Saturday, 31 January 2026

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ-ਕਲੇਰਾਂ ਦੇ ਸੁੰਦਰ ਦਸਤਾਰ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ-ਕਲੇਰਾਂ ਦੇ ਸੁੰਦਰ ਦਸਤਾਰ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ
ਬੰਗਾ 31 ਜਨਵਰੀ : ਪੇਂਡੂ ਇਲਾਕੇ ਦੇ ਸੀ.ਬੀ.ਐਸ.ਈ. ਬੋਰਡ ਦਿੱਲੀ ਤੋ ਮਾਨਤਾ ਪ੍ਰਾਪਤ ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਸੰਗੂਆਣਾ ਸਾਹਿਬ ਪਿੰਡ ਜੱਸੋਮਜਾਰਾ ਵਿਖੇ ਹੋਏ ਦਸਤਾਰ  ਮੁਕਾਬਲਿਆਂ ਵਿਚ ਅੱਵਲ ਪੁਜ਼ੀਸ਼ਨਾਂ ਹਾਸਲ ਕਰਕੇ 6 ਇਨਾਮ ਜਿੱਤਣ ਦਾ ਸਮਾਚਾਰ ਹੈ । ਇਨਾਂ ਜੇਤੂ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਸਕੂਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ  ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਆਪਣੇ ਕਰ ਕਮਲਾਂ ਨਾਲ ਅੱਜ ਟਰੱਸਟ ਦਫਤਰ ਢਾਹਾਂ ਕਲੇਰਾਂ ਵਿਖੇ ਕੀਤਾ । ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਨੇ ਕਿਹਾ ਕਿ ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਵੱਲੋਂ ਆਪਣੀ ਸ਼ਾਨਦਾਰ ਰਵਾਇਤ ਨੂੰ ਕਾਇਮ ਰੱਖਦੇ ਹੋਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਗੁ: ਸੰਗੂਆਣਾ ਸਾਹਿਬ ਪਿੰਡ ਜੱਸੋਮਜਾਰਾ ਵਿਖੇ ਹੋਏ ਦਸਤਾਰ ਮੁਕਾਬਲੇ ਵਿਚ ਅੱਵਲ ਪੁਜ਼ੀਸ਼ਨਾਂ ਹਾਸਲ ਕਰ ਕੇ ਆਪਣਾ, ਆਪਣੇ ਮਾਪਿਆਂ ਦਾ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ । ਸ. ਢਾਹਾਂ ਨੇ ਸਮੂਹ ਜੇਤੂ ਵਿਦਿਆਰਥੀਆਂ ਨੂੰ ਹਾਰਦਿਕ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ । ਉਨ੍ਹਾਂ ਨੇ ਇਸ ਮਾਣਮੱਤੀ ਕਾਮਯਾਬੀ ਲਈ ਸਕੂਲ ਦੇ ਸਿੱਖਿਆ ਡਾਇਰੈਕਟਰ, ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਦੀ ਵੀ ਸ਼ਲਾਘਾ ਕੀਤੀ ।
     ਇਸ ਮੌਕੇ ਸਕੂਲ ਪ੍ਰਿੰਸੀਪਲ ਵਨੀਤਾ ਚੋਟ ਨੇ ਦੱਸਿਆ ਕਿ ਇਸ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਵਿਚ 6ਵੀਂ ਜਮਾਤ ਤੋਂ 8ਵੀਂ ਜਮਾਤ ਦੇ ਪਹਿਲੇ ਗਰੁੱਪ ਵਿਚੋਂ ਪਹਿਲਾ ਸਥਾਨ ਅਮਨਪ੍ਰੀਤ ਸਿੰਘ ਬਾਂਸਲ ਪੁੱਤਰ ਸ.ਵਰਿੰਦਰ ਸਿੰਘ ਬਾਂਸਲ ਨੇ ਪ੍ਰਾਪਤ ਕੀਤਾ ਅਤੇ ਦੂਜਾ ਸਥਾਨ ਅਭਜੋਤ ਸਿੰਘ ਪੁੱਤਰ ਸ. ਸੁਰਜੀਤ ਸਿੰਘ ਕਲੇਰਾਂ ਨੇ ਹਾਸਲ ਕੀਤਾ । ਜਦੋਂ ਕਿ 9ਵੀ ਜਮਾਤ ਤੋਂ 10+2 ਤੱਕ ਦੇ ਦੂਸਰੇ ਗਰੁੱਪ ਵਿਚ ਨਵਦੀਪ ਸਿੰਘ ਬੈਂਸ ਪੁੱਤਰ ਸ.ਮੱਖਣ ਸਿੰਘ ਬੈਂਸ ਨੇ ਦੂਜਾ ਸਥਾਨ ਅਤੇ ਅਮਰਿੰਦਰ ਸਿੰਘ ਪੁੱਤਰ ਸ. ਹਰਜੀਤ ਸਿੰਘ ਲਾਦੀਆਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਇਸ ਮੌਕੇ ਦੁਮਾਲਾ ਸਜਾਉਣ ਦੇ ਹੋਏ ਮੁਕਾਬਲੇ ਵਿਚ ਪਹਿਲੇ ਗਰੁੱਪ ਵਿਚੋਂ ਸਕੂਲ ਦੀ ਵਿਦਿਆਰਥਣ ਗੁਰਸਿਮਰਨ ਕੌਰ ਪੁੱਤਰੀ ਸੰਦੀਪ ਸਿੰਘ ਨੇ ਦੂਜਾ ਸਥਾਨ ਅਤੇ ਦੂਸਰੇ ਗਰੁੱਪ ਵਿਚ ਹਰਸ਼ਦੀਪ ਕੌਰ ਪੁੱਤਰ ਬਾਬਾ ਦਲਜੀਤ ਸਿੰਘ ਕਰੀਹਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ, ਦਸਤਾਰਾਂ ਅਤੇ ਯਾਦਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।  ਵਿਦਿਆਰਥੀਆਂ ਦਾ ਸਨਮਾਨ ਕਰਨ ਮੌਕੇ ਪ੍ਰੌ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਿੱਖਿਆ, ਭਾਈ ਜੋਗਾ ਸਿੰਘ ਧਾਰਮਿਕ ਅਤੇ ਸੰਗੀਤ ਅਧਿਆਪਕ, ਮੈਡਮ ਬਲਜੀਤ ਕੌਰ ਭੋਗਲ ਅਤੇ ਸ. ਮਨਜਿੰਦਰ ਸਿੰਘ ਸੰਗੀਤ ਅਧਿਆਪਕ  ਵੀ ਹਾਜ਼ਰ ਸਨ ।
ਤਸਵੀਰ :   ਦਸਤਾਰ ਮੁਕਾਬਲੇ ਦੇ ਜੇਤੂ ਵਿਦਿਆਰਥੀ ਸਨਮਾਨ ਉਪਰੰਤ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਨਾਲ ਯਾਦਗਾਰੀ ਤਸਵੀਰ  

Friday, 30 January 2026

ਗੁਰਦੁਆਰਾ ਗੁਰੂ ਨਾਨਕ ਦਰਬਾਰ ਕੈਂਨਸਸ ਸਿਟੀ ਦੇ ਪ੍ਰਧਾਨ ਸ. ਅਮਰਜੀਤ ਸਿੰਘ ਦਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਨਮਾਨ

ਗੁਰਦੁਆਰਾ ਗੁਰੂ ਨਾਨਕ ਦਰਬਾਰ ਕੈਂਨਸਸ ਸਿਟੀ ਦੇ ਪ੍ਰਧਾਨ ਸ. ਅਮਰਜੀਤ ਸਿੰਘ ਦਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਨਮਾਨ
ਬੰਗਾ 30 ਜਨਵਰੀ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਅੱਜ ਵਿਸ਼ੇਸ਼ ਤੌਰ 'ਤੇ ਪੁੱਜੇ  ਗੁਰਦੁਆਰਾ ਗੁਰੂ ਨਾਨਕ ਦਰਬਾਰ ਓਲਾਥ, ਕੈਂਨਸਸ  ਸਿਟੀ ਅਮਰੀਕਾ ਦੇ ਪ੍ਰਧਾਨ ਸ. ਅਮਰਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਸਨਮਾਨ ਦੀ ਇਹ ਰਸਮ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਅਦਾ ਕੀਤੀ । ਇਸ ਮੌਕੇ ਸ.ਕੁਲਵਿੰਦਰ ਸਿੰਘ ਢਾਹਾਂ ਨੇ ਸ. ਅਮਰਜੀਤ ਸਿੰਘ ਪ੍ਰਧਾਨ ਸਾਹਿਬ ਨੂੰ ਨਿੱਘਾ ਜੀ ਆਇਆਂ ਕਿਹਾ ਅਤੇ ਢਾਹਾਂ ਕਲੇਰਾਂ ਵਿਖੇ ਚੱਲਦੀਆਂ ਸੰਸਥਾਵਾਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਤੇ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਦੇ ਬਾਰੇ ਜਾਣਕਾਰੀ ਦਿੱਤੀ । ਉਹਨਾਂ ਨੇ ਇਸ ਮੌਕੇ ਸ. ਅਮਰਜੀਤ ਸਿੰਘ ਪ੍ਰਧਾਨ ਅਤੇ ਉਹਨਾਂ ਦੇ ਮਿੱਤਰ ਸ. ਸਤਨਾਮ ਸਿੰਘ ਨੌਰਾ ਕੈਨੇਡਾ ਦਾ ਸਨਮਾਨ ਵੀ ਕੀਤਾ ।  ਸ. ਅਮਰਜੀਤ ਸਿੰਘ ਪ੍ਰਧਾਨ ਗੁਰਦੁਆਰਾ ਗੁਰੂ ਨਾਨਕ ਦਰਬਾਰ  ਓਲਾਥ 
ਕੈਂਨਸਸ  ਸਿਟੀ  ਨੇ ਇਸ ਸਨਮਾਨ ਲਈ ਧੰਨਵਾਦ ਕੀਤਾ ਅਤੇ  ਢਾਹਾਂ ਕਲੇਰਾਂ ਵਿਖੇ ਚੱਲਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਅਤੇ ਵਿਦਿਅਕ ਸੰਥਵਾਵਾਂ ਵੱਲੋਂ ਇਲਾਕੇ ਭਰ ਵਿਚ ਦਿੱਤੀਆਂ ਜਾ ਰਹੀਆਂ ਮਿਆਰੀ ਮੈਡੀਕਲ ਅਤੇ ਸਿੱਖਿਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਤੇ ਇਹਨਾਂ ਸੇਵਾਵਾਂ ਵਿਚ ਯੋਗਦਾਨ ਪਾਉਣ ਦਾ ਭਰੋਸਾ ਦਵਾਇਆ ।  ਇਸ ਮੌਕੇ ਟਰੱਸਟ ਦੇ ਮੀਤ ਸਕੱਤਰ ਜਗਜੀਤ ਸਿੰਘ ਸੋਢੀ, ਸ ਦਵਿੰਦਰ ਸਿੰਘ ਢਿੱਲੋਂ ਅਮਰੀਕਾ, ਸ. ਸਤਵਿੰਦਰ ਸਿੰਘ ਰਾਜੂ ਨੌਰਾ, ਸ. ਚਰਨਜੀਤ ਸਿੰਘ ਯੂ ਕੇ ਅਤੇ ਸ. ਮਹਿੰਦਰਪਾਲ ਸਿੰਘ ਸੁਪਰਡੈਂਟ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ :   ਸ. ਅਮਰਜੀਤ ਸਿੰਘ ਪ੍ਰਧਾਨ ਗੁਰਦੁਆਰਾ ਗੁਰੂ ਨਾਨਕ ਦਰਬਾਰ ਅਤੇ ਸ. ਸਤਨਾਮ ਸਿੰਘ ਨੌਰਾ ਦਾ ਢਾਹਾਂ ਕਲੇਰਾਂ ਵਿਖੇ ਸਨਮਾਨ ਕਰਦੇ ਹੋਏ ਸ.ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਅਤੇ ਸ. ਜਗਜੀਤ ਸਿੰਘ ਸੋਢੀ ਮੀਤ ਸਕੱਤਰ

Wednesday, 28 January 2026

*ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਚਾਈਨਾ ਡੋਰ ਨਾਲ ਗੰਭੀਰ ਜ਼ਖਮੀ ਨੌਜਵਾਨ ਦੀ ਜਾਨ ਬਚਾਈ ਗਈ*

-ਚਾਈਨਾ ਡੋਰ ਦਾ ਕਹਿਰ-  
*ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਚਾਈਨਾ ਡੋਰ ਨਾਲ ਗੰਭੀਰ ਜ਼ਖਮੀ ਨੌਜਵਾਨ ਦੀ ਜਾਨ ਬਚਾਈ  ਗਈ*

ਬੰਗਾ  28 ਜਨਵਰੀ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਖਤਰਨਾਕ ਧਾਰਦਾਰ ਚਾਈਨਾ ਡੋਰ ਕਰਕੇ ਗੰਭੀਰ ਜ਼ਖਮੀ ਨੌਜਵਾਨ ਲਖਵੀਰ ਸਿੰਘ ਪਿੰਡ ਬਹਾਦਰਪੁਰ ਬਾਹੀਆ ਦਾ ਮਿਆਰੀ ਇਲਾਜ ਕਰਕੇ  ਨਿਊਰੋਸਰਜਨ ਡਾ ਜਸਦੀਪ ਸਿੰਘ ਸੈਣੀ ਵੱਲੋਂ ਜਾਨ ਬਚਾਏ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਨੌਜਵਾਨ ਆਪਣੇ ਨਾਨਕਾ ਪਿੰਡ ਤੋਂ ਮੋਟਰਸਾਈਕਲ ਤੇ ਆ ਰਿਹਾ ਸੀ ਕਿ ਚਾਈਨਾ ਡੋਰ ਦੀ ਲਪੇਟ ਵਿੱਚ ਆ ਗਿਆ । ਜੋ ਇੰਨੀ ਤਿੱਖੀ ਸੀ ਕਿ ਨੌਜਵਾਨ ਦੇ ਮੱਥੇ ਤੋਂ ਲੈ ਕੇ ਕੰਨਾਂ ਤੱਕ, ਹੱਥ- ਮੂੰਹ ਅਤੇ ਗਲਾ ਉਸ ਦੀ ਚਪੇਟ ਵਿਚ ਆ ਜਾਣ ਕਾਰਨ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਦੇ ਡਿੱਗ ਜਾਣ ਕਰਕੇ ਸਿਰ ਤੇ ਵੀ ਸੱਟ ਲੱਗੀ । ਨੌਜਵਾਨ ਨੂੰ ਤੁਰੰਤ ਹਸਪਤਾਲ ਢਾਹਾਂ ਕਲੇਰਾਂ ਵਿਖੇ ਐਮਰਜੈਂਸੀ ਵਿਭਾਗ ਵਿਚ ਇਲਾਜ ਲਈ ਲਿਆਂਦਾ ਗਿਆ ।  ਜਿੱਥੇ  ਡਾ. ਜਸਦੀਪ ਸਿੰਘ ਸੈਣੀ ਦੀ ਅਗਵਾਈ ਹੇਠ ਨਾਜ਼ੁਕ ਹਾਲਤ ਵਾਲੇ ਇਸ ਮਰੀਜ਼ ਦੇ 15 ਤੋਂ ਵੱਧ ਟਾਂਕੇ ਲਗਾਏ ਗਏ ਅਤੇ ਜ਼ਿਆਦਾ ਖੂਨ ਵਗਣ ਕਰਕੇ ਮਰੀਜ਼ ਦਾ ਬੀ.ਪੀ. ਰਿਕਾਰਡ ਵਿਚ ਨਹੀ ਆ ਰਿਹਾ ਸੀ ਅਤੇ ਇਸ ਮੌਕੇ ਉਸ ਨੂੰ ਦੋ ਯੂਨਿਟ ਖੂਨ ਵੀ ਚਾੜ੍ਹਿਆ ਗਿਆ । ਡਾ. ਸੈਣੀ ਵੱਲੋਂ ਮਰੀਜ਼ ਨੂੰ ਆਈ.ਸੀ.ਯੂ. ਵਿਚ ਤਿੰਨ ਦਿਨ ਵੈਂਟੀਲੇਟਰ ਦੀ ਮਦਦ ਨਾਲ ਕੀਤੇ ਮਿਆਰੀ ਇਲਾਜ ਉਪਰੰਤ ਲਖਵੀਰ ਸਿੰਘ ਹੋਸ਼ ਵਿਚ ਆਇਆ ।  ਹੁਣ ਮਰੀਜ਼ ਤੰਦਰੁਸਤ ਹੈ ਅਤੇ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ । ਇਸ ਮੌਕੇ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਪਤੰਗ ਉਡਾਉਣ ਦੇ ਸ਼ੌਕੀਨਾਂ,  ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਚਾਈਨਾਂ ਡੋਰ ਨਾ ਵਰਤਨ ਦੀ ਅਪੀਲ ਕੀਤੀ । ਉਹਨਾਂ ਕਿਹਾ ਕਿ ਮੌਜੂਦਾ ਸਮੇਂ ਇਹ ਚਾਈਨਾ ਡੋਰ ਲੋਕਾਂ ਲਈ ਖੂਨੀ ਡੋਰ ਸਾਬਿਤ ਹੋ ਰਹੀ ਹੈ, ਇਸ ਦੀ ਵਰਤੋਂ ਕਰਕੇ ਆਮ ਲੋਕਾਈ ਦੀ ਜਾਨ ਖਤਰੇ ਵਿਚ ਨਾ ਪਾਈ ਜਾਵੇ । ਉਹਨਾਂ ਨੇ ਪ੍ਰਸ਼ਾਸ਼ਨ ਤੋਂ ਚਾਈਨਾ ਡੋਰ ਵੇਚਣ ਤੇ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ । ਲਖਵੀਰ ਸਿੰਘ ਦੇ ਭਰਾ ਪਰਮਜੀਤ ਸਿੰਘ ਨੇ ਡਾ ਜਸਦੀਪ ਸਿੰਘ ਸੈਣੀ ਅਤੇ ਹਸਪਤਾਲ ਪ੍ਰਬੰਧਕਾਂ ਦਾ ਉਹਨਾਂ ਦੇ ਚਚੇਰੇ ਭਰਾ ਦਾ ਵਧੀਆ ਇਲਾਜ ਕਰਨ ਲਈ ਧੰਨਵਾਦ ਕੀਤਾ । ਇਸ ਮੌਕੇ ਮੈਡਮ ਬਲਜੀਤ ਕੌਰ ਇੰਚਾਰਜ ਸਰਜਰੀ ਵਾਰਡ  ਅਤੇ ਨਰਸਿੰਗ ਅਫਸਰ ਅਮਨਦੀਪ ਕੌਰ ਵੀ ਹਾਜ਼ਰ ਸਨ ।
ਤਸਵੀਰ : ਹਸਪਤਾਲ ਵਿਖੇ ਨੌਜਵਾਨ ਲਖਵੀਰ ਸਿੰਘ ਨਾਲ ਖੁਸ਼ੀ ਭਰੇ ਮਾਹੌਲ ਵਿਚ ਡਾ ਜਸਦੀਪ ਸਿੰਘ ਸੈਣੀ,  ਹਸਪਤਾਲ ਸਟਾਫ ਅਤੇ ਪਰਵਾਰਿਕ ਮੈਂਬਰ 

