ ਸਹਿਯੋਗ ਦੇਣ ਲਈ ਹਾਰਦਿਕ ਧੰਨਵਾਦ ਕੀਤਾ । ਇਸ ਮੌਕੇ ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ । 
         ਢਾਹਾਂ ਕਲੇਰਾਂ ਵਿਖੇ ਹੋਏ ਇਸ ਗੁਰਮਤਿ ਸਮਾਗਮ ਵਿਚ ਰਾਜਦੀਪ ਥਿਦਵਾਰ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ, ਨਰਿੰਦਰ ਸਿੰਘ ਢਾਹਾਂ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਮੈਡਮ ਸੀਮਾ ਪੂੰਨੀ, ਰਣਜੀਤ ਸਿੰਘ ਮਾਨ, ਗੁਰਮੁੱਖ ਸਿੰਘ ਮੱਲੂਪੋਤਾ, ਡੋਗਰ ਰਾਮ ਮਜਾਰੀ, ਸੁਖਪ੍ਰੀਤ ਸਿੰਘ ਚਾਹਲ ਵੱਖ ਵੱਖ ਅਦਾਰਿਆਂ ਦਾ ਸਟਾਫ਼, ਵਿਦਿਆਰਥੀ ਅਤੇ ਇਲਾਕਾ ਨਿਵਾਸੀ ਸੰਗਤਾਂ ਹਾਜ਼ਰ ਸਨ ।
ਫੋਟੋ ਕੈਪਸ਼ਨ :- ਢਾਹਾਂ ਕਲੇਰਾਂ ਵਿਖੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ  350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਦੀਆਂ ਤਸਵੀਰਾਂ 

Monday, 4 August 2025

ਗੁਰਦਿਆਂ ਦੀ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਦਾ ਇਲਾਜ ਕੇਂਦਰ ਬਣਿਆ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ

*ਗੁਰਦਿਆਂ ਦੀ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਦਾ ਇਲਾਜ ਕੇਂਦਰ ਬਣਿਆ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ*

*ਹਸਪਤਾਲ ਢਾਹਾਂ ਕਲੇਰਾਂ ਦੇ ਮੈਡੀਕਲ ਸਪੈਸ਼ਲਿਸਟ ਡਾ. ਵਿਵੇਕ ਗੁੰਬਰ ਦੁਆਰਾ ਕੀਤੇ ਇਲਾਜ ਨੇ 55 ਸਾਲਾ ਔਰਤ ਦੀ ਜਾਨ ਬਚਾਈ*
