Saturday, 28 March 2026

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਵ. ਸ. ਚਰਨ ਸਿੰਘ ਰਾਏ ਦੀ ਯਾਦ ਵਿਚ ਪਿੰਡ ਭੂਤਾਂ ਲਈ ਫਰੀ ਬੈੱਡ ਸੇਵਾ ਆਰੰਭ

*ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਵ. ਸ. ਚਰਨ ਸਿੰਘ ਰਾਏ ਦੀ ਯਾਦ ਵਿਚ ਪਿੰਡ ਭੂਤਾਂ ਲਈ ਫਰੀ ਬੈੱਡ ਸੇਵਾ ਆਰੰਭ*
ਬੰਗਾ 28 ਮਾਰਚ :- ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਆਪਣੇ ਜੱਦੀ ਪਿੰਡਾਂ ਲਈ ਬਹੁਤ ਮੋਹ-ਪਿਆਰ ਰੱਖਦੇ ਹਨ ਇਸ ਦੀ ਮਿਸਾਲ ਅੱਜ ਉਸ ਵੇਲੇ ਮਿਲੀ ਜਦੋਂ ਪਿੰਡ ਭੂਤਾਂ ਦੇ ਜੰਮਪਲ ਅਤੇ ਹੁਣ ਕੈਲਗਿਰੀ ਕੈਨੇਡਾ ਨਿਵਾਸੀ ਸ. ਜੋਗਾ ਸਿੰਘ ਰਾਏ ਵੱਲੋਂ ਆਪਣੇ ਪਿਤਾ ਸਵ. ਸ. ਚਰਨ ਸਿੰਘ ਰਾਏ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਆਪਣੇ ਜੱਦੀ ਪਿੰਡ ਭੂਤਾਂ ਦੇ ਲੋੜਵੰਦ ਮਰੀਜ਼ਾਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇੱਕ ਬੈੱਡ ਫਰੀ ਕਰਵਾਇਆ। ਪਿੰਡ ਭੂਤਾਂ ਦੇ ਵਾਸੀਆਂ ਲਈ ਫਰੀ ਬੈੱਡ ਸੇਵਾ ਆਰੰਭ ਕਰਵਾਉਣ ਲਈ ਸ. ਜੋਗਾ ਸਿੰਘ ਰਾਏ ਦੇ ਭਾਣਜੇ ਗੁਰਵਿੰਦਰ ਸਿੰਘ ਅਤੇ ਕਮਲਜੀਤ ਸਿੰਘ ਸਾਬਕਾ ਸਰਪੰਚ ਪਿੰਡ ਭੂਤਾਂ ਅੱਜ ਢਾਹਾਂ ਕਲੇਰਾਂ ਪੁੱਜੇ । ਉਹਨਾਂ ਨੇ ਗੱਲਬਾਤ ਕਰਦੇ ਹੋਏ ਹਸਪਤਾਲ ਵਿਖੇ  ਇਲਾਕਾ ਨਿਵਾਸੀਆਂ ਨੂੰ ਮਿਲਦੀਆਂ ਮਿਆਰੀ ਮੈਡੀਕਲ ਸੇਵਾਵਾਂ ਦੀ ਭਾਰੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਰਾਏ ਪਰਿਵਾਰ ਵੱਲੋਂ ਭਵਿੱਖ ਵਿੱਚ ਵੀ ਢਾਹਾਂ ਕਲੇਰਾਂ ਵਿਖੇ ਚੱਲ ਜਾ ਰਹੇ ਵੱਖ-ਵੱਖ ਲੋਕ ਭਲਾਈ ਕਾਰਜਾਂ ਵਿਚ ਵੱਡਮੁੱਲਾ ਸਹਿਯੋਗ ਦਿੱਤਾ ਜਾਵੇਗਾ ।
         ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸ. ਜੋਗਾ ਸਿੰਘ ਰਾਏ ਕੈਲਗਿਰੀ ਵੱਲੋਂ ਆਪਣੇ ਪਿਤਾ ਸਵ. ਸ. ਚਰਨ ਸਿੰਘ ਰਾਏ ਦੀ ਯਾਦ ਵਿਚ ਪਿੰਡ ਭੂਤਾਂ ਲਈ ਫਰੀ ਬੈੱਡ ਸੇਵਾ ਆਰੰਭ ਕਰਵਾਉਣ ਦੇ ਨੇਕ ਉੱਦਮ ਦੀ  ਸ਼ਲਾਘਾ ਕਰਦੇ ਦੱਸਿਆ ਕਿ ਹੁਣ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਦਾਖਲ ਹੋ ਕੇ ਇਲਾਜ ਕਰਵਾਉਣ ਵਾਲੇ ਪਿੰਡ ਭੂਤਾਂ ਦੇ ਵਾਸੀ ਮਰੀਜ਼ਾਂ ਨੂੰ ਫਰੀ ਬੈੱਡ ਸੇਵਾ ਦੀ ਸਹੂਲਤ ਮਿਲੇਗੀ। ਉਹਨਾਂ ਨੇ ਪਿੰਡ ਭੂਤਾਂ ਵਾਸੀਆਂ ਨੂੰ ਹਸਪਤਾਲ ਵਿਖੇ ਮਿਲਦੀਆਂ ਮਿਆਰੀ ਮੈਡੀਕਲ ਇਲਾਜ ਸੇਵਾਵਾਂ  ਦਾ ਲਾਭ ਲੈਣ ਲਈ ਅਪੀਲ ਕੀਤੀ । ਇਸ ਮੌਕੇ ਦਾਨੀ ਪਰਵਾਰਿਕ ਮੈਂਬਰਾਂ ਦਾ ਸਨਮਾਨ ਵੀ ਕੀਤਾ ਗਿਆ । ਸਨਮਾਨ ਦੀ ਇਸ ਰਸਮ ਸਮੇਂ ਸ.ਜਗਜੀਤ ਸਿੰਘ ਸੋਢੀ ਮੀਤ ਸਕੱਤਰ ਟਰੱਸਟ, ਸ.ਹਰਦੇਵ ਸਿੰਘ ਢਾਹਾਂ ਯੂ.ਕੇ. ਅਤੇ ਸ.ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਪਿੰਡ ਭੂਤਾਂ ਲਈ ਫਰੀ ਬੈੱਡ ਸੇਵਾ ਆਰੰਭ ਕਰਨ ਮੌਕੇ ਗੁਰਵਿੰਦਰ ਸਿੰਘ ਅਤੇ ਕਮਲਜੀਤ ਸਿੰਘ ਸਾਬਕਾ ਸਰਪੰਚ ਨੂੰ ਸਨਮਾਨਿਤ ਕਰਦੇ ਹੋਏ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਅਤੇ ਜਗਜੀਤ ਸਿੰਘ ਸੋਢੀ ਮੀਤ ਸਕੱਤਰ

Saturday, 14 March 2026

ਟਰੌਮਾ ਸੈਂਟਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਸੜਕ ਦੁਰਘਨਾਵਾਂ ਵਿਚ ਜ਼ਖਮੀ ਮਰੀਜ਼ਾਂ ਦਾ ਮਿਆਰੀ ਇਲਾਜ ਕਰਨ ਵਾਲਾ ਇਲਾਕੇ ਦਾ ਪ੍ਰਮੁੱਖ ਹਸਪਤਾਲ ਬਣਿਆ