Saturday, 24 January 2026

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਜਸਦੀਪ ਸਿੰਘ ਸੈਣੀ ਵੱਲੋਂ ਰੀੜ੍ਹ ਦੀ ਹੱਡੀ ਦੇ ਮਣਕੇ ਦਾ ਸਫਲ ਅਪਰੇਸ਼ਨ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਜਸਦੀਪ ਸਿੰਘ ਸੈਣੀ ਵੱਲੋਂ ਰੀੜ੍ਹ ਦੀ ਹੱਡੀ ਦੇ ਮਣਕੇ ਦਾ ਸਫਲ ਅਪਰੇਸ਼ਨ
ਬੰਗਾ 24 ਜਨਵਰੀ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਨਿਊਰੋ ਸਰਜਨ ਡਾ. ਜਸਦੀਪ ਸਿੰਘ ਸੈਣੀ ਐਮ.ਸੀ.ਐਚ. ਨੇ 14 ਸਾਲ ਦੀ ਲੜਕੀ ਦੀ ਰੀੜ੍ਹ ਦੀ ਹੱਡੀ ਦੇ ਮਣਕੇ ਦਾ ਸਫਲ ਅਪਰੇਸ਼ਨ ਕੀਤਾ ਹੈ । ਇਸ ਵਿਸ਼ੇਸ਼ ਪ੍ਰਕਾਰ ਦੇ ਸਫਲ ਅਪਰੇਸ਼ਨ ਬਾਰੇ ਜਾਣਕਾਰੀ ਦਿੰਦੇ ਡਾਕਟਰ ਜਸਦੀਪ ਸਿੰਘ ਸੈਣੀ ਨੇ ਦੱਸਿਆ ਕਿ 14 ਸਾਲ ਦੀ ਲੜਕੀ ਡਿੰਪਲ ਨੂੰ ਉਸ ਦੇ ਮਾਪਿਆਂ ਵੱਲੋਂ ਰੀੜ੍ਹ ਦੀ ਹੱਡੀ ਦੀ ਦਰਦ ਦੀ ਤਕਲੀਫ ਕਰਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਲਾਜ ਲਈ ਲਿਆਂਦਾ ਸੀ । ਡਾ. ਸੈਣੀ ਨੇ ਮਰੀਜ਼ ਦੀ ਜਦੋਂ ਜਾਂਚ ਕੀਤੀ ਤਾਂ ਰੀੜ੍ਹ ਦੀ ਹੱਡੀ ਵਿਚ ਤਕਲੀਫ ਹੋਣ ਦਾ ਮੁੱਖ ਕਾਰਨ ਸਾਹਮਣੇ ਆਇਆ । ਇਸ ਲਈ ਕੀਤੇ ਵਿਸ਼ੇਸ਼ ਟੈਸਟਾਂ ਅਤੇ ਜਾਂਚ ਵਿਚ ਪਤਾ ਲੱਗਾ ਕਿ ਮਰੀਜ਼  ਦੀ ਰੀੜ੍ਹ ਦੀ ਹੱਡੀ ਦੇ ਮਣਕੇ ਦੇ ਗਲ਼ ਜਾਣ ਕਰਕੇ ਇਹ ਮੁਸ਼ਕਲ ਆ ਰਹੀ ਸੀ । ਰੀੜ੍ਹ ਦੀ ਹੱਡੀ ਦਾ ਮਣਕਾ ਖਰਾਬ ਹੋਣ ਅਤੇ ਉਸ ਵਿਚ ਪਸ ਭਰ ਜਾਣ ਕਰਕੇ ਮਰੀਜ਼ ਦੇ ਸਰੀਰ ਲਈ ਜਾਨ ਲੇਵਾ ਬਣ ਰਿਹਾ ਸੀ । ਡਾ. ਜਸਦੀਪ ਸਿੰਘ ਸੈਣੀ ਨੇ  ਮਰੀਜ਼ ਦੀ ਰੀੜ੍ਹ ਦੀ ਹੱਡੀ ਦੇ ਉਸ ਖਰਾਬ ਹੋ ਰਹੇ ਮਣਕੇ ਦਾ ਅਪਰੇਸ਼ਨ ਕਰਕੇ ਸਫਲ ਇਲਾਜ ਕੀਤਾ ਅਤੇ ਨਾਲ ਹੀ ਹਸਪਤਾਲ ਦੇ ਜਰਨਲ ਤੇ ਲੈਪਰੋਸਕੋਪਿਕ ਸਰਜਨ ਡਾ ਮਾਨਵਦੀਪ ਸਿੰਘ ਬੈਂਸ ਨੇ ਮਣਕੇ ਦੇ ਦੁਆਲੇ ਬਣ ਰਹੀ ਪੱਸ ਨੂੰ ਸਰੀਰ ਵਿਚ ਅਪਰੇਸ਼ਨ ਨਾਲ ਬਾਹਰ ਕੱਢਿਆ । ਡਾ. ਸੈਣੀ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਇੱਕ ਮਲਟੀਸਪੈਸ਼ਲਿਸਟੀ ਹਸਪਤਾਲ ਹੋਣ ਕਰਕੇ ਸਰੀਰ ਦੀਆਂ ਬਿਮਾਰੀਆਂ ਦੇ ਮਾਹਿਰ ਵੱਖ-ਵੱਖ ਡਾਕਟਰ ਸਾਹਿਬਾਨ ਦੇ ਸਹਿਯੋਗ ਨਾਲ ਮਰੀਜ਼ਾਂ ਦਾ ਸਫਲ ਇਲਾਜ ਕੀਤਾ ਜਾ ਰਿਹਾ ਹੈ । ਉਹਨਾਂ ਦੱਸਿਆ ਕਿ ਹਸਪਤਾਲ ਵਿਖੇ ਰੀੜ੍ਹ ਦੀ ਹੱਡੀ ਦੇ ਮਰੀਜ਼ਾਂ ਦੇ ਅਪਰੇਸ਼ਨ ਕਰਨ ਲਈ ਆਧੁਨਿਕ ਯੰਤਰਾਂ ਨਾਲ ਲੈਸ ਵਿਸ਼ੇਸ਼ ਅਪਰੇਸ਼ਨ ਥੀਏਟਰ ਅਤੇ ਰਹਿਣ ਲਈ ਐਚ ਡੀ ਯੂ ਵਾਰਡ ਤੇ ਪ੍ਰਾਈਵੇਟ ਡੀਲਕਸ ਰੂਮ ਹਨ । ਰੀੜ੍ਹ ਦੀ ਹੱਡੀ ਦੀਆਂ ਬਿਮਾਰੀਆਂ ਤੋਂ ਪੀੜ੍ਹਤ ਮਰੀਜ਼ ਬਿਨਾਂ ਕਿਸੇ ਝਿਜਕ-ਡਰ ਦੇ  ਹਸਪਤਾਲ ਢਾਹਾਂ ਕਲੇਰਾਂ ਵਿਖੇ ਆਪਣਾ ਇਲਾਜ ਕਰਵਾ ਸਕਦੇ ਹਨ । ਇਸ ਮੌਕੇ ਤੰਦਰੁਸਤ ਮਰੀਜ਼ ਦੇ ਪਿਤਾ ਸ੍ਰੀ ਸੰਦੀਪ ਕੁਮਾਰ ਅਤੇ ਮਾਤਾ ਸ੍ਰੀਮਤੀ ਹਰਵਿੰਦਰ ਰਾਣੀ ਨੇ ਡਾ ਜਸਦੀਪ ਸਿੰਘ ਸੈਣੀ ਐਮ ਸੀ ਐਚ (ਨਿਊਰੋ ਸਰਜਰੀ) ਅਤੇ ਉਹਨਾਂ ਦੇ ਸਹਿਯੋਗੀ ਡਾ. ਮਾਨਵਦੀਪ ਸਿੰਘ ਬੈਂਸ ਦਾ  ਸ਼ਾਨਦਾਰ ਸਫਲ ਅਪਰੇਸ਼ਨ ਕਰਕੇ ਉਹਨਾਂ ਦੀ ਬੇਟੀ ਨੂੰ ਤੰਦਰੁਸਤ ਕਰਨ ਲਈ ਹਾਰਦਿਕ ਧੰਨਵਾਦ ਕੀਤਾ, ਜਿਸ ਕਰਕੇ ਉਸ ਨੂੰ ਨਵਾਂ ਜੀਵਨ ਮਿਲਿਆ । ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਸ਼ਾਨਦਾਰ ਅਪਰੇਸ਼ਨ ਕਰਨ ਲਈ ਡਾ. ਜਸਦੀਪ ਸਿੰਘ ਸੈਣੀ ਅਤੇ ਡਾ. ਮਾਨਵਦੀਪ ਸਿੰਘ ਬੈਂਸ ਨੂੰ ਵਧਾਈ ਦਿੱਤੀ । ਮੀਡੀਆ ਨੂੰ ਇਸ ਵਿਸ਼ੇਸ਼ ਅਪਰੇਸ਼ਨ ਦੀ ਜਾਣਕਾਰੀ ਦੇਣ ਮੌਕੇ ਮਰੀਜ਼ ਦੇ ਮਾਤਾ ਜੀ ਅਤੇ ਪਿਤਾ ਜੀ ਵੀ ਹਾਜ਼ਰ ਸੀ  ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਜਸਦੀਪ ਸਿੰਘ ਸੈਣੀ ਅਤੇ ਡਾ. ਮਾਨਵਦੀਪ ਸਿੰਘ ਬੈਂਸ  ਤੰਦਰੁਸਤ ਮਰੀਜ਼  ਅਤੇ ਉਸਦੇ ਮਾਪਿਆਂ ਨਾਲ ਖੁਸ਼ੀ ਭਰੇ ਮਾਹੌਲ ਵਿਚ

