Saturday, 19 February 2022

25 ਹਜ਼ਾਰ ਕੈਨੇਡੀਅਨ ਡਾਲਰ ਜੇਤੂ ਕਿਤਾਬ ਅਤੇ 10-10 ਹਜ਼ਾਰ 2 ਫਾਇਨਲਿਸਟ ਕਿਤਾਬਾਂ ਨੂੰ ਇਨਾਮ ਪ੍ਰਦਾਨ ਕਰਨ ਵਾਲੇ ਢਾਹਾਂ ਸਾਹਿਤ ਇਨਾਮ - 2022 ਲਈ ਨਾਮਜ਼ਦਗੀਆਂ ਆਰੰਭ

25 ਹਜ਼ਾਰ ਕੈਨੇਡੀਅਨ ਡਾਲਰ ਜੇਤੂ ਕਿਤਾਬ ਅਤੇ 10-10 ਹਜ਼ਾਰ 2 ਫਾਇਨਲਿਸਟ ਕਿਤਾਬਾਂ ਨੂੰ ਇਨਾਮ ਪ੍ਰਦਾਨ ਕਰਨ ਵਾਲੇ ਢਾਹਾਂ ਸਾਹਿਤ ਇਨਾਮ - 2022 ਲਈ ਨਾਮਜ਼ਦਗੀਆਂ ਆਰੰਭ
 