ਟਰੌਮਾ ਸੈਂਟਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਸੜਕ ਦੁਰਘਨਾਵਾਂ ਵਿਚ ਜ਼ਖਮੀ ਮਰੀਜ਼ਾਂ ਦਾ ਮਿਆਰੀ ਇਲਾਜ ਕਰਨ ਵਾਲਾ ਇਲਾਕੇ ਦਾ ਪ੍ਰਮੁੱਖ ਹਸਪਤਾਲ ਬਣਿਆ
ਬੰਗਾ 14 ਮਾਰਚ () ਦੁਆਬੇ ਵਿਚ ਪਿਛਲੇ 42 ਸਾਲਾਂ ਤੋਂ ਮਿਆਰੀ ਮੈਡੀਕਲ ਸੇਵਾਵਾਂ ਪ੍ਰਦਾਨ ਕਰ ਰਿਹਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ  ਸੜਕ ਦੁਰਘਨਾਵਾਂ ਵਿਚ ਗੰਭੀਰ ਜਖਮੀ ਮਰੀਜ਼ਾਂ ਦਾ ਵਧੀਆ ਇਲਾਜ ਕਰਨ ਵਾਲਾ ਇਲਾਕੇ ਦਾ ਪ੍ਰਮੁੱਖ ਹਸਪਤਾਲ ਬਣ ਚੁੱਕਾ ਹੈ । ਜਿੱਥੇ ਇਲਾਜ ਲਈ ਪਿਛਲੇ ਦੋ ਮਹੀਨੇ ਵਿਚ 100 ਤੋਂ ਵੱਧ ਅਮਰਜੈਂਸੀ ਕੇਸ  ਆਏ । ਇਸ ਸਬੰਧੀ ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹਸਪਤਾਲ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦੱਸਿਆ ਕਿ ਜ਼ਿਲ਼੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਲੰਘਦੇ ਜਲੰਧਰ-ਚੰਡੀਗੜ੍ਹ ਵਾਇਆ ਨਵਾਂਸ਼ਹਿਰ ਮੁੱਖ ਮਾਰਗ 'ਤੇ ਸਥਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ 100 ਬੈੱਡਾਂ ਦੀ ਸਮਰੱਥਾ ਵਾਲਾ ਮਲਟੀ ਸੁਪਰ ਸ਼ਪੈਸ਼ਲਿਸਟੀ ਵਾਲਾ ਹਸਪਤਾਲ ਹੈ ਜਿੱਥੇ ਨਿਊਰੋ ਸਰਜਰੀ, ਆਰਥੋਪੈਡਿਕ ਸਰਜਰੀ, ਇਨਟਰਨਲ ਮੈਡੀਸਨ, ਜਨਰਲ ਸਰਜਰੀ, ਯੂਰੋਲੋਜੀ, ਅੱਖਾਂ ਦੇ ਮਾਹਿਰ, ਨੱਕ ਕੰਨ ਗਲੇ ਦੇ ਮਾਹਿਰ, ਦੰਦਾਂ ਦੇ ਮਾਹਿਰ, ਬੱਚਿਆਂ ਦਾ ਵਿਭਾਗ, ਔਰਤਾਂ ਰੋਗਾਂ ਦੇ ਮਾਹਿਰ ਡਾਕਟਰ ਸਾਹਿਬਾਨ ਦੁਆਰਾ ਮਰੀਜ਼ਾਂ ਨੂੰ ਮਿਆਰੀ ਇਲਾਜ ਦੀ ਸਹੂਲਤ ਮਿਲਦੀ ਹੈ। ਹਸਪਤਾਲ ਵਿਖੇ ਸਥਾਪਿਤ ਬਾਬਾ ਬੁੱਧ ਸਿੰਘ ਟਰੌਮਾ ਸੈਂਟਰ ਵਿਚ ਵੱਖ-ਵੱਖ ਦੁਰਘਟਨਾਵਾਂ ਵਿਚ ਜ਼ਖਮੀ ਮਰੀਜ਼ਾਂ ਦਾ ਜਲਦੀ ਤੇ ਮਿਆਰੀ ਇਲਾਜ ਕਰਨ ਲਈ ਡਿਜੀਟਲ ਸੀ ਟੀ ਸਕੈਨ, ਕਲੀਨਿਕਲ ਲੈਬ, ਮਾਡੂਲਰ ਅਪਰੇਸ਼ਨ ਥੀਏਟਰ, ਵੈਂਟੀਲੇਟਰ, ਕਾਰਡੀਅਕ ਮੋਨੀਟਰਾਂ ਅਤੇ ਆਧੁਨਿਕ ਟਰੌਮਾ ਕੇਅਰ ਐਂਬੂਲੈਂਸ ਅਤੇ ਮਾਹਿਰ ਡਾਕਟਰ ਅਤੇ  ਮੈਡੀਕਲ ਸਟਾਫ 24 ਘੰਟੇ ਕਾਰਜਸ਼ੀਲ ਰਹਿੰਦਾ ਹੈ । ਪਿਛਲੇ ਦੋ ਮਹੀਨਿਆਂ ਵਿਚ ਜਨਰਲ ਐਮਰਜੈਂਸੀ ਅਤੇ ਟਰੌਮਾ ਕੇਸਾਂ ਦੀ ਮਿਆਰੀ ਸਾਂਭ ਸੰਭਾਲ ਦੀ ਤਾਜ਼ਾ ਮਿਸਾਲ ਹੈ ਕਿ ਬੀਤੇ ਦਿਨੀ ਬੰਗਾ ਦੇ ਫਲਾਈਉਵਰ ਕੋਲ ਹੋਏ ਸੜਕੀ ਕਾਰ ਹਾਦਸੇ ਵਿਚ ਗੰਭੀਰ ਜ਼ਖਮੀ ਨਕੋਦਰ ਦੇ ਵਾਸੀ ਪਰਿਵਾਰ ਦੇ ਚਾਰ ਮੈਂਬਰ ਆਏ ਸਨ, ਹਸਪਤਾਲ ਵਿਚ ਇੱਕੋ ਛੱਤ ਹੇਠਾਂ ਮਾਹਿਰ ਸ਼ਪੈਲਿਸਟ ਡਾਕਟਰਾਂ ਦੀ ਟੀਮ ਹੋਣ ਕਾਰਨ ਵੇਲੇ ਸਿਰ ਸਹੀ ਦਿਸ਼ਾ ਵਿਚ ਕੀਤੇ ਇਲਾਜ ਕਰਕੇ ਉਕਤ ਮਰੀਜ਼ਾਂ ਦੀ ਜਾਨ ਬਚਾਈ ਸਕੀ । ਇਸ ਮੌਕੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਜਸਦੀਪ ਸਿੰਘ ਸੈਣੀ ਨਿਊਰੋ ਸਰਜਨ ਦੀ ਅਗਵਾਈ ਹੇਠ ਡਾ. ਮਾਨਵਦੀਪ ਸਿੰਘ ਬੈਂਸ ਜਨਰਲ ਤੇ ਲੈਪਰੋਸੋਪਿਕ ਸਰਜਨ, ਡਾ. ਪਰਮਿੰਦਰ ਵਾਰੀਆ ਗੋਡੇ, ਮੋਢੇ ਅਤੇ ਚੂਲੇ ਦੀ ਜੋੜ ਬਦਲੀ ਦੇ ਮਾਹਿਰ, ਡਾ ਬਲਵਿੰਦਰ ਸਿੰਘ ਈ ਐਨ ਟੀ ਮਾਹਿਰ,  ਮੈਡੀਕਲ ਮਾਹਿਰ ਡਾ. ਵਿਵੇਕ ਗੁੰਬਰ, ਡਾ. ਟੀ ਅਗਰਵਾਲ ਆਈ ਸਰਜਨ ਅਤੇ ਡਾ ਜਗਜੀਤ ਸਿੰਘ ਡੈਂਟਲ ਸਰਜਨ ਵੱਲੋਂ ਮਰੀਜ਼ਾਂ ਦਾ ਇਲਾਜ ਅਤੇ ਅਪਰੇਸ਼ਨ ਕੀਤੇ ਗਏ । ਡਾਕਟਰ ਸਾਹਿਬਾਨ, ਮੈਡੀਕਲ ਅਫਸਰਾਂ ਅਤੇ ਨਰਸਿੰਗ ਸਟਾਫ ਦੀ ਦਿਨ ਰਾਤ ਕੀਤੇ ਅਣਥੱਕ ਯਤਨਾਂ ਸਦਕਾ ਮਰੀਜ਼ਾਂ ਨੂੰ ਨਵਾਂ ਜੀਵਨ ਮਿਲਿਆ । ਸਾਰੇ ਮਰੀਜ਼ ਪੂਰੀ ਤਰ੍ਹਾਂ ਤੰਦਰੁਸਤ ਹੈ । ਇਸ ਮੌਕੇ ਕੁਲਵਿੰਦਰ ਸਿੰਘ ਢਾਹਾਂ, ਪ੍ਰਧਾਨ  ਨੇ ਮਰੀਜ਼ਾਂ ਦਾ ਮਿਆਰੀ ਇਲਾਜ ਕਰਨ ਲਈ ਮੈਡੀਕਲ ਸੁਪਰਡੈਂਟ ਡਾ ਜਸਦੀਪ ਸਿੰਘ ਸੈਣੀ  ਅਤੇ ਸਮੂਹ ਡਾਕਟਰ ਸਾਹਿਬਾਨ ਨੂੰ ਵਧਾਈ ਦਿੱਤੀ । ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਨੇ ਉਹਨਾਂ ਦੇ ਮਾਤਾ ਜੀ ਅਤੇ ਦੂਜੇ ਮੈਂਬਰਾਂ ਦਾ ਵਧੀਆ ਇਲਾਜ ਕਰਨ ਲਈ ਸਮੂਹ ਡਾਕਟਰ ਸਾਹਿਬਾਨ, ਸਮੂਹ ਮੈਡੀਕਲ ਅਫਸਰ ਸਾਹਿਬਾਨ, ਨਰਸਿੰਗ ਸਟਾਫ ਅਤੇ ਹਸਪਤਾਲ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ ।
ਫੋਟੋ ਕੈਪਸ਼ਨ : ਆਈ.ਸੀ.ਯੂ. ਵਿਚ ਖੁਸ਼ੀ ਭਰੇ ਮਾਹੌਲ ਵਿਚ ਤੰਦਰੁਸਤ ਮਰੀਜ਼ ਨਾਲ ਡਾਕਟਰ ਜਸਦੀਪ ਸਿੰਘ ਸੈਣੀ , ਡਾ. ਮਾਨਵਦੀਪ ਸਿੰਘ ਬੈਂਸ ਤੇ ਹਸਪਤਾਲ ਸਟਾਫ਼ ਨਾਲ 