Friday, 16 January 2026

ਗੁਰੁ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ 40ਵੀਂ ਵਰ੍ਹੇਗੰਢ ਦੀ ਖੁਸ਼ੀ ਵਿਚ ਸ਼ੈਸ਼ਨ 2026-27 ਲਈ ਪ੍ਰੀ ਨਰਸਰੀ ਤੇ ਨਰਸਰੀ ਕਲਾਸਾਂ ਦੀਆਂ ਦਾਖਲਾ ਫੀਸਾਂ ਵਿਚ ਭਾਰੀ ਰਿਆਇਤ : ਕੁਲਵਿੰਦਰ ਸਿੰਘ ਢਾਹਾਂ

ਗੁਰੁ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ  ਦੀ 40ਵੀਂ ਵਰ੍ਹੇਗੰਢ ਦੀ ਖੁਸ਼ੀ ਵਿਚ
ਸ਼ੈਸ਼ਨ 2026-27 ਲਈ ਪ੍ਰੀ ਨਰਸਰੀ ਤੇ ਨਰਸਰੀ ਕਲਾਸਾਂ ਦੀਆਂ ਦਾਖਲਾ ਫੀਸਾਂ ਵਿਚ ਭਾਰੀ ਰਿਆਇਤ : ਕੁਲਵਿੰਦਰ ਸਿੰਘ ਢਾਹਾਂ