ਬੰਗਾ 4 ਅਗਸਤ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੈਡੀਕਲ ਵਿਭਾਗ ਦੇ ਮੁਖੀ ਡਾ. ਵਿਵੇਕ ਗੁੰਬਰ ਨੇ ਗੁਰਦਿਆਂ ਅਤੇ ਫੇਫੜਿਆਂ ਦੀ ਗੰਭੀਰ ਬਿਮਾਰੀ ਪਲਮੋਨੇਰੀ ਅਡੀਮਾ ਅਤੇ ਇਸ ਦੇ ਬੁਰੇ ਪ੍ਰਭਾਵਾਂ ਨਾਲ ਪੀੜ੍ਹਤ ਮਰੀਜ਼ ਪਿੰਕੀ ਦੇਵੀ ਉਮਰ 55 ਸਾਲ ਦੀ ਜਾਨ 10 ਦਿਨ ਆਈ ਸੀ ਯੂ ਅਤੇ ਤਿੰਨ ਦਿਨ ਐਚ.ਡੀ.ਯੂ. ਵਾਰਡ ਵਿੱਚ ਰੱਖ ਕੇ ਵੈਂਟੀਲੇਟਰ (ਸਾਹ ਦੇਣ ਵਾਲੀ ਮਸ਼ੀਨ) ਦੀ ਮਦਦ ਅਤੇ ਸਮੇਂ ਸਿਰ ਡਾਇਲਸਿਸ ਕਰਕੇ ਬਚਾਏ ਜਾਣ ਦਾ ਸਮਾਚਾਰ ਹੈ। ਡਾ. ਵਿਵੇਕ ਗੁੰਬਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਕਤ ਮਰੀਜ਼ ਦਾ ਇਲਾਜ ਪੰਜਾਬ ਦੇ ਵੱਡੇ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਤੋਂ ਚੱਲ ਰਿਹਾ ਸੀ । ਬਹੁਤ ਗੰਭੀਰ ਹਾਲਤ ਹੋਣ 'ਤੇ ਮਰੀਜ਼ ਨੂੰ ਉਸਦੇ ਪਰਿਵਾਰ ਵੱਲੋਂ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਲਾਜ ਲਈ ਲਿਆਂਦਾ ਗਿਆ । ਜਦੋਂ  ਜਾਂਚ ਕੀਤੀ ਗਈ ਤਾਂ ਪਤਾ ਚਲਿਆ ਕਿ ਮਰੀਜ਼ ਦੇ ਸਰੀਰ ਵਿਚ ਆਕਸੀਜਨ ਦਾ ਪੱਧਰ ਘੱਟਣ ਕਰਕੇ ਤੇ ਕਾਰਬਨਡਾਈਆਕਸਾਈਡ ਗੈਸ ਦੀ ਨਿਯਤ ਮਾਤਰਾ ਤੋਂ ਜਿਆਦਾ ਵੱਧਣ ਕਰਕੇ ਫੇਫੜਿਆਂ ਨੇ ਲਗਪਗ ਕੰਮ ਕਰਨਾ ਬੰਦ ਕਰ ਦਿੱਤਾ ਸੀ, ਜਿਸ ਦਾ ਅਸਰ ਮਰੀਜ਼ ਦੇ ਦਿਲ ਦੀ ਕਾਰਜ ਪ੍ਰਣਾਲੀ 'ਤੇ ਪੈਣ ਕਾਰਨ ਮਰੀਜ਼ ਨੀਮ-ਬੇਹੋਸ਼ ਹੋ ਚੁੱਕਾ ਸੀ। ਮਰੀਜ਼ ਨੂੰ ਗੁਰਦਿਆਂ ਦੀ ਤਕਲੀਫ ਪਹਿਲਾਂ ਤੋਂ ਹੀ ਚੱਲ ਰਹੀ ਸੀ ਤੇ ਢਾਹਾਂ ਕਲੇਰਾਂ ਹਸਪਤਾਲ ਵਿਚ ਡਾਇਲਸਿਸ ਵੀ ਕੀਤੇ ਗਏ । ਡਾ. ਸਾਹਿਬ ਨੇ ਦੱਸਿਆ ਕਿ ਹਸਪਤਾਲ ਵਿੱਚ ਦਾਖਲੇ ਤੋਂ ਅੱਧੇ ਘੰਟੇ ਬਾਅਦ ਹੀ ਮਰੀਜ਼ ਦੇ ਦਿਲ ਦੀ ਧੜਕਣ ਅਚਾਨਕ ਬੰਦ ਹੋ ਗਈ, ਫੌਰੀ ਤੌਰ 'ਤੇ ਆਈ.ਸੀ.ਯੂ. ਵਿੱਚ ਡਾਕਟਰਾਂ ਦੀ ਟੀਮ ਨੇ ਮਰੀਜ਼ ਦੀ ਰੁਕੀ ਹੋਈ ਧੜਕਣ ਨੂੰ ਦੁਬਾਰਾ ਚਾਲੂ ਕਰਨ ਲਈ ਵਰਤੀ ਜਾਂਦੀ ਖਾਸ ਤਕਨੀਕ ਸੀ.ਪੀ.ਆਰ. (ਦਿਲ ਦਾ ਮਸਾਜ) ਕਰਨਾ ਸ਼ੁਰੂ ਕਰ ਦਿੱਤਾ ਸੀ । ਸੀ.ਪੀ.