Friday, 13 March 2026

ਹਾਈਪੋਵੋਲੈਮਿਲਕ ਸ਼ਾਕ ਕਾਰਨ ਮੌਤ ਦੇ ਮੂੰਹ 'ਚ ਗਏ 47 ਸਾਲਾਂ ਮਰੀਜ਼ ਨੂੰ ਢਾਹਾਂ ਕਲੇਰਾਂ ਹਸਪਤਾਲ ਵਿਖੇ ਮਿਲਿਆ ਜੀਵਨ ਵਰਦਾਨ

ਹਾਈਪੋਵੋਲੈਮਿਲਕ ਸ਼ਾਕ ਕਾਰਨ ਮੌਤ ਦੇ ਮੂੰਹ 'ਚ ਗਏ 47 ਸਾਲਾਂ ਮਰੀਜ਼ ਨੂੰ ਢਾਹਾਂ ਕਲੇਰਾਂ ਹਸਪਤਾਲ ਵਿਖੇ ਮਿਲਿਆ ਜੀਵਨ ਵਰਦਾਨ
ਬੰਗਾ 13 ਮਾਰਚ () ਪਿਛਲੇ ਚਾਰ ਦਹਾਕਿਆਂ ਤੋਂ ਮਿਆਰੀ ਸਿਹਤ ਸਹੂਲਤਾਂ ਲਈ ਜਾਣੀ ਜਾਂਦੀ ਦੁਆਬਾ ਖੇਤਰ ਦੀ ਮੋਹਰੀ ਸਿਹਤ ਸੰਸਥਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਨਟਰਨਲ ਮੈਡੀਸਨ ਵਿਭਾਗ ਦੇ ਮੁਖੀ ਡਾ. ਵਿਵੇਕ ਗੁੰਬਰ ਅਤੇ ਉਨ੍ਹਾਂ ਦੀ ਸਪਰਪਿਤ ਟੀਮ ਨੇ ਪਿਛਲੇ ਦਿਨਾਂ ਦੌਰਾਨ ਹਾਈਪੋਵੋਲੈਮਿਕ ਸ਼ਾਕ (ਬਲੱਡ ਪੈ੍ਸ਼ਰ ਰਿਕਾਰਡ ਨਾ ਹੋਣਾ) ਕਾਰਨ ਮੌਤ ਦੇ ਮੂੰਹ ਵਿਚ ਗਏ 47 ਸਾਲਾਂ ਉਮਰ ਦੇ ਵਿਅਕਤੀ ਦਾ ਸਫ਼ਲ ਇਲਾਜ ਕਰਕੇ ਉਸ ਨੂੰ ਮੌਤ ਦੇ ਮੂੰਹ 'ਚੋਂ ਬਾਹਰ ਕੱਢਣ ਵਿੱਚ ਕਾਮਯਾਬ ਰਹੀ ਹੈ। ਡਾ. ਵਿਵੇਕ ਗੁੰਬਰ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਉਕਤ ਮਰੀਜ਼ ਬੇਹੱਦ ਮਾੜੀ ਸਥਿਤੀ ਵਿੱਚ ਕਈ ਹਸਪਤਾਲਾਂ ਦੇ ਚੱਕਰ ਲਗਾ ਕੇ ਢਾਹਾਂ ਕਲੇਰਾਂ ਹਸਪਤਾਲ ਵਿਖੇ ਉਸਦੇ ਪਰਿਵਾਰ ਵੱਲੋਂ ਲਿਆਂਦਾ ਗਿਆ ਸੀ। ਮੁੱਢਲੀ ਜਾਂਚ ਦੌਰਾਨ ਕਰਵਾਏ ਜ਼ਰੂਰੀ ਟੈਸਟਾਂ ਨੇ ਕਰੌਨਿਕ ਅਲਕੋਹਲਿਜ਼ਮ ਬਿਮਾਰੀ ਦੀ ਪੁਸ਼ਟੀ ਕੀਤੀ। ਇਸ ਕਰਕੇ ਮਰੀਜ਼ ਅਲਕੋਹਲ ਦੇ ਪਏ ਬੁਰੇ ਪ੍ਭਾਵਾਂ ਕਾਰਨ ਪੈਦਾ ਹੋਈਆਂ ਅਲਾਮਤਾਂ ਤੋਂ ਵੀ ਪੀੜ੍ਹਤ ਸੀ। ਮਰੀਜ਼ ਨੂੰ ਐਂਮਰਜੈਂਸੀ ਵਿਭਾਗ ਵਿੱਚ ਫ਼ਸਟ ਏਡ ਦੇਣ ਉਪਰੰਤ ਉਸ ਦੀ ਨਾਜ਼ੁਕ ਹਾਲਤ ਹੋਣ ਕਰਕੇ  ਫ਼ੌਰੀ ਤੌਰ 'ਤੇ ਆਈ.ਸੀ.ਯੂ. ਵਿਭਾਗ ਵਿੱਚ ਭਰਤੀ ਕਰਕੇ ਤੇ ਵਿਸ਼ੇਸ਼ ਦਵਾਈਆਂ ਅਤੇ ਆਧੁਨਿਕ ਲਾਈਫ ਸੇਵਿੰਗ ਯੰਤਰਾਂ ਨਾਲ ਇਲਾਜ ਸ਼ੁਰੂ ਕੀਤਾ ਗਿਆ । ਡਾ. ਵਿਵੇਕ ਗੁੰਬਰ ਦੀ ਦਿਨ-ਰਾਤ ਦੀ ਮਿਹਨਤ ਰੰਗ ਲਿਆਈ ਸੱਤ ਦਿਨ ਆਈ.ਸੀ.ਯੂ. ਅਤੇ ਤਿੰਨ ਦਿਨ ਐਚ.ਡੀ.ਯੂ. ਵਾਰਡ ਵਿੱਚ ਇਲਾਜ ਤੋਂ ਬਾਅਦ ਉਹ ਮਰੀਜ਼ ਹੁਣ ਤੰਦਰੁਸਤ ਹੈ। ਇਸ ਮੌਕੇ ਮਰੀਜ਼ ਦੇ ਪਰਿਵਾਰਜਨਾਂ ਨੇ ਮੈਡੀਕਲ ਸਪੈਸ਼ਲਿਸਟ ਡਾ. ਵਿਵੇਕ ਗੁੰਬਰ, ਮੈਡੀਕਲ ਅਫ਼ਸਰਾਂ, ਨਰਸਿੰਗ ਸਟਾਫ ਦਾ ਹਾਰਦਿਕ ਧੰਨਵਾਦ ਕੀਤਾ। ਉਨ੍ਹਾਂ
 ਨੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਦਾ ਵੀ ਮਿਆਰੀ ਇਲਾਜ ਕਰਨ ਲਈ ਡਾਕਟਰੀ ਟੀਮਾਂ ਦੀ  ਯੋਗ ਰਹਿਨੁਮਾਈ ਕਰਨ ਲਈ ਤਹਿਦਿਲੋਂ ਧੰਨਵਾਦ ਕੀਤਾ । ਕਾਬਿਲੇਗੌਰ ਹੈ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇੱਕ ਛੱਤ ਹੇਠਾਂ ਸਾਰੇ ਡਾਕਟਰੀ ਵਿਭਾਗ ਮੌਜੂਦ ਹਨ ਜਿਨ੍ਹਾਂ ਦੇ ਮਾਹਿਰ ਡਾਕਟਰ ਸਾਹਿਬਾਨਾਂ ਵੱਲੋਂ ਮਰੀਜ਼ਾਂ ਦਾ ਮਿਆਰੀ ਇਲਾਜ ਹੋ ਰਿਹਾ ਹੈ ।
ਫੋਟੋ ਕੈਪਸ਼ਨ: ਤੰਦਰੁਸਤ ਹੋਏ ਮਰੀਜ਼ ਨਾਲ ਡਾ. ਵਿਵੇਕ ਗੁੰਬਰ ਤੇ ਹਸਪਤਾਲ ਸਟਾਫ

Thursday, 12 March 2026

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ ਪਰਮਿੰਦਰ ਸਿੰਘ ਵਾਰੀਆ ਵੱਲੋਂ ਹਾਈ ਰਿਸਕ ਦਿਲ ਦੇ ਮਰੀਜ਼ 93 ਸਾਲ ਦੀ ਮਾਤਾ ਜੀ ਦੇ ਟੁੱਟੇ ਚੂਲੇ ਦਾ ਸਫਲ ਅਪਰੇਸ਼ਨ

*ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ ਪਰਮਿੰਦਰ ਸਿੰਘ ਵਾਰੀਆ ਵੱਲੋਂ ਹਾਈ ਰਿਸਕ ਦਿਲ ਦੇ ਮਰੀਜ਼ 93 ਸਾਲ ਦੀ ਮਾਤਾ ਜੀ ਦੇ ਟੁੱਟੇ ਚੂਲੇ ਦਾ ਸਫਲ ਅਪਰੇਸ਼ਨ*
ਬੰਗਾ 12 ਮਾਰਚ () ਖਰਾਬ ਗੋਡੇ, ਮੋਢੇ ਅਤੇ ਚੂਲੇ ਬਦਲਣ ਦੇ ਇਲਾਕੇ ਦੇ ਪ੍ਰਸਿੱਧ ਕੇਂਦਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਗੋਡੇ, ਮੋਢੇ ਅਤੇ ਚੂਲੇ ਦੀ ਜੋੜ ਬਦਲੀ ਦੇ ਮਾਹਿਰ ਡਾ. ਪਰਮਿੰਦਰ ਸਿੰਘ ਵਾਰੀਆ ਐਮ.ਐਸ. ਨੇ ਦਿਲ ਦੀ ਬਿਮਾਰੀ ਤੋਂ ਪੀੜ੍ਹਤ 93 ਸਾਲ ਦੇ ਮਾਤਾ ਜੀ ਦੇ ਟੁੱਟੇ ਚੂਲੇ ਦਾ ਸਫਲ ਅਪਰੇਸ਼ਨ ਕਰਕੇ ਉਹਨਾਂ ਨੂੰ ਚੱਲਣ ਫਿਰਨ ਦੇ ਕਾਬਿਲ ਕੀਤਾ ਹੈ। ਇਸ ਸਬੰਧੀ ਡਾ. ਪਰਮਿੰਦਰ ਸਿੰਘ ਵਾਰੀਆ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੀਤੇ ਦਿਨੀ ਹਸਪਤਾਲ ਵਿਖੇ ਹੱਡੀਆਂ ਦੇ ਵਿਭਾਗ ਵਿਚ ਦਿਲ ਦੀ ਬਿਮਾਰੀ ਦੇ ਮਰੀਜ਼ ਮਾਤਾ ਜੀ ਨੂੰ ਉਹਨਾਂ ਦੇ ਪਰਿਵਾਰ ਵੱਲੋਂ ਇਲਾਜ ਲਈ ਲਿਆਂਦਾ ਗਿਆ । ਇਸ ਮੌਕੇ ਰੇਡੀਉਲੋਜੀ ਵਿਭਾਗ ਤੋਂ ਡਿਜੀਟਲ ਐਕਸਰੇ ਅਤੇ ਥਰੀ ਡੀ ਸੀ.ਟੀ. ਸਕੈਨ ਕਰਵਾਏ ਗਏ । ਇਹਨਾਂ ਟੈਸਟਾਂ ਅਤੇ ਕੀਤੀ ਜਾਂਚ ਵਿਚ ਪਤਾ ਲੱਗਾ ਕਿ ਮਾਤਾ ਜੀ ਦੇ ਸੱਜੇ ਚੂਲੇ ਦੇ ਜੋੜ ਦੀ ਹੱਡੀ ਘਰੇਲੂ ਦੁਰਘਟਨਾ ਵਿਚ ਟੁੱਟ ਗਈ ਸੀ, ਜਿਸ ਕਰਕੇ ਚੱਲਣ-ਫਿਰਨ ਵਿਚ ਗੰਭੀਰ ਮੁਸ਼ਕਿਲ ਪੇਸ਼ ਆ ਰਹੀ ਸੀ। ਪਰਿਵਾਰਿਕ ਮੈਂਬਰਾਂ ਨੂੰ ਮਾਤਾ ਜੀ ਦੀ ਬਿਮਾਰੀ ਬਾਰੇ ਜਾਣਕਾਰੀ ਦੇ ਕੇ ਅਤੇ ਉਹਨਾਂ ਦੀ ਸਹਿਮਤੀ ਨਾਲ ਚੂਲੇ ਦਾ ਸਫਲ ਅਪਰੇਸ਼ਨ ਕੀਤਾ ਗਿਆ । ਦਿਲ ਦੀ ਬਿਮਾਰੀ ਤੇ ਹੋਰ ਰੋਗਾਂ ਕਰਕੇ ਇਹ ਹਾਈ ਰਿਸਕ ਅਪਰੇਸ਼ਨ ਸੀ। ਜਿਸ ਵਿਚ ਐਨੇਸਥੀਸੀਆ ਦੇ ਮਾਹਿਰ ਡਾ. ਦੀਪਕ ਦੁੱਗਲ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਚੂਲੇ ਦੇ ਅਪਰੇਸ਼ਨ ਬਾਅਦ ਹੁਣ ਮਾਤਾ ਜੀ ਪੂਰੀ ਤਰ੍ਹਾਂ ਤੰਦਰੁਸਤ ਹਨ। ਇਸ ਮੌਕੇ ਡਾ. ਪਰਮਿੰਦਰ ਸਿੰਘ ਵਾਰੀਆ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਘਰੇਲੂ ਅਤੇ ਹੋਰ ਦੁਰਘਨਾਵਾਂ ਵਿਚ ਟੁੱਟੇ ਜੋੜਾਂ ਦਾ ਨਵੀਂ ਤਕਨੀਕ ਨਾਲ ਮਿਆਰੀ ਇਲਾਜ ਅਤੇ ਅਪਰੇਸ਼ਨ ਹੋਣ ਕਰਕੇ ਮਰੀਜ਼ ਜਲਦੀ ਤੰਦਰੁਸਤ ਹੁੰਦੇ ਹਨ । ਹਸਪਤਾਲ ਵਿਖੇ ਫਿਜ਼ੀਓਥੈਰਾਪੀ ਵਿਭਾਗ ਵੱਲੋਂ ਵਿਸ਼ੇਸ਼ ਐਕਸਰਾਈਜ਼ਾਂ ਕਰਵਾਉਣ ਨਾਲ ਮਰੀਜ਼ ਛੇਤੀ ਤੁਰਨ-ਫਿਰਨ ਲੱਗ ਜਾਂਦਾ ਹੈ । ਹਸਪਤਾਲ ਦੇ ਮੁੱਖ ਪਬੰਧਕ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ 93 ਸਾਲ ਦੀ ਮਾਤਾ ਜੀ ਦਾ ਸ਼ਾਨਦਾਰ ਅਪਰੇਸ਼ਨ ਕਰਨ ਕਰਕੇ ਤੰਦਰੁਸਤ ਕਰਨ ਲਈ ਡਾ. ਪਰਮਿੰਦਰ ਸਿੰਘ ਵਾਰੀਆ ਅਤੇ ਡਾ. ਦੀਪਕ ਦੁੱਗਲ ਨੂੰ ਵਧਾਈਆਂ ਦਿੱਤੀਆਂ । ਇਸ ਮੌਕੇ ਸ. ਢਾਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਘਰਾਂ ਵਿਚ ਕਿਸੇ ਬਜ਼ੁਰਗ ਦੇ ਡਿੱਗਣ ਕਾਰਣ ਸੱਟ ਲੱਗ ਜਾਵੇ ਹੈ ਤਾਂ ਉਸ ਦਾ ਇਲਾਜ ਕਰਵਾਉਣ ਲਈ ਹੱਡੀਆ ਅਤੇ ਜੋੜਾਂ ਦੇ ਮਾਹਿਰ ਡਾਕਟਰ ਸਾਹਿਬਾਨ ਨੂੰ ਜ਼ਰੂਰ ਮਿਲੋ, ਜੇ ਪਰਿਵਾਰ ਨੇ ਇਲਾਜ ਵਿਚ ਦੇਰੀ ਕੀਤੀ ਤਾਂ ਉਹ ਮਰੀਜ਼ ਲਈ ਜਾਨ ਲੇਵਾ ਸਾਬਤ ਹੋ ਸਕਦੀ ਹੈ। ਇਸ ਮੌਕੇ ਮਾਤਾ ਜੀ ਅਤੇ ਉਹਨਾਂ ਦੇ ਪਰਿਵਾਰ ਨੇ ਚੂਲੇ ਦੇ ਜੋੜ ਦਾ ਵਧੀਆ ਅਪਰੇਸ਼ਨ ਕਰਨ ਅਤੇ ਇਲਾਜ ਕਰਨ ਡਾ. ਪਰਮਿੰਦਰ ਸਿੰਘ ਵਾਰੀਆ, ਡਾ ਦੀਪਕ ਦੁੱਗਲ, ਸਮੂਹ ਨਰਸਿੰਗ ਸਟਾਫ ਅਤੇ ਹਸਪਤਾਲ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ । ਵਰਣਨਯੋਗ ਮਾਤਾ ਜੀ ਨੂੰ ਦਿਲ ਦੀ ਬਿਮਾਰੀ ਅਤੇ ਹੋਰ ਰੋਗਾਂ ਦੀਆਂ ਸਮੱਸਿਆਵਾਂ ਹੋਣ ਕਰਕੇ ਕਾਫੀ ਹਸਪਤਾਲਾਂ ਵੱਲੋਂ ਰੈਫਰ ਕਰ ਦਿੱਤਾ ਸੀ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ  93 ਸਾਲ ਦੇ ਮਾਤਾ ਜੀ ਨਾਲ  ਡਾ. ਪਰਮਿੰਦਰ ਸਿੰਘ ਵਾਰੀਆ, ਡਾ. ਦੀਪਕ ਦੁੱਗਲ ਤੇ ਸਟਾਫ 