ਬੰਗਾ 16 ਜਨਵਰੀ () ਪੇਂਡੂ ਇਲਾਕੇ ਵਿਚ ਸੀ.ਬੀ.ਐਸ.ਈ ਤੋਂ ਮਾਨਤਾ ਪ੍ਰਾਪਤ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਸ਼ੈਸ਼ਨ 2026-27 ਲਈ ਦਾਖਲਾ ਅੱਜ ਤੋਂ ਸ਼ੁਰੂ ਹੋ ਗਿਆ ਹੈ ਅਤੇ ਇਸ ਅਕਾਦਮਿਕ ਵਰ੍ਹੇ ਲਈ ਸਾਲ ਸਕੂਲ ਦੇ 40 ਸਾਲਾ ਸਥਾਪਨਾ ਦਿਵਸ ਦੀ ਖੁਸ਼ੀ ਵਿਚ ਪ੍ਰੀ ਨਰਸਰੀ ਅਤੇ ਨਰਸਰੀ ਕਲਾਸਾਂ ਵਿੱਚ ਦਾਖਲਾ ਫੀਸਾਂ ਵਿਚ ਭਾਰੀ ਰਿਆਇਤ ਦਿੱਤੀ ਜਾ ਰਹੀ ਹੈ।  ਇਹ ਜਾਣਕਾਰੀ ਸਕੂਲ ਪ੍ਰਬੰਧਕ ਗੁਰੂ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਮੀਡੀਆ ਨੂੰ ਦਿੱਤੀ । ਉਹਨਾਂ ਦੱਸਿਆ ਕਿ ਸਕੂਲ ਦੀ ਸਥਾਪਨਾ ਦੇ 40ਵੀਂ ਵਰ੍ਹੇਗੰਢ ਦੀ ਖੁਸ਼ੀ ਵਿਚ ਸਕੂਲ ਵਿਖੇ ਪ੍ਰੀ-ਨਰਸਰੀ ਦੇ ਪਹਿਲੇ 40 ਬੱਚਿਆਂ ਅਤੇ ਨਰਸਰੀ ਜਮਾਤ ਦੇ ਪਹਿਲੇ 40 ਬੱਚਿਆਂ ਦੇ ਦਾਖਲੇ ਸਿਰਫ 100 ਰੁਪਏ ਫੀਸ ਨਾਲ ਕੀਤੇ ਜਾਣਗੇ। ਜਦ ਕਿ ਅਗਲੇ 40 ਬੱਚਿਆਂ ਲਈ ਪ੍ਰੀ ਨਰਸਰੀ ਅਤੇ ਨਰਸਰੀ ਜਮਾਤ ਵਿਚ ਦਾਖਲਾ ਲੈਣ ਵਾਲੇ ਬੱਚਿਆਂ ਨੂੰ ਦਾਖਲਾ ਫੀਸ ਵਿਚ 50 ਫੀਸਦੀ ਵਿਸ਼ੇਸ਼ ਛੋਟ ਪ੍ਰਦਾਨ ਕੀਤੀ ਜਾਵੇਗੀ ।  ਸ. ਢਾਹਾਂ ਨੇ ਦੱਸਿਆ ਕਿ ਟਰੱਸਟ ਵੱਲੋਂ ਇਹ ਸਕੂਲ ਪੇਂਡੂ ਇਲਾਕੇ ਵਿਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਥਾਪਿਤ ਕੀਤਾ ਗਿਆ ਸੀ । ਸਕੂਲ ਵਿਚ ਪ੍ਰੀ-ਨਰਸਰੀ ਤੋਂ ਲੈ ਕੇ 10+2 ਕਲਾਸਾਂ (ਮੈਡੀਕਲ, ਨਾਨ ਮੈਡੀਕਲ, ਕਾਮਰਸ ਅਤੇ ਆਰਟਸ ਵਿਸ਼ੇ) ਤੱਕ ਦੀ ਪੜ੍ਹਾਈ ਕਰਵਾਈ ਜਾਂਦੀ ਹੈ ਅਤੇ 140 ਪਿੰਡਾਂ ਦੇ 1600 ਤੋਂ ਵਧੇਰੇ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ । ਢਾਹਾਂ ਕਲੇਰਾਂ ਸਕੂਲ ਤੋਂ ਹਜ਼ਾਰਾਂ ਬੱਚੇ ਵਿਦਿਆ ਪ੍ਰਾਪਤ ਕਰਕੇ ਦੇਸ-ਦੁਨੀਆ ਵਿਚ ਉੱਚ ਅਹੁਦਿਆਂ ਤੇ ਕੰਮ ਕਰਦੇ ਹੋਏ ਆਪਣਾ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕਰ ਰਹੇ ਹਨ । ਇਸ ਮੌਕੇ ਸਿੱਖਿਆ ਡਾਇਰੈਕਟਰ ਪ੍ਰੌ: ਹਰਬੰਸ ਸਿੰਘ ਬੋਲੀਨਾ, ਪ੍ਰਿੰਸੀਪਲ ਸ੍ਰੀਮਤੀ ਵਨੀਤਾ ਚੋਟ  ਅਤੇ ਸ੍ਰੀ ਰਮਨ ਕੁਮਾਰ ਵਾਈਸ ਪ੍ਰਿੰਸੀਪਲ ਵੀ ਹਾਜ਼ਰ ਸਨ। ਵਰਨਣਯੋਗ ਹੈ ਕਿ ਪ੍ਰਸਿੱਧ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਅਤੇ ਅਮਰੀਕਾ ਵਿਚ ਪ੍ਰਸਿੱਧ ਡਾ.ਸਵਿਤਾ ਮੱਲ (ਪੂਰੇ ਪੰਜਾਬ ਵਿਚੋਂ ਦਸਵੀ ਕਲਾਸ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ) ਅਤੇ ਕੈਂਸਰ ਸਪੈਸ਼ਲਿਸਟ ਡਾ. ਨਵਦੀਪ ਸਿੰਘ ਵੀ ਇਸ ਸਕੂਲ ਦੇ ਵਿਦਿਆਰਥੀ ਰਹੇ ਹਨ ।
ਫੋਟੋ ਕੈਪਸ਼ਨ : ਸ. ਕੁਲਵਿੰਦਰ ਸਿੰਘ ਢਾਹਾਂ  ਪ੍ਰਧਾਨ 

Monday, 12 January 2026

ਸ. ਬਰਜਿੰਦਰ ਸਿੰਘ ਢਾਹਾਂ ਨੂੰ ਗਹਿਰਾ ਸਦਮਾ, ਮਾਤਾ ਜੀ ਕਸ਼ਮੀਰ ਕੌਰ ਢਾਹਾਂ ਦਾ ਦਿਹਾਂਤ

ਸ. ਬਰਜਿੰਦਰ ਸਿੰਘ ਢਾਹਾਂ ਨੂੰ ਗਹਿਰਾ ਸਦਮਾ, ਮਾਤਾ ਜੀ ਕਸ਼ਮੀਰ ਕੌਰ ਢਾਹਾਂ ਦਾ ਦਿਹਾਂਤ
ਵੈਨਕੂਵਰ/ ਬੰਗਾ 12 ਜਨਵਰੀ () ਢਾਹਾਂ ਸਾਹਿਤ ਇਨਾਮ ਦੇ ਸੰਸਥਾਪਕ ਅਤੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਮੀਤ ਪ੍ਰਧਾਨ ਬਰਜਿੰਦਰ ਸਿੰਘ ਢਾਹਾਂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦ ਉਨ੍ਹਾਂ ਦੇ ਮਾਤਾ ਜੀ ਸਰਦਾਰਨੀ ਕਸ਼ਮੀਰ ਕੌਰ ਢਾਹਾਂ ਸੁਪਤਨੀ ਬਾਬਾ ਬੁੱਧ ਸਿੰਘ ਢਾਹਾਂ ਬਾਨੀ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦਾ ਵੈਨਕੂਵਰ (ਕੈਨੇਡਾ) ਵਿਖੇ ਦਿਹਾਂਤ ਹੋ ਗਿਆ । ਬੀਜੀ ਕਸ਼ਮੀਰ ਕੌਰ ਜੀ ਢਾਹਾਂ ਕਲੇਰਾਂ ਵਿਖੇ ਹਸਪਤਾਲ ਅਤੇ ਵਿੱਦਿਅਕ ਸੰਸਥਾਵਾਂ ਦੀ ਕਾਇਮੀ ਵਿਚ ਬਾਬਾ ਬੁੱਧ ਸਿੰਘ ਢਾਹਾਂ ਦੇ ਪ੍ਰਮੁੱਖ ਪ੍ਰੇਰਨਾ ਸਰੋਤ ਅਤੇ ਸਹਿਯੋਗੀ  ਸਨ। ਦਸੰਬਰ 2025 ਵਿਚ ਉਨ੍ਹਾਂ ਦਾ 100ਵਾਂ ਜਨਮ ਪਰਿਵਾਰ ਤੇ ਸ਼ੁਭਚਿੰਤਕਾਂ ਵੱਲੋਂ ਮਨਾਇਆ ਗਿਆ ਸੀ । ਬੀਜੀ ਬਹੁਤ ਨੇਕ ਸੁਭਾਅ ਦੇ ਸਮਾਜ ਸੇਵੀ ਅਤੇ ਧਾਰਮਿਕ ਸ਼ਖਸੀਅਤ  ਸਨ ।
      ਇਸ ਦੁੱਖ ਦੀ ਘੜੀ ਵਿਚ ਬਰਜਿੰਦਰ ਸਿੰਘ ਢਾਹਾਂ ਨਾਲ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ, ਹਰਦੇਵ ਸਿੰਘ ਕਾਹਮਾ, ਸ. ਮਲਕੀਅਤ ਸਿੰਘ ਬਾਹੜੋਵਾਲ, ਜੋਗਿੰਦਰ ਸਿੰਘ ਸਾਧੜਾ, ਅਮਰਜੀਤ ਸਿੰਘ ਕਲੇਰਾਂ, 
ਸੁਰਿੰਦਰਪਾਲ ਸਿੰਘ ਥੰਮਣਵਾਲ,  ਬੀਬੀ ਬਲਵਿੰਦਰ ਕੌਰ ਕਲਸੀ, ਜਗਜੀਤ ਸਿੰਘ ਸੋਢੀ, ਸੀਤਲ ਸਿੰਘ ਸਿੱਧੂ ਯੂ ਕੇ, ਦਰਸ਼ਨ ਸਿੰਘ ਮਾਹਿਲ ਕੈਨੇਡਾ, ਨਰਿੰਦਰ ਸਿੰਘ ਸ਼ੇਰਗਿੱਲ ਕੈਨੇਡਾ, ਜਥੇਦਾਰ ਸਤਨਾਮ ਸਿੰਘ ਲਾਦੀਆਂ, ਦਵਿੰਦਰ ਸਿੰਘ ਢਿੱਲੋਂ ਅਮਰੀਕਾ, ਗੁਰਦੀਪ ਸਿੰਘ ਢਾਹਾਂ, ਬਰਜਿੰਦਰ ਸਿੰਘ ਹੈਪੀ ਕਲੇਰਾਂ, ਪ੍ਰੌਫੈਸਰ ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਿੱਖਿਆ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਮੈਡਮ ਰਮਨਦੀਪ ਕੌਰ  ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਮੈਡਮ ਵਨੀਤਾ ਚੋਟ ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਰਾਜਦੀਪ ਥਿਦਵਾਰ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ, ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਭਾਈ ਜੋਗਾ ਸਿੰਘ ਅਤੇ ਟਰੱਸਟ ਅਧੀਨ ਚੱਲਦੇ ਅਦਾਰਿਆਂ ਦਾ ਸਟਾਫ਼ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਤਸਵੀਰ : ਬੀਜੀ ਕਸ਼ਮੀਰ ਕੌਰ ਢਾਹਾਂ

