Monday, 3 April 2023

ਢਾਹਾਂ ਕਲੇਰਾਂ ਵਿਖੇ ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਸ਼ਹੀਦੀ ਸਮਾਗਮ

ਢਾਹਾਂ ਕਲੇਰਾਂ ਵਿਖੇ ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਸ਼ਹੀਦੀ ਸਮਾਗਮ
ਬੰਗਾ 3 ਅਪਰੈਲ  ()  ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਸ਼ਹੀਦੇ ਆਜ਼ਮ ਸ. ਭਗਤ ਸਿੰਘ, ਉਹਨਾਂ ਦੇ ਸਾਥੀਆਂ ਅਤੇ ਭਾਰਤ ਦੀ ਅਜ਼ਾਦੀ ਸ਼ੰਘਰਸ਼ ਦੇ ਸਮੂਹ ਸ਼ਹੀਦਾਂ ਦੀ ਲਸਾਨੀ ਸ਼ਹੀਦੀ ਨੂੰ ਸਮਰਪਿਤ ਸ਼ਹੀਦੀ ਸਮਾਗਮ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਆਯੋਜਿਤ ਕੀਤਾ ਗਿਆ। ਗੁਰਦੁਆਰਾ ਸਾਹਿਬ ਵਿਖੇ ਸਵੇਰੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿਚ ਕੀਤੇ ਗਏ। ਇਸ ਮੌਕੇ  ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਅਤੇ ਭਾਈ ਜੋਗਾ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਦੇ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਗਿਆ। ਸ਼ਹੀਦੀ ਸਮਾਗਮ ਵਿੱਚ ਪ੍ਰਸਿੱਧ ਕਥਾ ਵਾਚਕ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਪ੍ਰਵਾਨਾ ਜੀ ਨੇ ਸਮੂਹ ਸੰਗਤਾਂ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੀਵਨ ਤੇ ਸ਼ਹੀਦੀ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਸ. ਭਗਤ ਸਿੰਘ ਨੇ ਗੁਰਮਤਿ ਦੇ ਸੰਕਲਪ 'ਤੇ ਚੱਲਦੇ ਹੋਏ ਆਪਣੇ ਦੇਸ, ਆਪਣੀ ਕੌਮ ਅਤੇ ਸਮਾਜ ਲਈ ਜ਼ਿੰਮੇਵਾਰੀ ਸਮਝਦੇ ਹੋਏ, ਦੇਸ਼ ਦੀ ਅਜ਼ਾਦੀ ਲਈ ਆਪਣੀ ਕੁਰਬਾਨੀ ਦਿੱਤੀ ਹੈ। ਉਹਨਾਂ ਕਿਹਾ ਕਿ ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੀ ਸ਼ਹਾਦਤ ਨੂੰ ਦੇਸ ਵਾਸੀ ਹਮੇਸ਼ਾਂ ਯਾਦ ਰੱਖਣਗੇ।
ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਨੇ ਸ਼ਹੀਦੇ ਆਜ਼ਮ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਦੇਸ਼ ਦੇ ਅਜ਼ਾਦੀ ਸ਼ੰਘਰਸ਼ ਵਿਚ ਪਾਏ ਯੋਗਦਾਨ ਨੂੰ ਯਾਦ ਕੀਤਾ।ਉਹਨਾਂ ਨੇ ਇਕੱਤਰ ਸੰਗਤਾਂ ਨੂੰ ਟਰੱਸਟ ਵੱਲੋਂ ਕੀਤੇ ਜਾਂਦੇ ਸੇਵਾਂ ਕਾਰਜਾਂ ਬਾਰੇ ਜਾਣਕਾਰੀ ਵੀ ਦਿੱਤੀ। ਇਸ ਮੌਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਗੁਰੂ ਕਾ ਲੰਗਰ ਸਮੂਹ ਸਾਧ ਸੰਗਤਾਂ ਨੇ ਪੰਗਤਾਂ ਵਿਚ ਬੈਠ ਕੇ ਬੜੇ ਪਿਆਰ ਅਤੇ ਸ਼ਰਧਾ ਭਾਵਨਾ ਨਾਲ ਛਕਿਆ।
ਸ਼ਹੀਦੀ ਸਮਾਗਮ ਵਿਚ ਹਰਦੇਵ ਸਿੰਘ ਕਾਹਮਾ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਕਮੇਟੀ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧ ਹੇਠਾਂ ਚੱਲਦੇ ਗੁਰੂ ਨਾਨਕ ਮਿਸ਼ਨ ਹਸਪਤਾਲ, ਗੁਰੂ ਨਾਨਕ ਕਾਲਜ ਆਫ ਨਰਸਿੰਗ, ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਦਾ ਸਮੂਹ ਸਟਾਫ ਅਤੇ ਵਿਦਿਆਰਥੀਆਂ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵਿਖੇ ਹੋਏ ਸ਼ਹੀਦੀ ਸਮਾਗਮ ਸਮਾਗਮ ਦੀਆਂ ਤਸਵੀਰਾਂ