Wednesday, 11 March 2026

*ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਜੀ.ਐਨ.ਐਮ. ਨਰਸਿੰਗ (ਪਹਿਲਾ ਸਾਲ) ਦੇ ਟੌਪਰ ਵਿਦਿਆਰਥੀ ਸਨਮਾਨਿਤ*

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਜੀ.ਐਨ.ਐਮ. ਨਰਸਿੰਗ (ਪਹਿਲਾ ਸਾਲ) ਦੇ ਟੌਪਰ ਵਿਦਿਆਰਥੀ ਸਨਮਾਨਿਤ

ਬੰਗਾ : 11 ਮਾਰਚ () ਇਲਾਕੇ 
ਦੇ ਪ੍ਰਸਿੱਧ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਕਲਾਸ ਜੀ. ਐਨ.ਐਮ. ਪਹਿਲਾ ਸਾਲ ਦਾ ਸ਼ਾਨਦਾਰ ਨਤੀਜਾ ਸੌ ਫੀਸਦੀ ਆਇਆ ਹੈ ਅਤੇ ਸਾਰੇ ਵਿਦਿਆਰਥੀਆਂ ਅੱਵਲ ਦਰਜੇ ਵਿਚ ਪਾਸ ਹੋਏ ਹਨ । ਇਹ ਜਾਣਕਾਰੀ ਕਾਲਜ ਪ੍ਰਬੰਧਕ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਟੌਪਰ ਵਿਦਿਆਰਥੀਆਂ ਦਾ ਸਨਮਾਨ ਕਰਨ ਮੌਕੇ ਦਿੱਤੀ । ਸ. ਢਾਹਾਂ ਨੇ ਦੱਸਿਆ ਜੀ.ਐਨ.ਐਮ. ਨਰਸਿੰਗ ਪਹਿਲਾ ਸਾਲ ਵਿੱਚ ਮਨਰੀਤ ਕੌਰ ਢਿੱਲੋਂ ਪੁੱਤਰੀ ਜਗਦੀਪ ਸਿੰਘ ਢਿੱਲੋਂ-ਰਾਜਵਿੰਦਰ ਕੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਫਸਟ ਪੁਜ਼ੀਸ਼ਨ ਹਾਸਲ ਕੀਤੀ ਹੈ । ਦੂਜਾ ਸਥਾਨ ਮਨਦੀਪ ਕੌਰ ਪੁੱਤਰੀ ਸਤਨਾਮ ਸਿੰਘ-ਕਮਲਜੀਤ ਕੌਰ ਮਾਣਕਾਂ ਨੇ ਪ੍ਰਾਪਤ ਕੀਤਾ । ਜਦ ਕਿ ਤੀਜਾ ਸਥਾਨ ਦੋ ਵਿਦਿਆਰਥੀਆਂ ਕੋਮਲਪ੍ਰੀਤ ਕੌਰ ਪੁੱਤਰੀ ਬਹਾਦਰ ਸਿੰਘ-ਜਸਵਿੰਦਰ ਕੌਰ  ਭੱਜਲ ਅਤੇ ਅਲੀਸ਼ਾ ਪੁੱਤਰੀ ਗੁਰਬਖਸ਼ ਸਿੰਘ-ਕੁਲਵਿੰਦਰ ਕੌਰ ਲਕਸੀਹਾਂ ਨੇ ਇੱਕੋ ਜਿਹੇ ਅੰਕ ਪ੍ਰਾਪਤ ਕਰਕੇ ਕੀਤਾ । ਇਸ ਸ਼ਾਨਦਾਰ ਨਤੀਜੇ ਲਈ ਸ. ਢਾਹਾਂ ਨੇ ਸਮੂਹ ਟਰੱਸਟ ਵੱਲੋਂ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ, ਅਧਿਆਪਕਾਂ ਅਤੇ ਕਾਲਜ ਪ੍ਰਿੰਸੀਪਲ ਨੂੰ ਹਾਰਦਿਕ ਵਧਾਈਆਂ ਦਿੱਤੀਆਂ । ਉਹਨਾਂ ਨੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ, ਮਿਹਨਤ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ । ਪ੍ਰਿੰਸੀਪਲ ਰਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਹਨਾਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ । ਜੀ.ਐਨ.ਐਮ. ਪਹਿਲਾ ਸਾਲ ਦੇ ਟੌਪਰ ਵਿਦਿਆਰਥੀਆਂ ਦਾ ਸਨਮਾਨ ਕਰਨ ਮੌਕੇ ਕਲਾਸ ਇੰਚਾਰਜ ਰੀਤੂ, ਗੁਰਦੀਪ ਕੌਰ, ਸੰਦੀਪ ਕੌਰ ਸੂਦਨ, ਵੰਦਨਾ ਬਸਰਾ, ਮਨਦੀਪ ਕੌਰ, ਮੁਹੰਮਦ ਯੂਨਸ ਵਾਣੀ, ਸੁਨੀਤਾ ਲਖਵਾੜਾ, ਨੇਹਾ ਰਾਣੀ, ਰੁਪਿੰਦਰ ਸ਼ਰਮਾ (ਸਾਰੇ ਅਧਿਆਪਕ) ਅਤੇ ਵਿਦਿਆਰਥੀ ਹਾਜ਼ਰ ਸਨ। ਵਧੀਆ ਨਤੀਜਾ ਆਉਣ ਦੀ ਖੁਸ਼ੀ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਮੂੰਹ ਮਿੱਠਾ ਵੀ ਕਰਵਾਇਆ ਗਿਆ ।
ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦਾ ਜੀ.ਐਨ.ਐਮ. ਨਰਸਿੰਗ ਪਹਿਲਾ ਸਾਲ ਦੇ ਟੌਪਰ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਕੁਲਵਿੰਦਰ ਸਿੰਘ ਢਾਹਾਂ ਅਤੇ ਨਾਲ ਸਹਿਯੋਗ ਦੇ ਰਹੇ ਕਾਲਜ ਪ੍ਰਿੰਸੀਪਲ ਰਮਨਦੀਪ ਕੌਰ

Tuesday, 10 March 2026

ਗੁਰਦੁਆਰਾ ਸ੍ਰੀ ਸਰੋਵਰ ਸਾਹਿਬ ਵਿਖੇ ਫਰੀ ਮੈਡੀਕਲ ਤੇ ਅੱਖਾਂ ਦੇ ਚੈੱਕਅੱਪ ਕੈਂਪ ਦਾ 368 ਮਰੀਜ਼ਾਂ ਦਾ ਲਾਭ ਪ੍ਰਾਪਤ ਕੀਤਾ