ਕਿਤਾਬਾਂ ਪਹੁੰਚਾਉਣ ਦੀ ਆਖਰੀ ਤਰੀਕ 31 ਮਾਰਚ 2022


ਬੰਗਾ/ਵੈਨਕੂਵਰ : 19 ਫਰਵਰੀ :-
ਢਾਹਾਂ ਸਾਹਿਤ ਇਨਾਮ ਪੰਜਾਬੀ ਵਿਚ ਰਚੇ ਗਏ ਉੱਤਮ ਸਾਹਿਤ ਦੀ ਪਛਾਣ ਕਰਨ ਅਤੇ ਮੁਲਕੀ ਹੱਦਾਂ ਸਰਹੱਦਾਂ ਤੋਂ ਪਰਾਂਹ ਪੰਜਾਬੀ ਸਾਹਿਤ-ਸਿਰਜਣਾ ਨੂੰ ਉਤਸ਼ਾਹ ਦੇਣ ਦੇ ਮਨੋਰਥ ਨਾਲ ਸ਼ੁਰੂ ਕੀਤਾ ਗਿਆ ਸੀ। ਵਿਸ਼ਵ ਪੱਧਰ ਉੱਤੇ, ਇਹ ਸਾਲਾਨਾ ਇਨਾਮ ਗੁਰਮੁਖੀ ਜਾਂ ਸ਼ਾਹਮੁਖੀ, ਕਿਸੇ ਵੀ ਲਿਪੀ ਵਿਚ ਛਪੀਆਂ ਪੰਜਾਬੀ ਗਲਪ ਜਿਵੇਂ ਨਾਵਲ ਅਤੇ ਕਹਾਣੀ ਸੰਗ੍ਰਹਿ ਦੀਆਂ ਤਿੰਨ ਸਰਵੋਤਮ ਕਿਤਾਬਾਂ ਨੂੰ ਦਿੱਤਾ ਜਾਂਦਾ ਹੈ। ਸਾਲ 2022 ਦੇ ਢਾਹਾਂ ਇਨਾਮ ਲਈ ਨਾਮਜ਼ਦਗੀਆਂ ਹੁਣ ਪ੍ਰਵਾਨ ਕੀਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਕਿਤਾਬਾਂ ਦੇ ਪਹੁੰਚਣ ਦੀ ਆਖਰੀ ਤਰੀਕ 31 ਮਾਰਚ 2022 ਹੈ।ਇਹ ਜਾਣਕਾਰੀ ਸ੍ਰੀ ਬਰਜਿੰਦਰ ਸਿੰਘ ਢਾਹਾਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਾਲ 2013 ਵਿਚ ਸ਼ੁਰੂ ਕੀਤੇ ਗਏ ਪੰਜਾਬੀ ਸਾਹਿਤ ਵਿੱਚ ਵਿਸ਼ਵ ਦੇ ਹਸਤਾਖਰ ਢਾਹਾਂ ਇਨਾਮ ਦੀ ਰਕਮ 25 ਹਜ਼ਾਰ ਕਨੇਡੀਅਨ ਡਾਲਰ ਜੇਤੂ ਕਿਤਾਬ ਅਤੇ ਦੋ ਹੋਰ ਇਨਾਮਾਂ ਦੀ ਰਕਮ ਦਸ-ਦਸ ਹਜ਼ਾਰ ਕੈਨੇਡੀਅਨ ਡਾਲਰ ਡਾਲਰ ਹੈ। ਇਹ ਤਿੰਨੇ ਇਨਾਮ ਇਸ ਢੰਗ ਨਾਲ ਦਿੱਤੇ ਜਾਂਦੇ ਹਨ ਕਿ ਹਰੇਕ ਲਿਪੀ ਦੇ ਹਿੱਸੇ ਇੱਕ ਇਨਾਮ ਜ਼ਰੂਰ ਆਵੇ। ਸ੍ਰੀ ਢਾਹਾਂ ਨੇ ਕਿਹਾ ਕਿ 2022 ਦੇ ਢਾਹਾਂ ਇਨਾਮ ਲਈ ਨਾਵਲ ਜਾਂ ਕਹਾਣੀਆਂ ਦੀਆਂ ਕਿਤਾਬਾਂ ਨਾਮਜ਼ਦ ਕਰਨ ਦੇ ਚਾਹਵਾਨ ਨਾਮਜ਼ਦਗੀ ਫਾਰਮ submissions@dhahanprize.com ਈਮੇਲ 'ਤੇ ਭਰਨ ਤੋਂ ਬਾਅਦ ਇਸੇ ਹੀ ਈਮੇਲ 'ਤੇ ਕਿਤਾਬ ਦੀ ਇਲੈੱਕਟ੍ਰਾਨਿਕ ਕਾਪੀ ਵੀ ਭੇਜ ਦੇਣ।  ਸੰਬੰਧਿਤ ਕਿਤਾਬ ਦੀਆਂ ਤਿੰਨ ਕਾਪੀਆਂ ਢਾਹਾਂ ਇਨਾਮ ਦੇ ਮੁੱਖ ਦਫ਼ਤਰ Dhahan Prize Book Submission, #1058–2560 Shell Road, Richmond, BC  Canada  V6X 0B8 ਵਿਖੇ ਡਾਕ ਜਾਂ ਕੋਰੀਅਰ ਰਾਹੀਂ ਭੇਜੀਆਂ ਜਾਣ। ਇਸ ਸੰਬੰਧੀ ਹੋਰ ਜਾਣਕਾਰੀ ਗੁਰਮੁਖੀ, ਸ਼ਾਹਮੁਖੀ ਅਤੇ ਅੰਗਰੇਜ਼ੀ ਵਿੱਚ www.dhahanprize.com ਵੈੱਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਵਰਨਣਯੋਗ ਹੈ ਕਿ ਢਾਹਾਂ ਇਨਾਮ ਪੰਜਾਬੀ ਭਾਸ਼ਾ ਦਾ ਸਭ ਤੋਂ ਵੱਡਾ ਇਨਾਮ ਹੈ। ਜਿਸ ਦਾ ਮਕਸਦ ਪੂਰੀ ਦੁਨੀਆ ਵਿੱਚ ਪੰਜਾਬੀ ਸਾਹਿਤ ਰਚਨਾ ਨੂੰ ਉਤਸ਼ਾਹਿਤ ਕਰਨਾ, ਸੰਸਾਰ ਦੇ ਵੱਖ-ਵੱਖ ਖਿੱਤਿਆਂ ਵਿੱਚ ਰਹਿਣ ਵਾਲੇ ਪੰਜਾਬੀ ਭਾਈਚਾਰੇ ਨੂੰ ਆਪਸ ਵਿੱਚ ਜੋੜਨਾ ਅਤੇ ਪੰਜਾਬੀ ਸਾਹਿਤ ਅਤੇ ਪੰਜਾਬੀ ਬੋਲੀ ਦਾ ਵਿਸ਼ਵ ਪੱਧਰ 'ਤੇ ਪ੍ਰਚਾਰ ਅਤੇ ਪਸਾਰ ਕਰਨਾ ਹੈ। ਇਹ ਪੁਰਸਕਾਰ ਪੰਜਾਬੀ ਲੇਖਕਾਂ ਨੂੰ ਵੱਡੇ ਪੱਧਰ 'ਤੇ ਪਛਾਣ ਪ੍ਰਦਾਨ ਕਰਦਾ ਹੈ ਅਤੇ ਜੇਤੂ ਲੇਖਕਾਂ ਲਈ ਵਿਸ਼ਵ ਪੱਧਰ 'ਤੇ ਅੱਗੇ ਵਧਣ ਲਈ ਰਾਹ ਖੋਲ੍ਹਦਾ ਹੈ, ਜਿਸ ਰਾਹੀਂ ਉਹ ਬਹੁ-ਭਾਸ਼ੀ ਪਾਠਕਾਂ ਤੱਕ ਵੀ ਪਹੁੰਚ ਸਕਦੇ ਹਨ। ਢਾਹਾਂ ਇਨਾਮ ਦੀ ਸਥਾਪਨਾ ਬਾਰਜ ਢਾਹਾਂ (ਬਰਜਿੰਦਰ ਸਿੰਘ ਢਾਹਾਂ) ਅਤੇ ਰੀਟਾ ਢਾਹਾਂ ਦੁਆਰਾ ਪਰਿਵਾਰ, ਦੋਸਤਾਂ ਅਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਸਹਿਯੋਗ ਨਾਲ ਵੈਨਕੂਵਰ, ਕੈਨੇਡਾ ਵਿੱਚ ਕੀਤੀ ਗਈ। ਵਰਨਣਯੋਗ ਹੈ ਕਿ ਬਰਜਿੰਦਰ ਸਿੰਘ ਢਾਹਾਂ  ਪ੍ਰਸਿੱਧ ਸਮਾਜ ਸੇਵਕ ਅਤੇ ਗੁਰੂ  ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਬਾਨੀ ਬਾਬਾ ਬੁੱਧ ਸਿੰਘ ਢਾਹਾਂ ਦੇ ਹੋਣਹਾਰ ਸਪੁੱਤਰ ਹਨ।
ਫੋਟੋ : ਢਾਹਾਂ ਸਾਹਿਤ ਇਨਾਮ ਦੇ ਸੰਸਥਾਪਕ ਬਰਜਿੰਦਰ ਸਿੰਘ ਢਾਹਾਂ ਅਤੇ ਢਾਹਾਂ ਸਾਹਿਤ ਇਨਾਮ

 

Virus-free. www.avast.com