Friday, 9 January 2026

ਅਡਵਾਂਸ ਗਲੂਕੋਮਾ ਸਰਜਨ ਡਾ. ਸੰਦੀਪ ਸਿੰਘ ਦਿਉਲ ਯੂ. ਕੇ. ਵੱਲੋਂ ਅੱਖਾਂ ਅਪਰੇਸ਼ਨਾਂ ਦਾ ਸਮਾਨ ਅਤੇ ਆਧੁਨਿਕ ਮਸ਼ੀਨ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਭੇਟ

ਅਡਵਾਂਸ ਗਲੂਕੋਮਾ ਸਰਜਨ ਡਾ. ਸੰਦੀਪ ਸਿੰਘ ਦਿਉਲ ਯੂ. ਕੇ. ਵੱਲੋਂ ਅੱਖਾਂ ਅਪਰੇਸ਼ਨਾਂ ਦਾ ਸਮਾਨ ਅਤੇ ਆਧੁਨਿਕ ਮਸ਼ੀਨ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਭੇਟ
ਬੰਗਾ 09 ਜਨਵਰੀ :- () ਯੂ. ਕੇ. ਦੇ ਅਡਵਾਂਸ ਗਲੂਕੋਮਾ ਸਰਜਨ ਅਤੇ ਅੱਖਾਂ ਦੇ ਅਪਰੇਸ਼ਨਾਂ ਦੇ ਮਾਹਿਰ ਡਾ. ਸੰਦੀਪ ਸਿੰਘ ਦਿਉਲ ਐਫ.ਆਰ. ਸੀ. (ਔਪਥੈਲਮੋ), ਐਮ.ਐਸ. ਸੀ., ਪੀ. ਐਚ. ਡੀ. ਵੱਲੋਂ ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਅੱਖਾਂ ਦੇ ਵਿਭਾਗ ਵਿਭਾਗ ਨੂੰ 17 ਲੱਖ ਰੁਪਏ ਕੀਮਤ ਦਾ ਅੱਖਾਂ ਦੇ ਅਪਰੇਸ਼ਨਾਂ ਦਾ ਵਿਸ਼ੇਸ਼ ਸਮਾਨ ਅਤੇ ਆਧੁਨਿਕ ਮਸ਼ੀਨ ਭੇਟ ਕੀਤੀ । ਇਸ ਮੌਕੇ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਡਾ.ਸੰਦੀਪ ਸਿੰਘ ਦਿਉਲ ਦਾ ਅੱਜ ਢਾਹਾਂ ਕਲੇਰਾਂ ਵਿਖੇ ਪੁੱਜਣ 'ਤੇ ਨਿੱਘਾ ਸਵਾਗਤ ਕਰਦੇ ਹੋਏ ਹਸਪਤਾਲ ਦੇ ਅੱਖਾਂ ਦੇ ਵਿਭਾਗ ਲਈ ਕੀਮਤੀ ਅਪਰੇਸ਼ਨਾਂ ਦਾ ਸਮਾਨ ਅਤੇ ਆਧੁਨਿਕ ਮਸ਼ੀਨ ਦਾਨ ਕਰਨ ਲਈ ਧੰਨਵਾਦ ਕੀਤਾ । ਉਹਨਾਂ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਅੱਖਾਂ ਦੇ ਵਿਭਾਗ ਵਿਚ  ਅੱਖਾਂ ਦੇ ਲੋੜਵੰਦ ਮਰੀਜ਼ਾਂ ਲਈ ਚਿੱਟਾ ਮੋਤੀਆ ਮੁਕਤ ਲਹਿਰ ਚਲਾਈ ਜਾ ਰਹੀ ਹੈ ਜਿਸ ਤਹਿਤ ਅੱਖਾਂ ਦੇ ਮਰੀਜ਼ਾਂ ਦੇ ਮੁਫਤ ਅਪਰੇਸ਼ਨ ਕਰਕੇ, ਮੁਫਤ ਲੈਨਜ਼ ਪਾਏ ਜਾਂਦੇ ਹਨ ਅਤੇ ਅਪਰੇਸ਼ਨ ਉਪਰੰਤ ਇੱਕ ਮਹੀਨੇ ਦੀ ਦਵਾਈ ਵੀ ਮੁਫਤ ਪ੍ਰਦਾਨ ਕੀਤੀ ਜਾਂਦੀ ਹੈ । ਉਹਨਾਂ ਨੇ ਡਾ. ਦਿਉਲ ਨੂੰ ਟਰੱਸਟ ਦੇ ਪ੍ਰਬੰਧ ਹੇਠਾਂ ਢਾਹਾਂ ਕਲੇਰਾਂ ਵਿਖੇ ਚੱਲ ਰਹੀਆਂ ਮੈਡੀਕਲ ਅਤੇ ਵਿਦਿਅਕ ਸੰਸਥਾਵਾਂ ਅਤੇ ਲੋਕ ਸੇਵਾ ਹਿੱਤ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਸੇਵਾ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ ।
     ਡਾ. ਸੰਦੀਪ ਸਿੰਘ ਦਿਉਲ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਲੋੜਵੰਦ ਲੋਕਾਂ ਨੂੰ ਵਧੀਆ ਮੈਡੀਕਲ ਸੇਵਾਵਾਂ ਦੇਣ ਦੇ ਨਾਲ ਨਾਲ ਅੱਖਾਂ ਦੇ ਮਰੀਜ਼ਾਂ ਲਈ ਚਲਾਈ ਜਾ ਰਹੀ ਚਿੱਟਾ ਮੋਤੀਆ ਮੁਕਤ ਲਹਿਰ ਤਹਿਤ ਦਿੱਤੀਆਂ ਜਾ ਰਹੀਆਂ ਮਿਆਰੀ ਮੁਫਤ ਮੈਡੀਕਲ ਸੇਵਾਵਾਂ ਦੀ ਭਾਰੀ ਸ਼ਲਾਘਾ ਕੀਤੀ ਅਤੇ ਹਸਪਤਾਲ ਨੂੰ ਭਵਿੱਖ ਵਿਚ ਆਧੁਨਿਕ ਯੰਤਰ ਅਤੇ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ । ਇਸ ਮੌਕੇ ਡਾ. ਸੰਦੀਪ ਸਿੰਘ ਦਿਉਲ  ਦਾ ਸਨਮਾਨ  ਕੀਤਾ ਗਿਆ । ਸਨਮਾਨ ਦੀ ਰਸਮ ਮੌਕੇ ਸ. ਹਰਬੰਤ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ., ਸ ਸਤਵੰਤ ਸਿੰਘ ਸ਼ੇਰਗਿੱਲ ਯੂ ਕੇ, ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਮੈਡਮ ਦਲਜੀਤ ਕੌਰ ਅਪਟਰੋਮੀਟੀਰਸ ਵੀ ਹਾਜ਼ਰ ਸਨ । ਵਰਨਣਯੋਗ ਹੈ ਕਿ  ਡਾ. ਸੰਦੀਪ ਸਿੰਘ ਦਿਉਲ ਨੇ ਆਕਸਫੋਰਡ, ਇੰਗਲੈਂਡ ਅਤੇ ਅਮਰੀਕਾ ਤੋਂ ਡਾਕਟਰੀ ਦੀ ਉੱਚ ਡਿਗਰੀ ਕਰਨ ਉਪਰੰਤ  ਨੌਰਥੈਂਪਟਨਸ਼ਾਇਰ ਯੂ.ਕੇ ਵਿਖੇ ਅਡਵਾਂਸ ਗਲੂਕੋਮਾ (ਕਾਲਾ ਮੋਤੀਆ)  ਅਤੇ ਕੈਟਾਰੈਕਟ (ਚਿੱਟਾ ਮੋਤੀਆ) ਸਰਜਨ ਦੀਆਂ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਹਨ ।
ਫੋਟੋ ਕੈਪਸ਼ਨ :- ਡਾ. ਸੰਦੀਪ ਸਿੰਘ ਦਿਉਲ ਅੱਖਾਂ ਦੇ ਵਿਭਾਗ ਲਈ  ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਨੂੰ ਅੱਖਾਂ ਅਪਰੇਸ਼ਨਾਂ ਦਾ ਸਮਾਨ ਅਤੇ ਆਧੁਨਿਕ ਮਸ਼ੀਨ ਭੇਟ ਕਰਦੇ ਹੋਏ 