ਗੁਰਦੁਆਰਾ ਸ੍ਰੀ ਸਰੋਵਰ ਸਾਹਿਬ ਵਿਖੇ ਫਰੀ ਮੈਡੀਕਲ ਤੇ ਅੱਖਾਂ ਦੇ ਚੈੱਕਅੱਪ ਕੈਂਪ ਦਾ 368 ਮਰੀਜ਼ਾਂ ਦਾ ਲਾਭ ਪ੍ਰਾਪਤ ਕੀਤਾ
ਬੰਗਾ: 10 ਮਾਰਚ () ਗੁਰਦੁਆਰਾ ਸ੍ਰੀ ਸਰੋਵਰ ਸਾਹਿਬ ਸ੍ਰੀ ਨਾਭ ਕਵੰਲ ਰਾਜਾ ਸਾਹਿਬ ਜੀ, ਪਿੰਡ ਗੁਣਾਚੌਰ ਵਿਖੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਸਮਾਜ ਸੇਵਕ ਮਨਧੀਰ ਸਿੰਘ ਚੱਠਾ, ਅਨਮੋਲਦੀਪ ਸਿੰਘ ਚੱਠਾ, ਸਮੂਹ ਚੱਠਾ ਪਰਿਵਾਰ ਅਤੇ ਰੋਟਰੀ ਕਲੱਬ ਬੰਗਾ ਦੇ ਸਹਿਯੋਗ ਨਾਲ ਫਰੀ ਮੈਡੀਕਲ ਚੈੱਕਅੱਪ ਕੈਂਪ ਅਤੇ ਅੱਖਾਂ ਦਾ ਚੈੱਕਅੱਪ ਕੈਂਪ ਲਗਾਇਆ ਜਿਸ ਦਾ 360  ਤੋਂ ਵੱਧ ਮਰੀਜ਼ਾਂ ਨੇ ਚੈੱਕਅੱਪ ਕਰਵਾ ਕੇ ਲਾਭ ਪ੍ਰਾਪਤ ਕੀਤਾ। ਇਸ ਕੈਂਪ ਦਾ ਉਦਘਾਟਨ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਉਹਨਾਂ ਦਾ ਸਹਿਯੋਗ ਸ ਮਨਧੀਰ ਸਿੰਘ ਚੱਠਾ ਪ੍ਰਧਾਨ ਗੁਰਦੁਆਰਾ ਸ੍ਰੀ ਸਰੋਵਰ ਸਾਹਿਬ ਸ੍ਰੀ ਨਾਭ ਕਵੰਲ ਰਾਜਾ ਸਾਹਿਬ ਜੀ ਨੇ ਦਿੱਤਾ।
          ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ 
ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸੰਬੋਧਨ ਕਰਦੇ ਇਲਾਕੇ  ਦੇ  ਲੋੜਵੰਦਾਂ ਵਾਸਤੇ ਸਮਾਜ ਸੇਵਕ ਮਨਧੀਰ ਸਿੰਘ ਚੱਠਾ, ਉਹਨਾਂ ਦੇ ਬੇਟੇ ਅਨਮੋਲਦੀਪ ਸਿੰਘ ਚੱਠਾ ਤੇ ਪਰਿਵਾਰ ਵੱਲੋਂ  ਫਰੀ ਮੈਡੀਕਲ ਅਤੇ ਅੱਖਾਂ ਦਾ ਚੈੱਕਅੱਪ ਕੈਂਪ ਲਗਾਉਣ ਦੇ ਕਾਰਜ ਦੀ ਸ਼ਲਾਘਾ ਕੀਤੀ। ਉਹਨਾਂ ਨੇ  ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਐਨ. ਆਰ. ਆਈ. ਦਾਨੀ ਸੱਜਣਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਲੋੜਵੰਦਾਂ ਨੂੰ ਮਿਆਰੀ ਇਲਾਜ ਸੇਵਾਵਾਂ ਫਰੀ ਮੈਡੀਕਲ ਕੈਪਾਂ ਰਾਹੀਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਸ. ਢਾਹਾਂ ਨੇ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਿਲਦੀਆਂ ਵੱਖ ਵੱਖ ਮੈਡੀਕਲ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ। ਸਮਾਜ ਸੇਵਕ ਮਨਧੀਰ ਸਿੰਘ ਚੱਠਾ ਨੇ ਕੈਂਪ ਨੂੰ ਸਫਲ ਕਰਨ ਲਈ ਦਿੱਤੇ ਭਰਪੂਰ ਸਹਿਯੋਗ ਦੇਣ ਲਈ ਸਮੂਹ ਸੰਗਤਾਂ ਦਾ, ਰੋਟਰੀ ਕਲੱਬ ਬੰਗਾ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਧੰਨਵਾਦ ਕੀਤਾ।  ਇਸ ਮੌਕੇ ਪ੍ਰਵੀਨ ਕੁਮਾਰ ਪ੍ਰਧਾਨ ਰੋਟਰੀ ਕਲੱਬ ਬੰਗਾ ਨੇ ਕਿਹਾ ਕਿ ਕਲੱਬ ਵੱਲੋ ਸਮਾਜ ਸੇਵਕ ਮਨਧੀਰ ਸਿੰਘ ਚੱਠਾ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਸਹਿਯੋਗ ਨਾਲ ਇਲਾਕੇ ਵਿਚ ਹੋਰ ਵੀ ਫਰੀ ਮੈਡੀਕਲ ਕੈਂਪ ਲਗਾਏ ਜਾਣਗੇ।
ਅੱਖਾਂ ਦੇ ਫਰੀ ਚੈੱਕਐਪ ਕੈਂਪ ਅਤੇ ਫਰੀ ਮੈਡੀਕਲ ਚੈੱਕਅੱਪ ਕੈਂਪ ਵਿਚ ਡਾ. ਟੀ. ਅਗਰਵਾਲ, ਡਾ. ਕੁਲਦੀਪ ਸਿੰਘ, ਡਾ.ਹਰਜਿੰਦਰ ਸਿੰਘ ਕਮਾਮ ਅਤੇ ਅਪਥੈਲਮਿਕ ਅਫਸਰ ਦਲਜੀਤ ਕੌਰ ਵੱਲੋਂ ਕੈਂਪ ਵਿਚ ਆਏ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ। ਕੈਂਪ ਮਰੀਜ਼ਾਂ ਨੂੰ ਫਰੀ ਦਵਾਈਆਂ ਅਤੇ ਫਰੀ ਐਨਕਾਂ ਪ੍ਰਦਾਨ ਕੀਤੀਆਂ । ਮਰੀਜ਼ਾਂ ਦੇ ਸ਼ੂਗਰ ਟੈਸਟ ਵੀ ਹਸਪਤਾਲ ਦੇ ਲੈਬ ਕਰਮਚਾਰੀਆਂ ਵੱਲੋਂ ਕੀਤੇ ਗਏ । ਕੈਂਪ ਵਿਚ ਮਰੀਜ਼ਾਂ ਦੀ ਸਾਂਭ ਸੰਭਾਲ ਲਈ ਲੈਫ: ਕਰਨਲ (ਰ) ਸ਼ਰਨਜੀਤ ਸਿੰਘ ਵਾਈਸ ਪ੍ਰਧਾਨ ਰੋਟਰੀ ਕਲੱਬ ਬੰਗਾ, ਸੁਰਿੰਦਰ ਸਿੰਘ ਢੀਂਡਸਾ ਸਾਬਕਾ ਪ੍ਰਧਾਨ, ਸੁਰਜੀਤ ਸਿੰਘ ਬੀਸਲਾ, ਮਾਸਟਰ ਅਜੀਤ ਸਿੰਘ, ਰਾਜਾ ਸ਼ੇਰਗਿੱਲ, ਰਾਜਵਿੰਦਰ ਸਿੰਘ, ਬਲਵੀਰ ਸਿੰਘ, ਪਰਮਜੀਤ ਸਿੰਘ, ਸੁਖਵੀਰ ਸਿੰਘ ਥਾਂਦੀ, ਜਤਿੰਦਰ ਸਿੰਘ ਸੋਨੂੰ ਅਤੇ ਇਲਾਕਾ ਨਿਵਾਸੀ ਪਤਵੰਤੇ ਵੀ ਕੈਂਪ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਹਾਜ਼ਰ ਸਨ। ਇਸ ਮੌਕੇ ਗੁਰੂ ਲੰਗਰ ਵੀ ਅਤੁੱਟ ਵਰਤਾਇਆ ਗਿਆ ।
ਫੋਟੋ : ਗੁਰਦੁਆਰਾ ਸ੍ਰੀ ਸਰੋਵਰ ਸਾਹਿਬ ਸ੍ਰੀ ਨਾਭ ਕਵੰਲ ਰਾਜਾ ਸਾਹਿਬ ਜੀ, ਪਿੰਡ ਗੁਣਾਚੌਰ ਵਿਖੇ ਫਰੀ ਮੈਡੀਕਲ ਚੈੱਕਅੱਪ ਕੈਂਪ ਦਾ ਉਦਘਾਟਨ ਕਰਦੇ ਹੋਏ ਸ. ਕੁਲਵਿੰਦਰ ਸਿੰਘ ਢਾਹਾਂ ਨਾਲ ਸਹਿਯੋਗ ਦੇ ਰਹੇ ਹਨ ਮਨਧੀਰ ਸਿੰਘ ਚੱਠਾ ਅਤੇ ਹੋਰ ਪਤਵੰਤੇ
 

Monday, 9 March 2026

ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੀ ਐਮ.ਐਸ.ਸੀ. ਦੀ ਵਿਦਿਆਰਥਣ ਕਸ਼ਿਸ਼ ਦੂਬੇ ਨੇ ਤਿੰਨ-ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਪੋਸਟਰ ਮੁਕਾਬਲੇ ਵਿੱਚ ਤੀਜਾ ਇਨਾਮ ਜਿੱਤਿਆ

ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੀ ਐਮ.ਐਸ.ਸੀ. ਦੀ ਵਿਦਿਆਰਥਣ ਕਸ਼ਿਸ਼ ਦੂਬੇ ਨੇ ਤਿੰਨ-ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਪੋਸਟਰ ਮੁਕਾਬਲੇ ਵਿੱਚ ਤੀਜਾ ਇਨਾਮ ਜਿੱਤਿਆ