ਆਰ. ਕਰਨ ਅਤੇ ਖਾਸ ਦਵਾਈਆਂ ਦੀ ਮਦਦ ਨਾਲ ਕਾਫੀ ਮੁਸ਼ੱਕਤ ਤੋਂ ਬਾਅਦ ਉਕਤ ਡਾਕਟਰ ਸਾਹਿਬਾਨ ਮਰੀਜ਼ ਦਾ ਰੁਕਿਆ ਹੋਇਆ ਦਿਲ ਦੁਬਾਰਾ ਚਾਲੂ ਕਰਨ ਵਿੱਚ ਕਾਮਯਾਬ ਹੋ ਗਏ । ਮਰੀਜ਼ ਨੂੰ ਸਾਹ ਦੇਣ ਲਈ ਵੈਂਟੀਲੇਟਰ ਦੀ ਮਦਦ ਲਈ ਗਈ । ਡਾਕਟਰ ਵਿਵੇਕ ਗੁੰਬਰ ਦੀ ਅਗਵਾਈ ਵਿਚ ਮਰੀਜ਼ ਪਿੰਕੀ ਦੇਵੀ ਦਾ ਪਹਿਲੇ ਦਸ ਦਿਨ ਆਈ.ਸੀ.ਯੂ. ਵਿਚ ਵੈਂਟੀਲੇਟਰ, ਇੰਡੋਟਰੈਕਲ ਟਿਊਬ ਅਤੇ ਹੋਰ ਆਧੁਨਿਕ ਮੈਡੀਕਲ ਯੰਤਰਾਂ ਦੀ ਸਹਾਇਤਾ ਨਾਲ ਵਧੀਆ ਇਲਾਜ ਤੇ ਨਰਸਿੰਗ ਕੇਅਰ ਕਰਨ ਉਪਰੰਤ ਤਿੰਨ ਦਿਨ ਵਿਸ਼ੇਸ਼ ਐਚ.ਡੀ.ਯੂ. ਵਾਰਡ ਵਿਚ ਕੀਤੇ ਇਲਾਜ ਉਪਰੰਤ ਮਰੀਜ਼ ਬਿਲਕੁੱਲ ਤੰਦਰੁਸਤ ਹੈ । ਇਸ ਮੌਕੇ ਮਰੀਜ਼ ਦੇ ਪਰਿਵਾਰ ਵੱਲੋਂ ਉਹਨਾਂ ਦੇ ਮਰੀਜ਼  ਪਿੰਕੀ ਦੇਵੀ ਦਾ ਵਧੀਆ ਇਲਾਜ ਕਰਕੇ ਜਾਨ ਬਚਾਉਣ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾਕਟਰ ਵਿਵੇਕ ਗੁੰਬਰ, ਸਮੂਹ ਮੈਡੀਕਲ ਅਫਸਰਾਂ ਅਤੇ ਨਰਸਿੰਗ ਸਟਾਫ਼ ਦਾ ਹਾਰਦਿਕ ਧੰਨਵਾਦ ਕੀਤਾ । ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਮਰੀਜ਼ ਪਿੰਕੀ ਦੇਵੀ  ਦਾ ਸ਼ਾਨਦਾਰ ਇਲਾਜ ਕਰਨ ਲਈ ਡਾਕਟਰ ਵਿਵੇਕ ਗੁੰਬਰ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ । ਉਹਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਤਪਾਲ ਢਾਹਾਂ ਕਲੇਰਾਂ ਵਿਖੇ ਚੱਲ ਰਿਹਾ ਮੈਡੀਕਲ ਵਿਭਾਗ, ਆਧੁਨਿਕ ਆਈ.ਸੀ.ਯੂ., ਆਈ.ਸੀ.ਸੀ.ਯੂ., ਆਧੁਨਿਕ ਵੈਂਟੀਲੇਟਰਾਂ, ਆਟੋਮੈਟਿਕ ਇਨਫਿਊਜਨ ਪੰਪ, ਕਾਰਡੀਅਕ ਮੋਨੀਟਰ ਅਤੇ ਹੋਰ ਨਵੀਨਤਮ ਉਪਕਰਨਾਂ ਨਾਲ ਲੈਸ ਹੈ, ਜਿਸ ਕਰਕੇ ਇਥੇ ਹਰ ਤਰ੍ਹਾਂ ਦੇ ਗੰਭੀਰ ਹਾਲਤ ਵਾਲੇ ਮਰੀਜ਼ਾਂ ਦਾ ਵਧੀਆ ਇਲਾਜ ਹੋ ਰਿਹਾ ਹੈ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵਿਖੇ ਤੰਦਰੁਸਤ ਹੋਏ ਮਰੀਜ਼ ਪਿੰਕੀ ਦੇਵੀ ਨਾਲ ਡਾਕਟਰ ਵਿਵੇਕ ਗੁੰਬਰ ਤੇ ਹਸਪਤਾਲ ਸਟਾਫ਼