Saturday, 3 January 2026

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇੱਕ ਲੱਖ ਰੁਪਏ ਦੇ ਪੈਕਜ ਵਿਚ ਗੋਡਾ ਬਦਲਣ ਦਾ ਇੱਕ ਮਹੀਨੇ ਦਾ ਰਿਆਇਤੀ ਮੈਗਾ ਕੈਂਪ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇੱਕ ਲੱਖ ਰੁਪਏ ਦੇ ਪੈਕਜ ਵਿਚ ਗੋਡਾ ਬਦਲਣ ਦਾ ਇੱਕ ਮਹੀਨੇ ਦਾ ਰਿਆਇਤੀ ਮੈਗਾ ਕੈਂਪ
ਬੰਗਾ 03 ਜਨਵਰੀ () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਲੋਕ ਸੇਵਾ ਹਿੱਤ ਚਲਾਏ ਜਾ ਰਹੇ ਗੁਰੂ ਨਾਨਕ ਮਿਸ਼ਨ  ਹਸਪਤਾਲ ਢਾਹਾਂ ਕਲੇਰਾਂ ਵਿਖੇ ਖਰਾਬ 
ਗੋਡਾ ਬਦਲਣ ਦਾ 01 ਜਨਵਰੀ ਤੋਂ 31 ਜਨਵਰੀ 2026 ਤੱਕ ਚੱਲਣ ਵਾਲਾ ਇੱਕ ਮਹੀਨੇ ਦਾ ਮੈਗਾ ਕੈਂਪ ਆਰੰਭ ਹੋ ਗਿਆ ਹੈ । ਕੈਂਪ ਦੀ ਆਰੰਭਤਾ ਮੌਕੇ 118 ਮਰੀਜ਼ਾਂ ਨੇ ਆਪਣਾ ਚੈੱਕਅੱਪ ਕਰਵਾਇਆ ਅਤੇ  ਗੋਡਾ  ਬਦਲਣ ਸਬੰਧੀ ਡਾਕਟਰ ਸਾਹਿਬ ਨਾਲ ਸਲਾਹ-ਮਸ਼ਵਰਾ ਕੀਤਾ  ।  ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਟਰੱਸਟ ਨੇ ਗੱਲਬਾਤ ਕਰਦੇ ਦੱਸਿਆ ਕਿ ਇਲਾਕੇ ਦੇ ਲੋੜਵੰਦਾਂ ਦੀ ਮਦਦ ਕਰਨ ਹਿੱਤ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਨਵੇਂ ਸਾਲ 2026 ਦੀ ਖੁਸ਼ੀ ਵਿਚ ਹਸਪਤਾਲ ਦੇ ਹੱਡੀਆਂ ਦੇ ਵਿਭਾਗ ਵਿਚ ਇੱਕ ਮਹੀਨੇ ਦਾ ਮੈਗਾ ਕੈਂਪ ਲਗਾਇਆ ਗਿਆ ਹੈ ।  ਹਸਪਤਾਲ ਦੇ ਖਰਾਬ ਗੋਡੇ ਬਦਲਣ ਦੇ ਮਾਹਿਰ ਡਾ. ਪਰਮਿੰਦਰ ਸਿੰਘ ਵਾਰੀਆ ਐਮ. ਐਸ. (ਆਰਥੋ) ਦੀ ਅਗਵਾਈ ਹੇਠ ਇਹ ਮੈਗਾ ਕੈਂਪ 1 ਜਨਵਰੀ 2026 ਤੋਂ ਆਰੰਭ ਕੀਤਾ ਗਿਆ ਹੈ ਜੋ ਕਿ 31 ਜਨਵਰੀ 2026 ਤੱਕ ਲਗਾਤਾਰ ਇੱਕ ਮਹੀਨਾ ਚੱਲੇਗਾ । ਇਸ ਕੈਂਪ ਵਿਚ ਰਜਿਸਟਰ ਹੋਏ ਮਰੀਜ਼ਾਂ ਦਾ ਖਰਾਬ ਗੋਡਾ ਸਿਰਫ ਇੱਕ ਲੱਖ ਰੁਪਏ ਦੇ ਪੈਕਜ ਵਿਚ ਬਦਲੀ ਕੀਤਾ ਜਾਵੇਗਾ ।  ਗੋਡਾ ਬਦਲਣ ਦੇ ਇਸ ਪੈਕਜ ਵਿਚ ਇੰਪੋਰਟਡ ਇੰਪਲਾਂਟ, ਦਵਾਈਆਂ, ਅਪਰੇਸ਼ਨ ਅਤੇ ਹਸਪਤਾਲ ਵਿਖੇ ਦਾਖਲ ਰਹਿਣ ਦਾ ਖਰਚ ਸ਼ਾਮਿਲ ਹੈ । ਉਹਨਾਂ ਨੇ ਇਲਾਕੇ ਦੇ ਗੋਡਿਆਂ  ਦੀਆਂ ਬਿਮਾਰੀਆਂ ਤੋਂ ਪੀੜ੍ਹਤ ਮਰੀਜ਼ਾਂ ਨੂੰ ਇਸ ਵਿਸ਼ੇਸ਼  ਰਿਆਇਤੀ ਦਰਾਂ ਵਾਲੇ ਮੈਗਾ ਕੈਂਪ ਦਾ ਲਾਭ ਲੈਣ ਦੀ ਭਰਵੀਂ ਅਪੀਲ ਕੀਤੀ ਹੈ । ਇਸ ਮੌਕੇ ਡਾ. ਬਲਵਿੰਦਰ ਸਿੰਘ ਡੀ ਐਮ ਐਸ, ਡਾ. ਪਰਮਿੰਦਰ ਸਿੰਘ ਵਾਰੀਆ ਗੋਡੇ ਅਤੇ ਚੂਲੇ ਦੇ ਜੋੜ ਬਦਲਣ ਦੇ ਮਾਹਿਰ, ਸ. ਵਰਿੰਦਰ ਸਿੰਘ ਬਰਾੜ ਐਚ. ਆਰ. ਐਡਮਿਨ, ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇੱਕ ਲੱਖ ਰੁਪਏ ਵਿਚ ਗੋਡਾ ਬਦਲਣ ਦਾ ਰਿਆਇਤੀ ਮੈਗਾ ਕੈਂਪ ਦੀ ਜਾਣਕਾਰੀ ਦੇਣ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ, ਡਾਕਟਰ ਸਾਹਿਬਾਨ ਅਤੇ ਪਤਵੰਤੇ

Thursday, 1 January 2026

*ਢਾਹਾਂ ਕਲੇਰਾਂ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਸਾਲ 2026 ਦੀ ਆਮਦ ਦੀ ਖੁਸ਼ੀ ਵਿਚ ਮਹਾਨ ਗੁਰਮਤਿ ਸਮਾਗਮ*

*ਆਪ ਜੀ ਅਤੇ ਆਪ ਜੀ ਦੇ ਸਮੂਹ ਪਰਿਵਾਰ ਅਤੇ ਅਖਬਾਰ/ਟੀ ਵੀ ਚੈਨਲ ਦੇ ਸਮੂਹ ਸਟਾਫ ਨੂੰ ਨਵੇਂ ਸਾਲ 2026 ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ। ਵੱਲੋਂ:-  ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ*

ਹੈਡਿੰਗ
*ਢਾਹਾਂ ਕਲੇਰਾਂ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਸਾਲ 2026 ਦੀ ਆਮਦ ਦੀ ਖੁਸ਼ੀ ਵਿਚ ਮਹਾਨ ਗੁਰਮਤਿ ਸਮਾਗਮ*