ਬੰਗਾ 09 ਮਾਰਚ () ਪੈਰਾਮੈਡੀਕਲ ਸਿੱਖਿਆ ਦੇ ਖੇਤਰ ਦੀ ਨਾਮੀ ਸੰਸਥਾ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ  ਢਾਹਾਂ ਕਲੇਰਾਂ ਦੀ ਐਮ.ਐਸ.ਸੀ. (ਮੈਡੀਕਲ ਮਾਈਕ੍ਰੋਬਾਇਓਲੋਜੀ) ਦੀ ਵਿਦਿਆਰਥਣ ਕਸ਼ਿਸ਼ ਦੂਬੇ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਬੀਤੇ ਦਿਨੀਂ ਹੋਈ ਤਿੰਨ-ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਹੋਏ ਪੋਸਟਰ ਮੁਕਾਬਲੇ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ। ਇਸ ਜੇਤੂ ਵਿਦਿਆਰਥਣ ਦਾ ਵਿਸ਼ੇਸ਼ ਸਨਮਾਨ ਕਾਲਜ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ, ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਟਰੱਸਟ ਦਫਤਰ ਵਿਖੇ ਕਰਦੇ ਹੋਏ  ਕਸ਼ਿਸ਼ ਦੂਬੇ, ਉਸ ਦੇ ਮਾਪਿਆਂ ਅਤੇ ਕਾਲਜ ਅਧਿਆਪਕਾਂ ਨੂੰ  ਉਸ ਦੀ ਸ਼ਾਨਦਾਰ ਪ੍ਰਾਪਤੀ ਅਤੇ ਅੰਤਰਰਾਸ਼ਟਰੀ ਅਕਾਦਮਿਕ ਪਲੇਟਫਾਰਮ 'ਤੇ ਕਾਲਜ ਵੱਲੋਂ ਨੁਮਾਇੰਦਗੀ ਕਰਨ ਲਈ ਵਧਾਈਆਂ ਦਿੱਤੀਆਂ। ਸ. ਢਾਹਾਂ ਨੇ ਕਿਹਾ ਕਿ ਇਸ ਕਾਨਫਰੰਸ ਵਿਚ ਹਿੱਸਾ ਲੈਣ ਨਾਲ ਪੈਰਾਮੈਡੀਕਲ ਵਿਦਿਆਰਥੀਆਂ ਨੂੰ ਵਿਗਿਆਨਕ ਖੋਜ ਕਾਰਜਾਂ ਦੀ ਨਵੀਆਂ ਤਕਨੀਕਾਂ ਸਿੱਖਣ ਦਾ ਮੌਕਾ ਮਿਲਦਾ ਹੈ, ਜਿਸ ਨਾਲ ਉਹ ਆਪਣੀ ਪੜ੍ਹਾਈ ਦੇ ਵਿਸ਼ੇ ਵਿਚ ਆਧੁਨਿਕ ਤਰੀਕੇ ਨਾਲ ਖੋਜ ਕਾਰਜ ਕਰਨ ਦੇ ਨਵੇਂ ਮੌਕੇ ਮਿਲਦੇ ਹਨ । ਉਹਨਾਂ ਨੇ ਵਿਦਿਆਰਥਣ ਕਸ਼ਿਸ਼ ਦੂਬੇ ਵੱਲੋਂ ਅਧਿਆਪਕਾਂ ਦੇ ਸਿਖਾਏ ਰਸਤੇ 'ਤੇ ਚੱਲਦੇ ਹੋਏ ਕੀਤੇ ਉੱਦਮਾਂ ਦੀ ਸ਼ਲਾਘਾ ਕਰਦੇ ਹੋਏ ਸਮੂਹ ਕਾਲਜ ਵਿਦਿਆਰਥੀਆਂ ਨੂੰ ਖੋਜ-ਅਧਾਰਿਤ ਅਕਾਦਮਿਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਵੀ ਪ੍ਰੇਰਿਤ ਕੀਤਾ।
         ਰਾਜਦੀਪ ਥਿਦਵਾਰ ਵਾਈਸ ਪ੍ਰਿੰਸੀਪਲ ਨੇ ਦੱਸਿਆ ਕਿ ਇੰਟਰਨੈਸ਼ਨਲ ਪੱਧਰ ਦੀ ਇਹ ਕਾਨਫਰੰਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਆਯੋਜਿਤ ਹੋਈ ਸੀ, ਜਿਸ ਵਿੱਚ ਖੋਜਕਰਤਾਵਾਂ, ਅਧਿਆਪਕਾਂ ਅਤੇ ਵੱਖ-ਵੱਖ ਪੈਰਾ ਮੈਡੀਕਲ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਮਾਈਕ੍ਰੋਬਾਇਓਲੌਜੀ ਅਤੇ ਥੈਰੇਪੀਓਟਿਕਸ ਖੇਤਰ ਵਿਚ ਵਿਸ਼ਵ ਪੱਧਰ 'ਤੇ ਹੋਈਆਂ ਨਵੀਆਂ ਖੋਜਾਂ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ ।  ਇਸ ਮੌਕੇ ਕਾਲਜ ਦੀ ਕਲਾਸ ਐਮ.ਐਸ.ਸੀ. ਮੈਡੀਕਲ ਮਾਈਕ੍ਰੋਬਾਇਓਲੋਜੀ ਦੀ ਵਿਦਿਆਰਥਣ ਕਸ਼ਿਸ਼ ਦੂਬੇ ਨੇ "ਮਾਡੂਲੇਸ਼ਨ ਆਫ ਗਟ ਮਾਈਕਰੋਬਾਇਉਟਾ ਬਾਈ ਕੋਰਡੀਸੈਪਸ ਮਿਲਿਟਰੀਸ : ਏਵੀਡੈਂਸ ਆਫ ਪ੍ਰੀਬਾਇਓਟਿਕ ਪੁਟੈਂਸ਼ੀਅਲ" ਵਿਸ਼ੇ  ਤੇ  ਖੋਜ ਪੋਸਟਰ ਦੀ ਪੇਸ਼ਕਾਰੀ ਕੀਤੀ ਸੀ । ਜਿਸ ਵਿਚ ਉਸ ਨੇ ਖੋਜ ਕੀਤੀ ਕਿ ਅੰਤੜੀਆਂ ਦੇ ਮਾਈਕ੍ਰੋਬਾਇਓਲ ਨੂੰ ਸੰਤੁਲਨ ਰੱਖਦੇ ਹੋਏ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਲਾਭ ਮਿਲ ਸਕੇਗਾ ।
         ਢਾਹਾਂ ਕਲੇਰਾਂ ਵਿਖੇ ਵਿਦਿਆਰਥੀ ਕਸ਼ਿਸ਼ ਦੂਬੇ ਦਾ ਸਨਮਾਨ ਕਰਨ ਮੌਕੇ ਜਗਜੀਤ ਸਿੰਘ ਸੋਢੀ ਮੀਤ ਸਕੱਤਰ ਟਰੱਸਟ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਪਿਯੂਸ਼ੀ ਯਾਦਵ ਸਹਾਇਕ ਪ੍ਰੋਫੈਸਰ ਤੇ ਮੁਖੀ , ਡਾ. ਰਾਹੁਲ ਵਰਮੂਟਾ ਸਹਾਇਕ ਪ੍ਰੋਫੈਸਰ, ਰਮਨ ਕੁਮਾਰ, ਇੰਦੂ ਬਾਲਾ ਅਤੇ ਸ਼ਿਵਾਨੀ ਵੀ ਹਾਜ਼ਰ ਸਨ।  
ਤਸਵੀਰ :  ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੀ ਵਿਦਿਆਰਥਣ ਕਸ਼ਿਸ਼ ਦੂਬੇ ਦਾ ਸਨਮਾਨ ਕਰਦੇ ਹੋਏ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਅਤੇ ਜਗਜੀਤ ਸਿੰਘ ਸੋਢੀ ਮੀਤ ਸਕੱਤਰ

Thursday, 5 March 2026

ਢਾਹਾਂ ਪ੍ਰਾਈਜ਼ ਵੱਲੋਂ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਲਈ ਪੰਜਾਬੀ ਕਹਾਣੀ ਮੁਕਾਬਲੇ ਵਾਲਾ ਢਾਹਾਂ ਪ੍ਰਾਈਜ਼ ਯੁਵਾ ਅਵਾਰਡ ਆਰੰਭ ਕਰਨ ਦਾ ਐਲਾਨ

ਢਾਹਾਂ ਪ੍ਰਾਈਜ਼ ਵੱਲੋਂ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਲਈ ਪੰਜਾਬੀ ਕਹਾਣੀ ਮੁਕਾਬਲੇ ਵਾਲਾ ਢਾਹਾਂ ਪ੍ਰਾਈਜ਼ ਯੁਵਾ ਅਵਾਰਡ ਆਰੰਭ ਕਰਨ ਦਾ ਐਲਾਨ
ਬੰਗਾ 05 ਮਾਰਚ () ਵਿਸ਼ਵ ਪ੍ਰਸਿੱਧੀ ਵਾਲੇ ਢਾਹਾਂ ਪ੍ਰਾਈਜ਼ ਵੱਲੋਂ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ 10+1 ਅਤੇ 10+2 ਦੇ ਵਿਦਿਆਰਥੀਆਂ ਲਈ ਪੰਜਾਬੀ ਕਹਾਣੀ ਮੁਕਾਬਲੇ ਦਾ ਢਾਹਾਂ ਪ੍ਰਾਈਜ਼ ਯੁਵਾ ਅਵਾਰਡ ਆਰੰਭ ਕੀਤਾ ਜਾਵੇਗਾ । ਇਸ ਦਾ ਐਲਾਨ ਉਕਤ ਇਨਾਮ ਦੇ ਬਾਨੀ ਬਰਜਿੰਦਰ ਸਿੰਘ ਢਾਹਾਂ ਨੇ ਸਕੂਲ ਵਿਖੇ ਹੋਏ ਵਿਸ਼ੇਸ਼ ਸਮਾਗਮ ਦੌਰਾਨ ਕੀਤਾ । ਸ. ਢਾਹਾਂ ਨੇ ਦੱਸਿਆ ਕਿ ਕੈਨੇਡਾ ਵਿਚ ਨਵੀਂ ਪੀੜ੍ਹੀ ਅੰਦਰ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ, ਪਸਾਰ ਅਤੇ ਪੰਜਾਬੀ ਭਾਸ਼ਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਪੰਜਾਬੀ ਕਹਾਣੀਆਂ ਲਿਖਣ ਦੀ ਰੁਚੀ ਕਾਇਮ ਕਰਨ ਲਈ  ਬੀ.ਸੀ. ਕੈਨੇਡਾ ਦੇ ਸੈਕੰਡਰੀ ਸਕੂਲਾਂ ਵਿਚ ਪੰਜਾਬੀ ਵਿਚ ਮੌਲਿਕ ਕਹਾਣੀ ਲਿਖਣ ਦਾ ਮੁਕਾਬਲਾ ਢਾਹਾਂ ਪ੍ਰਾਈਜ਼ ਵੱਲੋਂ ਸਾਲ 2017 ਵਿਚ ਢਾਹਾਂ ਪ੍ਰਾਈਜ਼ ਯੁਵਾ ਅਵਾਰਡ ਦੇ ਨਾਮ ਹੇਠਾਂ ਆਰੰਭ ਕੀਤਾ ਗਿਆ । ਜੋ  ਕੈਨੇਡਾ ਦੇ ਅਨੇਕਾਂ ਸਕੂਲਾਂ ਵਿਚ ਵਿਦਿਆਰਥੀਆਂ ਲਈ ਪੰਜਾਬੀ ਕਹਾਣੀ ਲਿਖਣ ਦਾ ਪ੍ਰੇਰਣਾ ਸਰੋਤ ਬਣ ਚੁੱਕਾ ਹੈ । ਜਿਸ ਨਾਲ ਸਕੂਲ ਵਿਦਿਆਰਥੀਆਂ ਵਿਚ ਪੰਜਾਬੀ ਸਾਹਿਤ ਪੜ੍ਹਨ ਅਤੇ ਲਿਖਣ ਦਾ ਉਤਸ਼ਾਹ ਪੈਦਾ ਹੋ ਰਿਹਾ ਹੈ । ਉਹਨਾਂ ਕਿਹਾ ਕਿ ਪੰਜਾਬ ਵਿਚ ਵੀ ਨਵੀਂ ਪੀੜ੍ਹੀ ਨੂੰ ਮਾਂ-ਬੋਲੀ ਪੰਜਾਬੀ ਨਾਲ ਜੋੜਨ ਦੇ ਉਦੇਸ਼ ਨਾਲ ਇਸ ਸਾਲ 2026 ਤੋਂ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀਆਂ ਜਮਾਤਾਂ 10+1 ਅਤੇ 10+2 ਦੇ ਵਿਦਿਆਰਥੀਆਂ ਲਈ ਇਹ ਕਹਾਣੀ ਮੁਕਾਬਲਾ ਆਰੰਭ ਕੀਤਾ ਜਾ ਰਿਹਾ ਹੈ । ਜਿਸ ਵਿਚ  8 ਜੇਤੂ ਕਹਾਣੀਆਂ ਦੇ ਲੇਖਕ ਵਿਦਿਆਰਥੀਆਂ ਨੂੰ ਪੰਜ-ਪੰਜ ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ ।  ਬਰਜਿੰਦਰ ਸਿੰਘ ਢਾਹਾਂ ਨੇ ਆਸ ਪ੍ਰਗਟਾਈ ਕਿ ਭਵਿੱਖ ਵਿਚ ਇਹਨਾਂ ਯੁਵਾ ਲੇਖਕਾਂ ਵਿੱਚੋ ਨਵੇਂ ਪੰਜਾਬੀ ਕਹਾਣੀਕਾਰ, ਨਾਵਲਕਾਰ, ਵਿਦਵਾਨ, ਆਲੋਚਕ, ਪੱਤਰਕਾਰ ਪੈਦਾ ਹੋਣਗੇ, ਜੋ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ-ਪਸਾਰ ਨੂੰ ਹੋਰ ਵੀ ਅੱਗੇ ਲਿਜਾਣ ਵਿੱਚ ਨਵੇਂ ਮੁਕਾਮ ਹਾਸਲ ਕਰਨਗੇ ।
     ਇਸ ਮੌਕੇ ਢਾਹਾਂ ਪ੍ਰਾਈਜ਼ ਦੀ ਪ੍ਰਬੰਧਕ ਹਰਿੰਦਰ ਕੌਰ ਢਾਹਾਂ ਨੇ ਸੰਬੋਧਨ ਕਰਦੇ ਦੱਸਿਆ ਕਿ ਇਸ ਮੁਕਾਬਲੇ ਦੇ ਵਿਦਿਆਰਥੀ ਲੇਖਕਾਂ ਦੀਆਂ ਜੇਤੂ ਕਹਾਣੀਆਂ ਦੀ ਇੱਕ ਕਿਤਾਬ ''ਵੱਡੀਆਂ ਪੁਲਾਂਘਾਂ'' ਦੇ ਨਾਮ ਹੇਠ ਪ੍ਰਕਾਸ਼ਿਤ ਕੀਤੀ ਜਾਵੇਗੀ,  ਜੋ  ਸਾਰੇ ਪਾਠਕਾਂ ਦੇ ਲਈ ਵੀ ਉਪਲੱਬਧ ਹੋਵੇਗੀ । ਉਹਨਾਂ ਨੇ ਢਾਹਾਂ ਪ੍ਰਾਈਜ਼ ਯੁਵਾ ਅਵਾਰਡ ਵਿਚ ਭਾਗ ਲੈਣ ਦੇ ਨਿਯਮਾਂ ਸਬੰਧੀ ਵੀ ਜਾਣਕਾਰੀ ਦਿੱਤੀ । ਡਾਇਰੈਕਟਰ ਸਿੱਖਿਆ ਪ੍ਰੋ: ਹਰਬੰਸ ਸਿੰਘ ਬੋਲੀਨਾ ਅਤੇ ਪ੍ਰਿੰਸੀਪਲ ਵਨੀਤਾ ਚੋਟ ਨੇ ਸਕੂਲ ਵਿਦਿਆਰਥੀਆਂ ਲਈ ਢਾਹਾਂ ਪ੍ਰਾਈਜ਼ ਯੁਵਾ ਅਵਾਰਡ ਆਰੰਭ ਕਰਨ ਲਈ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਇਸ ਸਕੂਲ ਦੇ ਵਿਦਿਆਰਥੀ ਵਧੀਆ ਕਹਾਣੀਕਾਰ ਬਣ ਕੇ ਸੰਸਾਰ ਵਿਚ ਮਾਂ-ਬੋਲੀ ਪੰਜਾਬੀ ਦਾ ਨਾਮ ਬੁਲੰਦ ਕਰਨਗੇ । ਸਟੇਜ ਸੰਚਾਲਨ ਪਰਮਜੀਤ ਕੌਰ ਪੰਜਾਬੀ ਅਧਿਆਪਕ ਵੱਲੋਂ ਕੀਤਾ ਗਿਆ।  ਇਸ ਮੌਕੇ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ, ਮਨਵੀਰ ਕੌਰ ਢਾਹਾਂ ਕੁਆਰਡੀਨੇਟਰ ਢਾਹਾਂ ਪ੍ਰਾਈਜ਼ ਯੁਵਾ ਅਵਾਰਡ,  ਮਨਜੀਤ ਕੌਰ, ਮਨੀ, ਸੰਦੀਪ ਕੌਰ ਤੇ ਵਿਜੈ ਕੁਮਾਰ (ਸਾਰੇ ਪੰਜਾਬੀ ਅਧਿਆਪਕ) ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ ।
ਤਸਵੀਰ : ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਪੰਜਾਬੀ ਅਧਿਆਪਕਾਂ ਨੂੰ ਪੁਸਤਕ ਭੇਟ ਕਰਦੇ ਹੋਏ ਹਰਿੰਦਰ ਕੌਰ ਢਾਹਾਂ ਨਾਲ ਸਹਿਯੋਗ ਕਰ ਰਹੇ ਹਨ ਬਰਜਿੰਦਰ ਸਿੰਘ ਢਾਹਾਂ, ਕੁਲਵਿੰਦਰ ਸਿੰਘ ਢਾਹਾਂ, ਮਨਵੀਰ ਕੌਰ ਢਾਹਾਂ