(ਸਬ ਹੈਡਿੰਗ)
*ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਹਸਪਤਾਲ ਢਾਹਾਂ ਕਲੇਰਾਂ ਵਿਖੇ ਇੱਕ ਮਹੀਨੇ ਦੇ ਮੈਗਾ ਕੈਂਪ ਵਿਚ ਖਰਾਬ ਗੋਡਾ ਇੱਕ ਲੱਖ ਰੁਪਏ ਵਿਚ ਬਦਲੀ ਹੋਵੇਗਾ : ਢਾਹਾਂ*  


ਬੰਗਾ 01 ਜਨਵਰੀ ()  ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਐਨ ਆਰ ਆਈਜ਼ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਸਾਲ 2026 ਦੀ ਆਮਦ ਦੀ ਖੁਸ਼ੀ ਵਿਚ ਮਹਾਨ ਗੁਰਮਤਿ ਸਮਾਗਮ  ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕਰਵਾਇਆ ਗਿਆ। ਇਸ ਪਾਵਨ ਮੌਕੇ ਹਸਪਤਾਲ ਢਾਹਾਂ ਕਲੇਰਾਂ ਵਿਖੇ ਖਰਾਬ ਗੋਡਾ ਇੱਕ ਲੱਖ ਵਿਚ ਬਦਲਣ ਦੇ ਇੱਕ ਮਹੀਨਾ ਚੱਲਣ ਵਾਲੇ ਮੈਗਾ ਕੈਂਪ ਦਾ ਐਲਾਨ ਵੀ ਕੀਤਾ ਗਿਆ ।
ਇਸ ਤੋਂ ਪਹਿਲਾਂ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਉਪਰੰਤ ਸਜੇ ਮਹਾਨ ਗੁਰਮਤਿ ਸਮਾਗਮ ਵਿਚ ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਗੁ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਭਾਈ ਗੁਰਪ੍ਰੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਰਾਜਾ ਸਾਹਿਬ ਮਜਾਰਾ ਤੋਂ ਇਲਾਵਾ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਿਦਿਆਰਥੀ ਕੀਰਤਨੀ ਜਥਿਆਂ ਨੇ ਇਲਾਹੀ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ । ਸਮਾਗਮ ਵਿਚ ਪ੍ਰੰਥ ਪ੍ਰਸਿੱਧ ਕਥਾ ਵਾਚਕ ਡਾ. ਸਰਬਜੀਤ ਸਿੰਘ ਰੇਣਕਾ ਲੁਧਿਆਣਾ ਵਾਲਿਆਂ ਨੇ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ  ਜੀ ਦੇ ਜੀਵਨ ਅਤੇ ਫਲਸਫੇ ਬਾਰੇ ਚਾਨਣਾ ਪਾਇਆ । ਇਸ ਮੌਕੇ ਹਰਦੇਵ ਸਿੰਘ ਕਾਹਮਾ ਸਾਬਕਾ ਪ੍ਰਧਾਨ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ  ਸੰਗਤਾਂ ਨੂੰ  ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਨਵੇਂ ਸਾਲ 2026 ਦੀਆਂ ਵਧਾਈਆਂ ਦਿੱਤੀਆਂ ।
         ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਟਰੱਸਟ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਅਤੇ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਲੋਕਾਈ ਨੂੰ ਮਨੁੱਖਤਾ ਦੀ ਭਲਾਈ ਦਾ ਸੰਦੇਸ਼ ਦਿੱਤਾ ਹੈ । ਉਹਨਾਂ ਐਲਾਨ ਕਰਦਿਆਂ ਕਿਹਾ ਕਿ ਇਸ ਲਈ ਇਲਾਕੇ ਦੇ ਲੋੜਵੰਦਾਂ ਦੀ ਮਦਦ ਕਰਨ ਹਿੱਤ ਗੁਰੂ ਜੀ ਦੇ ਪ੍ਰਕਾਸ਼ ਪੁਰਬ ਅਤੇ ਨਵੇਂ ਸਾਲ 2026 ਦੀ ਖੁਸ਼ੀ ਵਿਚ 01 ਜਨਵਰੀ ਤੋਂ 31 ਜਨਵਰੀ 2026 ਤੱਕ ਹਸਪਤਾਲ ਵਿਚ ਲਗਾਏ ਜਾ ਰਹੇ ਮੈਗਾ ਕੈਂਪ ਵਿਚ ਖਰਾਬ ਗੋਡਾ ਸਿਰਫ ਇੱਕ ਲੱਖ ਰੁਪਏ ਦੇ ਪੈਕਜ ਵਿਚ ਬਦਲੀ ਕੀਤਾ ਜਾਵੇਗਾ। ਗੋਡੇ ਬਦਲਣ ਦੇ ਇਸ ਪੈਕਜ ਵਿਚ ਇੰਪੋਰਟਡ ਇੰਪਲਾਂਟ, ਦਵਾਈਆਂ, ਅਪਰੇਸ਼ਨ ਅਤੇ ਹਸਪਤਾਲ ਵਿਖੇ ਦਾਖਲ ਰਹਿਣ ਦਾ ਸਾਰਾ ਖਰਚਾ ਸ਼ਾਮਿਲ ਹੋਵੇਗਾ। ਉਹਨਾਂ ਨੇ ਇਲਾਕਾ ਨਿਵਾਸੀਆਂ ਨੂੰ ਢਾਹਾਂ ਕਲੇਰਾਂ ਵਿਖੇ ਚੱਲ ਰਹੇ ਵੱਖ ਵੱਖ ਮੈਡੀਕਲ ਅਤੇ ਵਿਦਿਅਕ ਅਦਾਰਿਆਂ ਦੀਆਂ ਸੇਵਾਵਾਂ ਦਾ ਲਾਭ ਪ੍ਰਾਪਤ ਕਰਨ ਦੀ ਅਪੀਲ ਵੀ ਕੀਤੀ।  
        ਢਾਹਾਂ ਕਲੇਰਾਂ ਵਿਖੇ ਹੋਏ ਮਹਾਨ ਗੁਰਮਤਿ ਸਮਾਗਮ ਵਿਚ ਹਰਦੇਵ ਸਿੰਘ ਕਾਹਮਾ ਸਾਬਕਾ ਪ੍ਰਧਾਨ, ਸ. ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਪ੍ਰਧਾਨ, ਦਰਸ਼ਨ ਸਿੰਘ ਮਾਹਿਲ ਕੈਨੇਡਾ ਸੀਨੀਅਰ ਮੈਂਬਰ, ਜਥੇਦਾਰ ਸਤਨਾਮ ਸਿੰਘ ਲਾਦੀਆਂ, ਬਰਜਿੰਦਰ ਸਿੰਘ ਹੈਪੀ ਕਲੇਰਾਂ,   ਪ੍ਰੌ: ਹਰਬੰਸ ਸਿੰਘ ਬੋਲੀਨਾ ‍ਡਾਇਰੈਕਟਰ ਸਿੱ‍ਖਿਆ, ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ, ਮੈਡਮ ਵਨੀਤਾ ਚੋਟ ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਭਾਈ ਮਨਜੀਤ ਸਿੰਘ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਬੀਬੀ ਬਲਜਿੰਦਰ ਕੌਰ ਬਾਹੜੋਵਾਲ, ਮੈਡਮ ਸੁਖਮਿੰਦਰ ਕੌਰ ਉੱਭੀ, ਭਾਈ ਮਨਜੀਤ ਸਿੰਘ ਤੋਂ ਇਲਾਵਾ ਟਰੱਸਟ ਦੇ ਪ੍ਰਬੰਧ ਹੇਠਾਂ ਚੱਲ ਰਹੇ ਅਦਾਰਿਆਂ ਦਾ ਸਮੂਹ ਸਟਾਫ਼, ਡਾਕਟਰ ਸਾਹਿਬਾਨ, ਨਰਸਿੰਗ, ਪੈਰਾ ਮੈਡੀਕਲ ਵਿਦਿਆਰਥੀ ਅਤੇ ਇਲਾਕਾ ਨਿਵਾਸੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ । ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।
ਫੋਟੋ ਕੈਪਸ਼ਨ : ਢਾਹਾਂ ਕਲੇਰਾਂ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਦੀਆਂ ਝਲਕੀਆਂ